ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਚਿੜੀ ਦਾ ਆਲ੍ਹਣਾ

ਸਵੇਰ ਦੀ ਹਲਕੀ ਧੁੱਪ ਦੀਆਂ ਕਿਰਨਾਂ ਮੇਰੇ ਘਰ ਦੇ ਬਗੀਚੇ ਵਿੱਚ ਲੱਗੇ ਇੱਕ ਰੁੱਖ ਦੀਆਂ ਟਾਹਣੀਆਂ ਵਿੱਚੋਂ ਆਪਣੀ ਰੌਸ਼ਨੀ ਬਿਖੇਰ ਰਹੀਆਂ ਸਨ। ਪਿਛਲੀ ਰਾਤ ਪਏ ਮੀਂਹ ਦੀ ਨਮੀ ਹਾਲੇ ਵੀ ਹਵਾ ਵਿੱਚ ਬਰਕਰਾਰ ਸੀ। ਮੈਂ ਆਪਣੀ ਪੰਜ ਸਾਲ ਦੀ ਧੀ...
Advertisement

ਸਵੇਰ ਦੀ ਹਲਕੀ ਧੁੱਪ ਦੀਆਂ ਕਿਰਨਾਂ ਮੇਰੇ ਘਰ ਦੇ ਬਗੀਚੇ ਵਿੱਚ ਲੱਗੇ ਇੱਕ ਰੁੱਖ ਦੀਆਂ ਟਾਹਣੀਆਂ ਵਿੱਚੋਂ ਆਪਣੀ ਰੌਸ਼ਨੀ ਬਿਖੇਰ ਰਹੀਆਂ ਸਨ। ਪਿਛਲੀ ਰਾਤ ਪਏ ਮੀਂਹ ਦੀ ਨਮੀ ਹਾਲੇ ਵੀ ਹਵਾ ਵਿੱਚ ਬਰਕਰਾਰ ਸੀ। ਮੈਂ ਆਪਣੀ ਪੰਜ ਸਾਲ ਦੀ ਧੀ ਗੁਰਮਿਹਰ ਕੌਰ ਨਾਲ ਬਗੀਚੇ ਵਿੱਚ ਖਿੜੇ ਫੁੱਲਾਂ ਨੂੰ ਨਿਹਾਰ ਰਿਹਾ ਸੀ ਕਿ ਅਚਾਨਕ ਮੇਰੀ ਨਜ਼ਰ ਰੁੱਖ ਦੀ ਇੱਕ ਟਾਹਣੀ ’ਤੇ ਪਈ, ਜਿੱਥੇ ਇੱਕ ਚਿੜੀ ਨੇ ਆਪਣਾ ਆਲ੍ਹਣਾ ਬਣਾਇਆ ਹੋਇਆ ਸੀ।

ਮੈਂ ਝੱਟ ਆਪਣੀ ਧੀ ਨੂੰ ਉਹ ਆਲ੍ਹਣਾ ਦਿਖਾਉਂਦਿਆਂ ਕਿਹਾ “ਲੱਗਦਾ ਹੈ ਚਿੜੀ ਕੁਝ ਦਿਨਾਂ ਤੱਕ ਇਸ ਆਲ੍ਹਣੇ ਵਿੱਚ ਆਂਡੇ ਦੇਵੇਗੀ।” ਮੇਰੀ ਇਹ ਗੱਲ ਗੁਰਮਿਹਰ ਲਈ ਇੱਕ ਵੱਖਰੀ ਹੀ ਖੁਸ਼ੀ ਦਾ ਕਾਰਨ ