ਬੋਲਡ ਦ੍ਰਿਸ਼ ਜਾਂ ਘੱਟ ਅਦਾਇਗੀ: ਦੀਪਿਕਾ ਪਾਦੂਕੋਣ ‘Spirit’ ਤੋਂ ਲਾਂਭੇ ਕਿਉਂ ਹੋਈ?
ਚੰਡੀਗੜ੍ਹ, 27 ਮਈ
‘ਐਨੀਮਲ’ ਫੇਮ ਫ਼ਿਲਮਸਾਜ਼ ਸੰਦੀਪ ਰੈੱਡੀ ਵਾਂਗਾ ਦੀ ਆਗਾਮੀ ਫਿਲਮ ‘ਸਪਿਰਿਟ’ ਨੂੰ ਲੈ ਕੇ ਵਿਵਾਦ ਜਾਰੀ ਹੈ। ਪਿਛਲੇ ਦਿਨੀਂ ਅਜਿਹੀਆਂ ਕੁਝ ਰਿਪੋਰਟਾਂ ਸਾਹਮਣੇ ਆਈਆਂ ਸਨ ਕਿ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਉਸ ਦੀਆਂ ਕੁਝ ‘ਗੈਰ-ਪੇਸ਼ੇਵਰ’ ਮੰਗਾਂ, ਜਿਵੇਂ ਕਿ ਅੱਠ ਘੰਟੇ ਕੰਮਕਾਜੀ ਦਿਨ, ਵੱਧ ਤਨਖਾਹ ਅਤੇ ਫਿਲਮ ਦੇ ਮੁਨਾਫ਼ੇ ਵਿੱਚ ਹਿੱਸਾ ਆਦਿ ਕਰਕੇ ਪ੍ਰੋਜੈਕਟ ਤੋਂ ਲਾਂਭੇ ਕਰ ਦਿੱਤਾ ਗਿਆ ਸੀ। ਵਾਂਗਾ ਨੇ ਹੁਣ ਇੱਕ ਸੋਸ਼ਲ ਮੀਡੀਆ ਪੋਸਟ ਸਾਂਝੀ ਕੀਤੀ ਹੈ, ਜਿਸ ਵਿੱਚ ਅਦਾਕਾਰਾ ’ਤੇ ‘Dirty PR games’ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਹੈ।
ਵਾਂਗਾ ਨੇ X ’ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਲਿਖਿਆ ਕਿ ਦੀਪਿਕਾ ਨੇ ਫ਼ਿਲਮ ਦੀ ਕਹਾਣੀ ਸੁਣਾਉਣ ਲਈ ਰੱਖੇ ਸੈਸ਼ਨਾਂ ਮਗਰੋਂ ਅਣਕਹੇ ‘ਨਾਨ ਡਿਸਕਲੋਜ਼ਰ ਐਗਰੀਮੈਂਟ’ (NDA) ਦੀ ਉਲੰਘਣਾ ਕੀਤੀ ਹੈ। ਫ਼ਿਲਮਸਾਜ਼ ਨੇ ਲਿਖਿਆ, ‘‘ਜਦੋਂ ਮੈਂ ਕਿਸੇ ਅਦਾਕਾਰ ਨੂੰ ਕਹਾਣੀ ਸੁਣਾਉਂਦਾ ਹਾਂ, ਤਾਂ ਮੈਂ ਉਸ ’ਤੇ 100 ਫੀਸਦ ਯਕੀਨ ਰੱਖਦਾ ਹਾਂ। ਸਾਡੇ ਦਰਮਿਆਨ ਅਣਕਿਹਾ NDA ਹੈ। ਪਰ ਅਜਿਹਾ ਕਰਕੇ, ਤੁਸੀਂ ਉਸ ਵਿਅਕਤੀ ਨੂੰ ਸਾਹਮਣੇ ਲਿਆ ਦਿੱਤਾ ਹੈ, ਜੋ ਤੁਸੀਂ ਹੋ।’’
ਵਾਂਗਾ ਨੇ ਆਪਣੀ ਪੋਸਟ ਵਿਚ ਅਦਾਕਾਰਾ ਦੀ ਨੁਕਤਾਚੀਨੀ ਕੀਤੀ ਤੇ ਕਿਹਾ ਕਿ ਉਨ੍ਹਾਂ ਇਕ ਨੌਜਵਾਨ ਅਦਾਕਾਰ ਨੂੰ ਘੱਟ ਕਰਕੇ ਜਾਣਿਆ ਹੈ ਤੇ ਨਾਰੀਵਾਦ ਦੀ ਉਸ ਦੀ ਵਿਆਖਿਆ ਉੱਤੇ ਸਵਾਲ ਉਠਾਇਆ ਹੈ। ਵਾਂਗਾ ਨੇ ਕਿਹਾ, ‘‘ਇਕ ਨੌਜਵਾਨ ਅਦਾਕਾਰ ਨੂੰ ਨੀਵਾਂ ਦਿਖਾਉਣਾ ਤੇ ਮੇਰੀ ਕਹਾਣੀ ਨੂੰ ਦਬਾਉਣਾ? ਕੀ ਇਹੀ ਤੁਹਾਡਾ ਨਾਰੀਵਾਦ ਹੈ?’’
ਫ਼ਿਲਮਸਾਜ਼ ਨੇ ਕਿਹਾ, ‘‘ਇੱਕ ਫਿਲਮਸਾਜ਼ ਹੋਣ ਦੇ ਨਾਤੇ, ਮੈਂ ਆਪਣੀ ਕਲਾ ਦੇ ਪਿੱਛੇ ਸਾਲਾਂ ਦੀ ਸਖ਼ਤ ਮਿਹਨਤ ਲਾ ਦਿੱਤੀ ਹੈ ਅਤੇ ਮੇਰੇ ਲਈ, ਫਿਲਮ ਨਿਰਮਾਣ ਸਭ ਕੁਝ ਹੈ। ਤੁਹਾਨੂੰ ਇਹ ਨਹੀਂ ਮਿਲਿਆ। ਤੁਹਾਨੂੰ ਇਹ ਨਹੀਂ ਮਿਲੇਗਾ। ਤੁਹਾਨੂੰ ਇਹ ਕਦੇ ਨਹੀਂ ਮਿਲੇਗਾ।’’ ਵਾਂਗਾ ਨੇ ਹੈਸ਼ਟੈਗ #dirtyPRgames ਦੇ ਨਾਲ ਪੋਸਟ ਨੂੰ ਇਹ ਕਹਿੰਦੇ ਹੋਏ ਸਮਾਪਤ ਕੀਤਾ, ‘‘ਐਸਾ ਕਰੋ... ਅਗਲੀ ਬਾਰ ਪੂਰੀ ਕਹਾਨੀ ਬੋਲਨਾ... ਕਿਉਂਕੀ ਮੁਝੇ ਜਰਾ ਭੀ ਫਰਕ ਨਹੀਂ ਪੜਤਾ (ਅਗਲੀ ਵਾਰ, ਪੂਰੀ ਕਹਾਣੀ ਦੱਸੋ... ਕਿਉਂਕਿ ਮੈਨੂੰ ਸੱਚਮੁੱਚ ਕੋਈ ਫ਼ਰਕ ਨਹੀਂ ਪੈਂਦਾ ਹੈ)’’
ਬਾਲੀਵੁੱਡ ਹੰਗਾਮਾ ਦੀ ਰਿਪੋਰਟ ਅਨੁਸਾਰ ਫ਼ਿਲਮਸਾਜ਼ ਵਾਂਗਾ ਉਦੋਂ ‘ਹੈਰਾਨ’ ਹੋ ਗਿਆ ਜਦੋਂ ਦੀਪਿਕਾ ਨੇ ਕਥਿਤ ਦਿਨ ਵਿੱਚ ਛੇ ਘੰਟੇ ਤੋਂ ਵੱਧ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ, ਉਸ ਦੀ ਏਜੰਸੀ ਨੇ ਕਥਿਤ ਤੌਰ ’ਤੇ ਇਕਰਾਰਨਾਮੇ ਵਿੱਚ ਬਦਲਾਅ ਤੇ 100 ਦਿਨਾਂ ਤੋਂ ਵੱਧ ਦੀ ਕਿਸੇ ਵੀ ਸ਼ੂਟਿੰਗ ਲਈ ਵਾਧੂ ਭੁਗਤਾਨ ਦੀ ਮੰਗ ਕੀਤੀ।
ਇਸ ਵਿਵਾਦ ਦਰਮਿਆਨ ਵਾਂਗਾ ਨੇ 24 ਮਈ ਨੂੰ ਐਲਾਨ ਕੀਤਾ ਕਿ ‘ਐਨੀਮਲ’ ਫੇਮ ਅਦਾਕਾਰਾ ਤ੍ਰਿਪਤੀ ਡਿਮਰੀ ‘ਸਪਿਰਿਟ’ ਵਿੱਚ ਦੀਪਿਕਾ ਦੀ ਜਗ੍ਹਾ ਮੁੱਖ ਭੂਮਿਕਾ ਨਿਭਾਏਗੀ। ਹਾਲਾਂਕਿ ਫ਼ਿਲਮ ਦਾ ਨਿਰਮਾਣ ਅਜੇ ਸ਼ੁਰੂ ਨਹੀਂ ਹੋਇਆ ਹੈ ਅਤੇ ਕਥਿਤ ਦੇਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ‘ਸਪਿਰਿਟ’ ਦੇ ਖਤਮ ਹੋਣ ਮਗਰੋਂ ਵਾਂਗਾ ਦੇ ਫ਼ਿਲਮ ‘ਐਨੀਮਲ ਪਾਰਕ’, ਜੋ ਉਸ ਦੀ 2024 ਦੀ ਬਲਾਕਬਸਟਰ ਫਿਲਮ ਦਾ ਸੀਕੁਅਲ ਹੈ, ਦਾ ਕੰਮ ਸ਼ੁਰੂ ਕਰਨ ਦੀ ਉਮੀਦ ਹੈ। ਹੁਣ ਤੱਕ, ਦੀਪਿਕਾ ਨੇ ਜਨਤਕ ਤੌਰ ’ਤੇ ਉਪਰੋਕਤ ਦੋਸ਼ਾਂ ਜਾਂ ਫਿਲਮ ਤੋਂ ਲਾਂਭੇ ਹੋਣ ਦੀਆਂ ਰਿਪੋਰਟ ਦਾ ਜਵਾਬ ਨਹੀਂ ਦਿੱਤਾ ਹੈ।