ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਬਦਲਿਆ ਹੋਇਆ ਮਨੁੱਖ

ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ ਸਿਰਹਾਣੇ ਬੈਠੀਆਂ ਚਿੰਤਾ ਵਿੱਚ ਡੁੱਬੀਆਂ ਰਹੀਆਂ। ਡੱਬੋ ਬੋਲੀ, ‘‘ਪਤਾ ਨਹੀਂ ਇਸ ਨੇ ਅਜਿਹਾ ਕੀ ਖਾ ਲਿਆ ਕਿ ਦਰਦ ਨਾਲ ਲੋਟ ਪੋਟਣੀਆਂ...
Advertisement

ਸ਼ਾਮੀਂ ਜਦੋਂ ਦਾ ਕਾਲੂ ਬਲੂੰਗੜਾ ਘਰ ਵੜਿਆ, ਸਾਰੀ ਰਾਤ ਦਰਦ ਨਾਲ ਤੜਫ਼ਦਾ ਰਿਹਾ। ਡੱਬੋ ਤੇ ਹਰਖੋ ਬਿੱਲੀਆਂ ਉਸ ਦੇ ਸਿਰਹਾਣੇ ਬੈਠੀਆਂ ਚਿੰਤਾ ਵਿੱਚ ਡੁੱਬੀਆਂ ਰਹੀਆਂ। ਡੱਬੋ ਬੋਲੀ, ‘‘ਪਤਾ ਨਹੀਂ ਇਸ ਨੇ ਅਜਿਹਾ ਕੀ ਖਾ ਲਿਆ ਕਿ ਦਰਦ ਨਾਲ ਲੋਟ ਪੋਟਣੀਆਂ ਖਾਈ ਜਾਂਦੈ।”

“ਭੈਣੇ ਅੱਜਕੱਲ੍ਹ ਲੋਕ ਕੂੜੇ ਵਿੱਚ ਜਿਹੜਾ ਗੰਦ ਮੰਦ ਸੁੱਟਦੇ ਨੇ, ਸਾਡੇ ਜੁਆਕ ਉਸ ਕੂੜੇ ਨੂੰ ਮੂੰਹ ਮਾਰਨ ਲੱਗ ਪੈਂਦੇ ਨੇ।”

Advertisement

‘‘ਕਾਲੂ ਸਵੇਰੇ ਪਲਾਸਟਿਕ ਦਾ ਪੂਰਾ ਲਿਫ਼ਾਫ਼ਾ ਚੱਬ ਕੇ ਅੰਦਰ ਲੰਘਾ ਗਿਆ ਸੀ। ਪਰਸੋਂ ਕੀੜੇਮਾਰ ਦਵਾਈ ਦਾ ਖਾਲੀ ਡੱਬਾ ਦੰਦਾਂ ਨਾਲ ਕੁਤਰਨ ਲੱਗਾ ਹੋਇਆ ਸੀ।” ਚੰਦ ਚਾਚੇ ਨੇ ਦੱਸਿਆ।

“ਹਾਏ ਨੀਂ! ਇਹ ਤਾਂ ਮੂੰਹ ਵੀ ਨਹੀਂ ਖੋਲ੍ਹਦਾ, ਡੱਬੋ ਕੋਈ ਚਮਚਾ ਨਹੀਂ ਐਥੇ, ਦੇਖ ਤਾਂ ਇਸ ਦੇ ਤਾਂ ਦੰਦ ਵੀ ਜੁੜੇ ਪਏ ਨੇ।” ਹਰਖੋ ਬੋਲੀ।

ਡੱਬੋ ਰੋਣ ਲੱਗੀ, ‘‘ਇਹਦੇ ਨਾਲੋਂ ਤਾਂ ਤੂੰ ਬਾਕੀਆਂ ਵਾਂਗ ਪਹਿਲਾਂ ਹੀ ਮਰ ਮੁੱਕ ਜਾਂਦਾ। ਆਹ ਦਿਨ ਦਿਖਾਉਣਾ ਸੀ ਤੂੰ ਮੈਨੂੰ?”

