ਬੌਲੀਵੁੱਡ ਅਦਾਕਾਰਾ ਵੱਲੋਂ ਪਤੀ ’ਤੇ ਘਰੇਲੂ ਹਿੰਸਾ ਦਾ ਦੋਸ਼; ਮੁੰਬਈ ਅਦਾਲਤ ਵਿੱਚ ਅਰਜ਼ੀ ਦਾਇਰ
Celina Jaitly: ਮੁੰਬਈ ਵਿੱਚ ਇੱਕ ਬੌਲੀਵੁੱਡ ਅਦਾਕਾਰ ਨੇ ਸਥਾਨਕ ਅਦਾਲਤ ਵਿੱਚ ਆਪਣੇ ਪਤੀ ਖ਼ਿਲਾਫ਼ ਅਰਜ਼ੀ ਦਾਇਰ ਕਰਦਿਆਂ ਦੋਸ਼ ਲਾਇਆ ਹੈ ਕਿ ਉਸ ਨੂੰ ਗੰਭੀਰ ਭਾਵਨਾਤਮਕ, ਸਰੀਰਕ, ਜਿਨਸੀ ਅਤੇ ਜ਼ਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਇਹ ਅਰਜ਼ੀ ਅਦਾਕਾਰਾ ਸੇਲੀਨਾ ਜੇਟਲੀ ਵੱਲੋਂ ਆਪਣੇ ਆਸਟ੍ਰੀਆਈ ਪਤੀ ਪੀਟਰ ਹਾਗ (Peter Haag) ਦੇ ਵਿਰੁੱਧ ਦਰਜ ਕਰਵਾਈ ਕਰਵਾਈ ਹੈ। ਅਰਜ਼ੀ ਮੰਗਲਵਾਰ ਨੂੰ ਜੁਡੀਸ਼ੀਅਲ ਮੈਜਿਸਟ੍ਰੇਟ ਐੱਸ ਸੀ ਤਾਦਯੇ ਦੇ ਸਾਹਮਣੇ ਸੁਣਵਾਈ ਲਈ ਆਈ, ਜਿਨ੍ਹਾਂ ਨੇ ਹਾਗ ਨੂੰ ਨੋਟਿਸ ਜਾਰੀ ਕਰਕੇ ਮਾਮਲੇ ਦੀ ਸੁਣਵਾਈ 12 ਦਸੰਬਰ ਲਈ ਤੈਅ ਕਰ ਦਿੱਤੀ ਹੈ।
ਕਰਨਜਵਾਲਾ ਐਂਡ ਕੰਪਨੀ (Karanjwala & Co) ਲਾਅ ਫਰਮ ਰਾਹੀਂ ਦਾਇਰ ਆਪਣੀ ਅਰਜ਼ੀ ਵਿੱਚ ਜੇਟਲੀ ਨੇ ਘਰੇਲੂ ਹਿੰਸਾ ਐਕਟ ਦੀਆਂ ਧਾਰਾਵਾਂ ਤਹਿਤ ਹਾਗ 'ਤੇ ਘਰੇਲੂ ਹਿੰਸਾ, ਬੇਰਹਿਮੀ ਅਤੇ ਹੇਰਾਫੇਰੀ ਦਾ ਦੋਸ਼ ਲਗਾਇਆ ਹੈ।
47 ਸਾਲਾ ਅਦਾਕਾਰਾ ਨੇ ਦਾਅਵਾ ਕੀਤਾ ਕਿ ਉਸ ਨੂੰ ਆਪਣੇ ਪਤੀ ਤਰਫ਼ੋਂ ਗੰਭੀਰ ਭਾਵਨਾਤਮਕ, ਸਰੀਰਕ, ਜਿਨਸੀ ਅਤੇ ਜ਼ਬਾਨੀ ਦੁਰਵਿਵਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਆਸਟ੍ਰੀਆ ਵਿੱਚ ਆਪਣਾ ਘਰ ਛੱਡ ਕੇ ਭਾਰਤ ਵਾਪਸ ਆਉਣ ਲਈ ਮਜਬੂਰ ਹੋਈ।
ਇਸ ਜੋੜੇ ਨੇ ਸਤੰਬਰ 2010 ਵਿੱਚ ਵਿਆਹ ਕੀਤਾ ਸੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ।
ਸਾਬਕਾ ਮਿਸ ਇੰਡੀਆ ਨੇ ਅਰਜ਼ੀ ਵਿੱਚ ਦੋਸ਼ ਲਾਇਆ ਕਿ ਵਿਆਹ ਤੋਂ ਬਾਅਦ ਉਸ ਦੇ ਪਤੀ ਨੇ ਉਸ ਨੂੰ ਕੰਮ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ।
ਅਰਜ਼ੀ ਵਿੱਚ ਕਿਹਾ ਗਿਆ ਹੈ, "ਜਵਾਬਦੇਹ (ਹਾਗ) ਇੱਕ ਨਾਰਸੀਸਿਸਟਿਕ, ਸਵੈ-ਲੀਨ ਵਿਅਕਤੀ ਹੈ। ਉਸ ਨੂੰ ਛੇਤੀ ਗੁੱਸਾ ਆਉਂਦਾ ਹੈ ਅਤੇ ਸ਼ਰਾਬ ਦੀ ਆਦਤ ਹੈ, ਜਿਸ ਕਾਰਨ ਬਿਨੈਕਾਰ (ਜੇਟਲੀ) ਨੂੰ ਲਗਾਤਾਰ ਤਣਾਅ ਹੁੰਦਾ ਰਿਹਾ ਹੈ।"
ਅਦਾਕਾਰਾ ਨੇ ਕਈ ਅਜਿਹੇ ਮੌਕਿਆਂ ਦੀ ਸੂਚੀ ਵੀ ਦਿੱਤੀ ਹੈ ਜਿੱਥੇ ਉਸਦੇ ਪਤੀ ਨੇ ਸਰੀਰਕ ਅਤੇ ਜ਼ਬਾਨੀ ਦੁਰਵਿਵਹਾਰ ਕੀਤਾ ਸੀ। ਅਰਜ਼ੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਹਾਗ ਨੇ ਇਸ ਸਾਲ ਅਗਸਤ ਵਿੱਚ ਆਸਟ੍ਰੀਆ ਦੀ ਇੱਕ ਅਦਾਲਤ ਵਿੱਚ ਤਲਾਕ ਦੀ ਅਰਜ਼ੀ ਦਾਇਰ ਕੀਤੀ ਸੀ।
ਜੇਟਲੀ ਨੇ ਮੰਗ ਕੀਤੀ ਹੈ ਕਿ ਉਸ ਦਾ ਵੱਖ ਰਹਿ ਰਿਹਾ ਪਤੀ ਮੁਆਵਜ਼ੇ ਵਜੋਂ 50 ਕਰੋੜ ਰੁਪਏ ਅਤੇ ਗੁਜ਼ਾਰੇ ਵਜੋਂ 10 ਲੱਖ ਰੁਪਏ ਪ੍ਰਤੀ ਮਹੀਨਾ ਅਦਾ ਕਰੇ। ਉਸਨੇ ਆਪਣੇ ਤਿੰਨ ਬੱਚਿਆਂ ਤੱਕ ਪਹੁੰਚ ਦੀ ਵੀ ਮੰਗ ਕੀਤੀ ਹੈ, ਜੋ ਇਸ ਸਮੇਂ ਆਸਟ੍ਰੀਆ ਵਿੱਚ ਆਪਣੇ ਪਿਤਾ ਨਾਲ ਰਹਿ ਰਹੇ ਹਨ।
