Dharmendra ਬੌਲੀਵੁੱਡ ਅਦਾਕਾਰ ਧਰਮਿੰਦਰ ਦੀ ਹਾਲਤ ਸਥਿਰ ਤੇ ਠੀਕ, ਧੀ ਈਸ਼ਾ ਦਿਓਲ ਨੇ ਦੇਹਾਂਤ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ
Dharmendra ਬੌਲੀਵੁੱਡ ਅਦਾਕਾਰਾ ਈਸ਼ਾ ਦਿਓਲ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਪਿਤਾ ਤੇ ਬਜ਼ੁਰਗ ਅਦਾਕਾਰ ਧਰਮਿੰਦਰ (89) ਦੀ ਹਾਲਤ ਸਥਿਰ ਹੈ ਤੇ ਉਨ੍ਹਾਂ ਦੇ ਦੇਹਾਂਤ ਦੀਆਂ ਖ਼ਬਰਾਂ ਬੇਬੁਨਿਆਦ ਹਨ। ਅਦਾਕਾਰ ਪਿਛਲੇ ਕਈ ਦਿਨਾਂ ਤੋਂ ਦੱਖਣੀ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਅਦਾਕਾਰ ਨੂੰ ਸੋਮਵਾਰ ਨੂੰ ਸਾਹ ਲੈਣ ਵਿੱਚ ਤਕਲੀਫ਼ ਕਾਰਨ ਬ੍ਰੀਚ ਕੈਂਡੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਅਦਾਕਾਰ ਦੀ ਪਤਨੀ ਹੇਮਾ ਮਾਲਿਨੀ, ਪੁੱਤਰ ਸੰਨੀ ਦਿਓਲ ਤੇ ਬੌਬੀ ਦਿਓਲ, ਧੀ ਈਸ਼ਾ ਦਿਓਲ ਸਣੇ ਹੋਰ ਸਕੇ ਸਬੰਧੀ ਹਸਪਤਾਲ ਵਿਚ ਮੌਜੂਦ ਹਨ।
ਅਦਾਕਾਰ ਦੇ ਪਰਿਵਾਰ ਨੇ ਕਿਹਾ ਕਿ ਧਰਮਿੰਦਰ ‘ਸਥਿਰ ਅਤੇ ਠੀਕ ਹੋ ਰਹੇ ਹਨ’। ਪਰਿਵਾਰ ਨੇ ਮੀਡੀਆ ਨੂੰ ਅਪੀਲ ਕੀਤੀ ਕਿ ਉਨ੍ਹਾਂ ਦੀ ਸਿਹਤ ਬਾਰੇ ਝੂਠੀਆਂ ਖ਼ਬਰਾਂ ਨਾ ਫੈਲਾਈਆਂ ਜਾਣ। 89 ਸਾਲਾ ਸਟਾਰ ਅਜੇ ਵੀ ਮੁੰਬਈ ਦੇ ਇੱਕ ਹਸਪਤਾਲ ਵਿੱਚ ਨਿਗਰਾਨੀ ਹੇਠ ਹੈ। ਕਾਬਿਲੇਗੌਰ ਹੈ ਕਿ ਅੱਜ ਸਵੇਰੇ ਮੀਡੀਆ ਦੇ ਇਕ ਹਿੱਸੇ ਵਿਚ ਬਜ਼ੁਰਗ ਅਦਾਕਾਰ ਧਰਮਿੰਦਰ ਦੀ ਮੌਤ ਬਾਰੇ ਕਈ ਖ਼ਬਰਾਂ ਆਈਆਂ ਸਨ ਪਰ ਧੀ ਈਸ਼ਾ ਦਿਓਲ ਨੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਵਿੱਚ ਉਨ੍ਹਾਂ ਨੂੰ ਖਾਰਜ ਕਰ ਦਿੱਤਾ।