“ਸ਼ੁਭ ਸ਼ੁਭ ਬੋਲ, ਕਾਲੂ ਨੂੰ ਕੁਝ ਨਹੀਂ ਹੁੰਦਾ।” ਹਰਖੋ ਨੇ ਡੱਬੋ ਨੂੰ ਵਰਜਿਆ। ਹਰਖੋ ਨੇ ਆਪਣੇ ਪਹੁੰਚੇ ਨਾਲ ਉਸ ਦੇ ਦੰਦ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਬਲੂੰਗੜਾ ਚਿੰਗਮ ਚੱਬ ਗਿਆ ਸੀ। ਚਿੰਗਮ ਉਸ ਦੇ ਦੰਦਾਂ ਨੂੰ ਚਿਪਕ ਗਈ ਸੀ। ਅੱਜ ਸਾਰਾ ਦਿਨ ਉਸ ਨੇ ਦੁੱਧ ਵੀ ਨਹੀਂ ਸੀ ਪੀਤਾ। ਡੱਬੋ ਚੰਦ ਚਾਚੇ ਕੋਲ ਗਈ, ਇਸ਼ਾਰੇ ਨਾਲ ਉਸ ਨੂੰ ਆਪਣੇ ਨਾਲ ਲੈ ਆਈ। ਚੰਦ ਚਾਚੇ ਨੇ ਜਦੋਂ ਕਾਲੂ ਦੀ ਮਾੜੀ ਹਾਲਤ ਦੇਖੀ ਤਾਂ ਉਹ ਝੱਟ ਸਮਝ ਗਿਆ, ‘‘ਇਹ ਸਭ ਪਲਾਸਟਿਕ ਚੱਬਣ ਕਰਕੇ ਹੋਇਆ ਹੈ।”

“ਚਾਚਾ ਇਸ ਦਾ ਤਾਂ ਮੂੰਹ ਵੀ ਨਹੀਂ ਖੁੱਲ੍ਹਦਾ।” ਡੱਬੋ ਨੇ ਇਸ਼ਾਰੇ ਨਾਲ ਤਰਲਾ ਕੀਤਾ। ਚੰਦ ਚਾਚੇ ਨੇ ਕੋਸ਼ਿਸ਼ ਕਰਕੇ ਉਸ ਦਾ ਮੂੰਹ ਖੋਲ੍ਹਿਆ। ਦੁੱਧ ਪਿਆਇਆ, ਪਰ ਉਸ ਨੇ ਝੱਟ ਉਲਟੀ ਕਰ ਦਿੱਤੀ। ਚੰਦ ਚਾਚੇ ਨੇ ਡਾਕਟਰ ਨੂੰ ਫੋਨ ਮਿਲਾਇਆ।

ਡਾਕਟਰ ਨੇ ਕਿਹਾ, “ਇਸ ਨੂੰ ਤਰਲ ਪਦਾਰਥ ਪਿਲਾਈ ਜਾਓ। ਉਲਟੀ ਕਰੀ ਜਾਊ, ਪਲਾਸਟਿਕ ਬਾਹਰ ਨਿਕਲ ਜਾਵੇਗਾ। ਜੇ ਅੰਦਰ ਰਹਿ ਗਿਆ ਤਾਂ ਪਲਾਸਟਿਕ ਇਸ ਦੀ ਮੌਤ ਦਾ ਕਾਰਨ ਵੀ ਬਣ ਸਕਦਾ।”

ਚੰਦ ਚਾਚੇ ਨੇ ਦੁੱਧ ਦਾ ਡੋਲੂ ਕੋਲ ਰੱਖ ਲਿਆ। ਉਹ ਕਾਲੂ ਨੂੰ ਦੁੱਧ ਪਿਲਾਈ ਗਿਆ। ਦੁੱਧ ਪੀਕੇ ਬਲੂੰਗੜਾ ਝੱਟ ਉਲਟੀ ਕਰ ਦਿੰਦਾ। ਹੌਲੀ ਹੌਲੀ ਚੱਬਿਆ ਪਲਾਸਟਿਕ ਬਾਹਰ ਨਿਕਲ ਗਿਆ। ਪੇਟ ਸਾਫ਼ ਹੋਣ ਨਾਲ ਕਾਲੂ ਨੌਂ ਬਰ ਨੌਂ ਹੋ ਗਿਆ। ਡੱਬੋ ਅਤੇ ਹਰਖੋ ਦੇ ਸਾਹ ਵਿੱਚ ਸਾਹ ਆਏ। ਚੰਦ ਚਾਚੇ ਨੇ ਚਿਹਰੇ ਦਾ ਪਸੀਨਾ ਪਰਨੇ ਨਾਲ ਪੂੰਝਿਆ। ਬੋਲਿਆ, ‘‘ਧਰਤੀ ’ਤੇ ਮਨੁੱਖਾਂ ਨੇ ਜਨੌਰਾਂ ਤੋਂ ਵੀ ਵੱਧ ਗੰਦ ਪਾਇਆ ਹੋਇਆ ਹੈ। ਜਾਨਵਰ ਇਨਸਾਨਾਂ ਦਾ ਬਚਿਆ ਖੁਚਿਆ ਰੋਟੀ ਟੁੱਕ ਚਿਰ ਤੋਂ ਖਾਂਦੇ ਆਏ ਹਨ, ਪਰ ਆਉਣ ਵਾਲਾ ਸਮਾਂ ਖ਼ਤਰੇ ਦੀ ਘੰਟੀ ਵਜਾ ਰਿਹਾ ਹੈ, ਜਨੌਰੋ! ਹੁਣ ਮਨੁੱਖ ਦਾ ਬਚਿਆ ਖੁਚਿਆ ਖਾਣਾ ਛੱਡ ਦਿਓ। ਜੇ ਤੁਸੀਂ ਮੇਰੀ ਗੱਲ ’ਤੇ ਅਮਲ ਨਾ ਕੀਤਾ ਤਾਂ ਤੁਹਾਨੂੰ ਮੌਤ ਦੇ ਮੂੰਹ ਵਿੱਚ ਜਾਣ ਤੋਂ ਕੋਈ ਨਹੀਂ ਰੋਕ ਸਕਦਾ।”

ਚੰਦ ਚਾਚੇ ਦੇ ਜੇਬ੍ਹ ਵਿੱਚ ਰੱਖੇ ਜੇਬ੍ਹੀ ਰੇਡੀਓ ’ਤੇ ਖ਼ਬਰ ਆ ਰਹੀ ਸੀ- ਇੱਕ ਵੇਲ੍ਹ ਮੱਛੀ ਦੇ ਪੇਟ ਵਿੱਚੋਂ ਦੱਸ ਕਿੱਲੋ ਪਲਾਸਟਿਕ ਦੀਆਂ ਬੋਤਲਾਂ ਅਤੇ ਹੋਰ ਨਿੱਕ ਸੁੱਕ ਨਿਕਲਿਆ ਹੈ। ਸਮੁੰਦਰ ਦੇ ਤੱਟ ’ਤੇ ਵਿਚਾਰੀ ਤੜਫ਼ਦੀ ਰਹੀ। ਆਖਰ ਵੇਲ੍ਹ ਮਰ ਗਈ। ਤੁਹਾਨੂੰ ਚੇਤੇ ਹੋਵੇਗਾ ਕਿ ਪਿਛਲੇ ਦਿਨਾਂ ਵਿੱਚ ਇੱਕ ਗਾਂ ਦੇ ਢਿੱਡ ਵਿੱਚੋਂ ਕਈ ਕਿੱਲੋ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ ਚੀਰ-ਫਾੜ ਦੌਰਾਨ ਡਾਕਟਰਾਂ ਨੇ ਕੱਢਿਆ ਸੀ।”

“ਆਹ ਕੁਝ ਕਰ ਰਿਹੈ ਬੰਦਾ, ਮੈਨੂੰ ਤਾਂ ਆਪਣੇ ਮਨੁੱਖ ਹੋਣ ’ਤੇ ਹੀ ਸ਼ਰਮ ਆ ਰਹੀ ਹੈ।” ਚੰਦ ਚਾਚੇ ਨੇ ਰੇਡੀਓ ਦੀ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਜਤਾਈ। ਚੰਦ ਚਾਚੇ ਦੇ ਪੀਲੇ ਪਏ ਮੂੰਹ ਨੂੰ ਦੇਖ ਕੇ ਹਰਖੋ, ਡੱਬੋ ਅਤੇ ਕਾਲੂ ਤਿੰਨੇ ਹੀ ਉਸ ਦੀਆਂ ਲੱਤਾਂ ਨੂੰ ਚਿੰਬੜ ਗਏ। ਤਿੰਨੇ ‘ਮਿਆਊਂ... ਮਿਆਊਂ’ ਕਰਨ ਲੱਗੇ।

ਚੰਦ ਚਾਚੇ ਦਾ ਮਨ ਪਿਘਲ ਗਿਆ। ਕਾਲੂ ਨੂੰ ਬੁੱਕਲ ਵਿੱਚ ਲੈਂਦਾ ਬੋਲਿਆ, ‘‘ਓਏ ਕਾਲੇ ਬਦਮਾਸ਼ਾ! ਤੂੰ ਬਾਹਰ ਕੂੜੇ ਨੂੰ ਘੱਟ ਮੂੰਹ ਮਾਰਿਆ ਕਰ। ਘਰੇ ਦੁੱਧ ਪੀਆ ਕਰ, ਮਾਂ ਨਾਲ ਖੇਤਾਂ ਵਿੱਚ ਜਾ ਕੇ ਸ਼ਿਕਾਰ ਮਾਰ ਲਿਆਇਆ ਕਰ। ਕੂੜੇ ਵਿੱਚ ਜ਼ਹਿਰਾਂ ਖਿੱਲਰੀਆਂ ਹੁੰਦੀਆਂ ਹਨ। ਇਨਸਾਨ ਕਬਰਾਂ ਦੇ ਰਾਹ ਤੁਰ ਪਿਐ। ਬੰਦਿਆਂ ਆਪ ਵੀ ਮਰਨਾ, ਜੀਵ ਜੰਤੂਆਂ ਨੂੰ ਵੀ ਮਾਰ ਮੁਕਾ ਦੇਣਾ। ਧਰਤੀ ਨੂੰ ਉਜਾੜਨ ਲੱਗਿਆ ਹੋਇਆ।”

ਚੰਦ ਚਾਚਾ ਤਾਂ ਉੱਥੋਂ ਉੱਠ ਕੇ ਚਲਾ ਗਿਆ, ਪਰ ਡੱਬੋ ਤੇ ਹਰਖੋ ਡੂੰਘੀ ਚਿੰਤਾ ਵਿੱਚ ਡੁੱਬ ਗਈਆਂ। ਡੱਬੋ ਬੋਲੀ, ‘‘ਚੰਦ ਚਾਚਾ ਐਨਾ ਨਿਰਾਸ਼ ਤਾਂ ਕਦੀ ਵੀ ਨਹੀਂ ਸੀ ਦੇਖਿਆ! ਉਹ ਤਾਂ ਮਜ਼ਬੂਤ ਇਨਸਾਨ ਹੈ।”

“ਜਿੱਥੇ ਅਸੀਂ ਸੁਰੱਖਿਅਤ ਨਹੀਂ। ਚੰਦ ਚਾਚਾ ਵੀ ਫ਼ਿਕਰ ਕਰਨ ਲੱਗਾ ਹੈ। ਸਾਨੂੰ ਇਹ ਗਲ਼ੀ ਛੱਡ ਦੇਣੀ ਚਾਹੀਦੀ ਹੈ।” ਹਰਖੋ ਸੋਚਦੀ ਹੋਈ ਬੋਲੀ। ਡੱਬੋ ਅਤੇ ਕਾਲੂ ਉਸ ਦੇ ਮੂੰਹ ਵੱਲ ਦੇਖ ਰਹੇ ਸਨ।

“ਗਲ਼ੀਆਂ ਤਾਂ ਸਾਰੀਆਂ ਹੀ ਇੱਕੋ ਜਿਹੀਆਂ ਨੇ।” ਚੰਦ ਚਾਚੇ ਦੀ ਦੂਰੋਂ ਆਵਾਜ਼ ਆਈ।

“ਕਿੱਥੇ ਜਾਵਾਂਗੇ ਆਪਾਂ?” ਕਾਲੂ ਬੋਲਿਆ।

“ਬਸਤੀ ਤੇਰੀ ਨਾਨੀ ਕੋਲ।” ਹਰਖੋ ਬੋਲੀ।

“ਉਹ ਤਾਂ ਉਸੇ ਦਿਨ ਬਥੇਰਾ ਜ਼ੋਰ ਪਾਉਂਦੀ ਸੀ ਕਿ ਬੇਵਕੂਫੋ! ਮਨੁੱਖ ਹੁਣ ਪਹਿਲਾਂ ਵਾਲਾ ਮਨੁੱਖ ਨਹੀਂ ਰਿਹਾ।’’

ਸੰਪਰਕ: 97806-67686

Advertisement
Show comments