ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

‘ਛਣਕਾਟੇ’ ਪਾਉਣ ਵਾਲਾ ਚਾਚਾ ਚਤਰਾ

ਰਜਵਿੰਦਰ ਪਾਲ ਸ਼ਰਮਾ ਆਪਣੀ ਅਦਾਕਾਰੀ ਅਤੇ ਕਾਮੇਡੀ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲਾ ਜਸਵਿੰਦਰ ਭੱਲਾ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ ਹੈ। ਆਲਮ ਇਹ ਹੈ ਕਿ ਉਸ ਦੇ ਤਕੀਆ ਕਲਾਮ ਪੰਜਾਬੀਆਂ ਦੀ ਗੱਲਬਾਤ ਵਿੱਚ ਸ਼ਾਮਲ ਹੋ ਚੁੱਕੇ ਹਨ। ਉਸ...
Advertisement

ਰਜਵਿੰਦਰ ਪਾਲ ਸ਼ਰਮਾ

ਆਪਣੀ ਅਦਾਕਾਰੀ ਅਤੇ ਕਾਮੇਡੀ ਨਾਲ ਦਰਸ਼ਕਾਂ ਦੇ ਢਿੱਡੀ ਪੀੜਾਂ ਪਾਉਣ ਵਾਲਾ ਜਸਵਿੰਦਰ ਭੱਲਾ ਕਿਸੇ ਜਾਣ ਪਛਾਣ ਦਾ ਮੁਥਾਜ਼ ਨਹੀਂ ਹੈ। ਆਲਮ ਇਹ ਹੈ ਕਿ ਉਸ ਦੇ ਤਕੀਆ ਕਲਾਮ ਪੰਜਾਬੀਆਂ ਦੀ ਗੱਲਬਾਤ ਵਿੱਚ ਸ਼ਾਮਲ ਹੋ ਚੁੱਕੇ ਹਨ। ਉਸ ਦੀ ਕਾਮੇਡੀ ਜਿੱਥੇ ਦਰਸ਼ਕਾਂ ਨੂੰ ਹਸਾਉਂਦੀ ਹੈ, ਉੱਥੇ ਸਮਾਜ ਨੂੰ ਸੇਧ ਵੀ ਦਿੰਦੀ ਹੈ।

Advertisement

ਪੰਜਾਬੀ ਫਿਲਮ ਜਗਤ ਵਿੱਚ ਆਪਣੀ ਕਾਮੇਡੀ ਨਾਲ ਰੰਗ ਭਰਨ ਵਾਲੇ ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਮਾਸਟਰ ਬਹਾਦਰ ਸਿੰਘ ਭੱਲਾ ਅਤੇ ਸਤਵੰਤ ਕੌਰ ਦੇ ਘਰ ਦੋਰਾਹਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਉਸ ਨੇ ਮੁੱਢਲੀ ਸਿੱਖਿਆ ਪਿੰਡ ਤੋਂ ਹੀ ਪ੍ਰਾਪਤ ਕੀਤੀ। ਉਚੇਰੀ ਸਿੱਖਿਆ ਲਈ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਪਹੁੰਚਿਆ ਜਿੱਥੇ ਉਸ ਨੇ ਬੀ.ਐੱਸਸੀ, ਐੱਮ.ਐੱਸਸੀ ਅਤੇ ਫਿਰ ਚੌਧਰੀ ਚਰਨ ਸਿੰਘ ਪੋਸਟਗ੍ਰੈਜੂਏਟ ਕਾਲਜ ਤੋਂ ਪੀਐੱਚਡੀ ਕੀਤੀ। ਉਸ ਨੇ ਖੇਤੀਬਾੜੀ ਵਿਭਾਗ ਵਿੱਚ ਬਤੌਰ ਕੁਝ ਸਮਾਂ ਏਡੀਓ ਕੰਮ ਕੀਤਾ ਅਤੇ ਫਿਰ 1989 ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਆ ਕੇ ਖੇਤੀਬਾੜੀ ਪ੍ਰਸਾਰ ਵਿਭਾਗ ਵਿੱਚ ਲੈਕਚਰਾਰ ਭਰਤੀ ਹੋਇਆ। ਉਹ 2020 ਵਿੱਚ ਇੱਥੋਂ ਵਿਭਾਗ ਦਾ ਮੁਖੀ ਬਣ ਕੇ ਸੇਵਾ ਮੁਕਤ ਹੋਇਆ।

ਥੀਏਟਰ ਵੱਲ ਉਸ ਦਾ ਰੁਝਾਨ ਮੁੱਢ ਤੋਂ ਹੀ ਸੀ। ਕਾਲਜ ਦੇ ਪ੍ਰੋਗਰਾਮ ਵਿੱਚ ਉਹ ਆਪਣੇ ਸਹਿਪਾਠੀ ਬਾਲ ਮੁਕੰਦ ਸ਼ਰਮਾ ਨਾਲ ਪ੍ਰੋਗਰਾਮ ਕਰਦਾ ਹੁੰਦਾ ਸੀ। ਇੱਥੋਂ ਸ਼ੁਰੂ ਹੋਇਆ ਸਿਲਸਿਲਾ ਅੱਜ ਉਸ ਨੂੰ ਇਸ ਮੁਕਾਮ ’ਤੇ ਲੈ ਆਇਆ ਹੈ। ਉਸ ਨੂੰ ਸਭ ਤੋਂ ਵੱਧ ਪ੍ਰਸਿੱਧੀ ‘ਛਣਕਾਟਾ’ ਵਿੱਚ ਨਿਭਾਏ ਚਾਚਾ ਚਤਰਾ ਦੇ ਕਿਰਦਾਰ ਕਰਕੇ ਮਿਲੀ ਜਿਸ ਵਿੱਚ ਬਾਲ ਮੁਕੰਦ ਸ਼ਰਮਾ ਅਤੇ ਨੀਲੂ ਵੀ ਉਸ ਦੇ ਨਾਲ ਸਨ। ‘ਛਣਕਾਟਾ’ ਵਿੱਚ ਉਸ ਦੀ ਅਦਾਕਾਰੀ ਇੰਨੀ ਪ੍ਰਸਿੱਧ ਹੋਈ ਕਿ ‘ਛਣਕਾਟਾ’ ਦੀਆਂ 1988 ਤੋਂ ਲੈ ਕੇ 2009 ਤੱਕ 27 ਐਲਬਮਾਂ ਰਿਲੀਜ਼ ਕੀਤੀਆਂ ਗਈਆਂ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ।

‘ਛਣਕਾਟਾ’ ਦੇ ਨਾਲ ਨਾਲ ਜਸਵਿੰਦਰ ਭੱਲਾ ਦਾ ਰੁਝਾਨ ਫਿਲਮਾਂ ਵੱਲ ਵੀ ਵਧਿਆ। ਉਸ ਦੀ ਸਭ ਤੋਂ ਪਹਿਲੀ ਫਿਲਮ 1998 ਵਿੱਚ ਆਈ ‘ਦੁੱਲਾ ਭੱਟੀ’ ਸੀ।

ਇਸ ਤੋਂ ਬਾਅਦ ਉਸ ਨੇ ਅਨੇਕਾਂ ਹਿੱਟ ਫਿਲਮਾਂ ਦਰਸ਼ਕਾਂ ਦੀ ਝੋਲੀ ਵਿੱਚ ਪਾਈਆਂ ਜਿਨ੍ਹਾਂ ਵਿੱਚ ‘ਮਾਹੌਲ ਠੀਕ ਹੈ’, ‘ਜੀਜਾ ਜੀ’, ‘ਚੱਕ ਦੇ ਫੱਟੇ’, ‘ਸਟੂਪਿਡ ਸੈਵਨ’, ‘ਜਿੰਨੇ ਜੰਮੇ ਸਾਰੇ ਨਿਕੰਮੇ’, ‘ਜੱਟ ਐਂਡ ਜੂਲੀਅਟ’, ‘ਕੈਰੀ ਆਨ ਜੱਟਾ’, ‘ਸਰਦਾਰ ਜੀ’, ‘ਮਿਸਟਰ ਐਂਡ ਮਿਸਿਜ਼ ਚਾਰ ਸੌ ਵੀਹ’, ‘ਵਿਸਾਖੀ ਲਿਸਟ’, ‘ਸ਼ਿੰਦਾ ਸ਼ਿੰਦਾ ਨੋ ਪਾਪਾ’ ਅਤੇ ਹਾਲ ਹੀ ਵਿੱਚ ਰਿਲੀਜ਼ ਹੋਈ ਫਿਲਮ ‘ਡੈਡੀ ਸਮਝਿਆ ਕਰੋ’ ਹਨ ਜੋ ਉਸ ਦੀ ਅਦਾਕਾਰੀ ਨੂੰ ਬਾਖ਼ੂਬੀ ਪੇਸ਼ ਕਰਦੀਆਂ ਹਨ।

ਦਰਸ਼ਕਾਂ ਦੇ ਦਿਲਾਂ ਵਿੱਚ ਉਸ ਨੇ ਇਸ ਕਦਰ ਆਪਣੀ ਜਗ੍ਹਾ ਬਣਾ ਲਈ ਹੈ ਕਿ ਹੁਣ ਦਰਸ਼ਕ ਉਸ ਦੀਆਂ ਫਿਲਮਾਂ ਨੂੰ ਬੇਸਬਰੀ ਨਾਲ ਉਡੀਕਦੇ ਹਨ। ਇਹੀ ਕਾਰਨ ਹੈ ਕਿ ਉਸ ਨੂੰ ਪੰਜਾਬੀ ਸਿਨੇਮਾ ਵਿੱਚ ਪਾਏ ਯੋਗਦਾਨ ਲਈ ਕਈ ਵੱਕਾਰੀ ਇਨਾਮਾਂ ਅਤੇ ਪੁਰਸਕਾਰਾਂ ਨਾਲ ਨਿਵਾਜਿਆ ਗਿਆ ਹੈ। ਇਨ੍ਹਾਂ ਵਿੱਚ ਰਾਜ ਯੂਥ ਐਵਾਰਡ 1988, ਮੁਹੰਮਦ ਰਫ਼ੀ ਐਵਾਰਡ 1990, ਬੈਸਟ ਕਾਮੇਡੀਅਨ ਐਵਾਰਡ 1991, ਪੰਜਾਬੀ ਕਾਮੇਡੀ ਐਵਾਰਡ 1993 ਅਤੇ ਫਿਲਮ ‘ਜੱਟ ਐਂਡ ਜੂਲੀਅਟ’ ਲਈ ਸਹਾਇਕ ਕਲਾਕਾਰ ਦਾ ਐਵਾਰਡ ਸ਼ਾਮਲ ਹਨ।

ਜ਼ਿੰਦਗੀ ਦੀ 64ਵੀਂ ਬਹਾਰ ਹੰਢਾ ਰਿਹਾ ਜਸਵਿੰਦਰ ਭੱਲਾ ਹੁਣ ਵੀ ਨੌਜਵਾਨਾਂ ਵਾਲਾ ਦਮ-ਖ਼ਮ ਰੱਖਦਾ ਹੈ। ਉਸ ਦੀਆਂ ਗੱਲਾਂ ਵਿੱਚੋਂ ਹਮੇਸ਼ਾ ਹਾਸਾ ਠੱਠਾ ਛਲਕਦਾ ਰਹਿੰਦਾ ਹੈ। ਫਿਲਮਾਂ ਵਿੱਚ ਉਸ ਦੁਆਰਾ ਬੋਲੇ ਜਾਂਦੇ ਤਕੀਆ ਕਲਾਮ ਦਰਸ਼ਕਾਂ ਦੀ ਆਮ ਗੱਲਬਾਤ ਵਿੱਚ ਸ਼ਾਮਲ ਹੋ ਗਏ ਹਨ। ਜਿਵੇਂ ਫਿਲਮ ‘ਕੈਰੀ ਆਨ ਜੱਟਾ’ ਵਿੱਚ ‘ਢਿੱਲੋਂ ਨੇ ਕਾਲਾ ਕੋਟ ਐਂਵੇ ਨੀਂ ਪਾਇਆ’, ‘ਗੰਦੀ ਔਲਾਦ ਨਾ ਮਜ਼ਾ ਨਾ ਸਵਾਦ।’ ਉਹ ਕੇਵਲ ਕਾਮੇਡੀ ਹੀ ਨਹੀਂ ਕਰਦਾ ਬਲਕਿ ਉਸ ਦੀਆਂ ਫਿਲਮਾਂ ਸਮਾਜ ਦੀ ਦਸ਼ਾ ਨੂੰ ਵੀ ਉਜਾਗਰ ਕਰਦੀਆਂ ਹਨ। ਸਮਾਜ ਵਿੱਚ ਫੈਲੀਆਂ ਕੁਰੀਤੀਆਂ ਨੂੰ ਨਿਸ਼ਾਨਾ ਬਣਾ ਕੇ ਉਹ ਸਮਾਜ ਨੂੰ ਜਾਗਰੂਕ ਕਰਦਾ ਹੈ।

ਕਾਮੇਡੀ ਤੇ ਅਦਾਕਾਰੀ ਦੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਉਹ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਵੀ ਬਾਖ਼ੂਬੀ ਨਿਭਾ ਰਿਹਾ ਹੈ। ਉਸ ਦਾ ਵਿਆਹ ਫਾਈਨ ਆਰਟਸ ਦੀ ਅਧਿਆਪਕ ਪਰਮਦੀਪ ਭੱਲਾ ਨਾਲ ਹੋਇਆ। ਜਿਨ੍ਹਾਂ ਦੇ ਘਰ ਦੋ ਬੱਚੇ ਹਨ: ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਪ੍ਰੀਤ ਭੱਲਾ। ਪੁਖਰਾਜ ਭੱਲਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੜ੍ਹਾਈ ਕਰਕੇ ਸਿਨੇਮਾ ਜਗਤ ਨਾਲ ਜੁੜ ਚੁੱਕਿਆ ਹੈ ਜੋ ਕਈ ਫਿਲਮਾਂ ਅਤੇ ਵੈੱਬ ਸੀਰੀਜ਼ ਵਿੱਚ ਨਜ਼ਰ ਆਇਆ ਹੈ। ਜਦੋਂਕਿ ਉਨ੍ਹਾਂ ਦੀ ਧੀ ਵਿਆਹ ਤੋਂ ਬਾਅਦ ਨਾਰਵੇ ਵਿੱਚ ਸੈੱਟ ਹੈ।

ਸੰਪਰਕ: 70873-67969

Advertisement
Tags :
Jaswinder Bhalla AtrticlepollywoodpunjabPunjab Film Industry