ਈਸ਼ਾ ਨੇ ਕਿਹਾ, ‘‘ਮੀਡੀਆ ਪੂਰੀ ਤਰ੍ਹਾਂ ਝੂਠੀਆਂ ਖ਼ਬਰਾਂ ਫੈਲਾ ਰਿਹਾ ਹੈ। ਪਾਪਾ ਦੀ ਹਾਲਤ ਸਥਿਰ ਹੈ ਅਤੇ ਉਹ ਠੀਕ ਹੋ ਰਹੇ ਹਨ। ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਉਹ ਸਾਡੇ ਪਰਿਵਾਰ ਦੀ ਨਿੱਜਤਾ ਦਾ ਸਤਿਕਾਰ ਕਰਨ। ਪਾਪਾ ਦੀ ਜਲਦੀ ਸਿਹਤਯਾਬੀ ਲਈ ਤੁਹਾਡੀਆਂ ਪ੍ਰਾਰਥਨਾਵਾਂ ਲਈ ਧੰਨਵਾਦ।’’
ਇਸ ਦੌਰਾਨ ਹੇਮਾ ਮਾਲਿਨੀ ਨੇ ਆਪਣੇ ਪਤੀ ਧਰਮਿੰਦਰ ਦੇ ਦੇਹਾਂਤ ਨੂੰ ਲੈ ਕੇ ਮੀਡੀਆ ਦੇ ਇਕ ਹਿੱਸੇ ਵਿਚ ਚੱਲੀਆਂ ਖ਼ਬਰਾਂ ਦੀ ਜੰਮ ਕੇ ਨਿਖੇਧੀ ਕੀਤੀ ਹੈ। ਉਨ੍ਹਾਂ ਐਕਸ ’ਤੇ ਇਕ ਟਵੀਟ ਵਿਚ ਕਿਹਾ, ‘‘ਜੋ ਕੁਝ ਹੋ ਰਿਹਾ ਹੈ ਉਹ ਮੁਆਫ਼ ਕਰਨ ਯੋਗ ਨਹੀਂ ਹੈ! ਜ਼ਿੰਮੇਵਾਰ ਚੈਨਲ ਇੱਕ ਅਜਿਹੇ ਵਿਅਕਤੀ ਬਾਰੇ ਝੂਠੀਆਂ ਖ਼ਬਰਾਂ ਕਿਵੇਂ ਫੈਲਾ ਸਕਦੇ ਹਨ ਜੋ ਇਲਾਜ ਪ੍ਰਤੀ ਹੁੰਗਾਰਾ ਭਰ ਰਿਹਾ ਹੈ ਅਤੇ ਠੀਕ ਹੋ ਰਿਹਾ ਹੈ? ਇਹ ਬਹੁਤ ਹੀ ਅਪਮਾਨਜਨਕ ਅਤੇ ਗੈਰ-ਜ਼ਿੰਮੇਵਾਰਾਨਾ ਹੈ। ਕਿਰਪਾ ਕਰਕੇ ਪਰਿਵਾਰ ਅਤੇ ਉਸ ਦੀ ਨਿੱਜਤਾ ਦਾ ਪੂਰਾ ਸਤਿਕਾਰ ਕੀਤਾ ਜਾਵੇ।’’
ਸੂਤਰਾਂ ਮੁਤਾਬਕ ਧਰਮਿੰਦਰ ਦੀਆਂ ਧੀਆਂ ਨੂੰ ਪਹਿਲਾਂ ਹੀ ਵਿਦੇਸ਼ ਤੋਂ ਮੁੰਬਈ ਸੱਦ ਲਿਆ ਗਿਆ ਹੈ। ਬੀਤੀ ਰਾਤ ਸੰਨੀ ਦਿਓਲ ਵੀ ਹਸਪਤਾਲ ਦੇ ਬਾਹਰ ਬਹੁਤ ਭਾਵੁਕ ਦਿਖਾਈ ਦਿੱਤੇ। ਛੋਟਾ ਪੁੱਤਰ ਬੌਬੀ ਦਿਓਲ ਵੀ ਇਕ ਫ਼ਿਲਮ ਦੀ ਸ਼ੂਟਿੰਗ ਛੱਡ ਕੇ ਆਪਣੇ ਪਿਤਾ ਨੂੰ ਮਿਲਣ ਲਈ ਮੁੰਬਈ ਵਾਪਸ ਆ ਗਿਆ। ਸ਼ਾਹਰੁਖ, ਸਲਮਾਨ ਤੇ ਗੋਵਿੰਦਾ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸੋਮਵਾਰ ਦੇਰ ਰਾਤ ਬ੍ਰੀਚ ਕੈਂਡੀ ਹਸਪਤਾਲ ਪਹੁੰਚ ਕੇ ਧਰਮਿੰਦਰ ਦੀ ਖ਼ਬਰਸਾਰ ਲਈ ਹੈ।
ਹੇਮਾ ਮਾਲਨੀ ਨੇ ਲੰਘੇ ਦਿਨ ਕਿਹਾ ਸੀ ਕਿ ਧਰਮਿੰਦਰ ਮੁੰਬਈ ਦੇ ਇੱਕ ਹਸਪਤਾਲ ਵਿੱਚ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ। ਉਨ੍ਹਾਂ ਸ਼ੁਭਚਿੰਤਕਾਂ ਨੂੰ ਬਜ਼ੁਰਗ ਅਦਾਕਾਰ ਦੇ ਜਲਦੀ ਸਿਹਤਯਾਬ ਹੋਣ ਸਬੰਧੀ ਪ੍ਰਾਰਥਨਾ ਕਰਨ ਦੀ ਅਪੀਲ ਵੀ ਕੀਤੀ ਸੀ।
ਧਰਮਿੰਦਰ ਦਾ ਕਰੀਅਰ ਦਹਾਕਿਆਂ ਤੱਕ ਫੈਲਿਆ ਹੋਇਆ ਸੀ। ਉਨ੍ਹਾਂ ਨੇ ਫ਼ਿਲਮ ਇੰਡਸਟਰੀ ਨੂੰ ਸ਼ੋਅਲੇ, ਚੁਪਕੇ ਚੁਪਕੇ ਅਤੇ ਸੀਤਾ ਔਰ ਗੀਤਾ ਵਰਗੀਆਂ ਕਈ ਯਾਦਗਾਰੀ ਫ਼ਿਲਮਾਂ ਦਿੱਤੀਆਂ ਹਨ।
ਕਾਬਿਲੇਗੌਰ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਧਰਮਿੰਦਰ ਦੇ ਦੇਹਾਂਤ ਦੀ ਖ਼ਬਰ ਸਾਂਝੀ ਕਰਦਿਆਂ ਦੁਖ ਜਤਾਇਆ ਸੀ।
ਸਿੰਘ ਨੇ ਐਕਸ ’ਤੇ ਇਕ ਪੋਸਟ ਵਿਚ ਦੁੱਖ ਜਤਾਉਂਦਿਆਂ ਕਿਹਾ ਸੀ, ‘‘ਬਜ਼ੁਰਗ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਸ੍ਰੀ ਧਰਮਿੰਦਰ ਜੀ ਦੇ ਦੇਹਾਂਤ 'ਤੇ ਬਹੁਤ ਦੁੱਖ ਹੋਇਆ। ਇੱਕ ਬਹੁਪੱਖੀ ਅਦਾਕਾਰ ਜਿਸ ਨੇ ਆਪਣੇ ਬੇਮਿਸਾਲ ਸੁਹਜ ਅਤੇ ਇਮਾਨਦਾਰੀ ਨਾਲ ਕਈ ਯਾਦਗਾਰੀ ਕਿਰਦਾਰਾਂ ਵਿਚ ਜਾਨ ਪਾਈ। ਭਾਰਤੀ ਸਿਨੇਮਾ ਵਿੱਚ ਉਨ੍ਹਾਂ ਦੇ ਸ਼ਾਨਦਾਰ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਪ੍ਰਤੀ ਮੇਰੀਆਂ ਦਿਲੋਂ ਸੰਵੇਦਨਾਵਾਂ।’’
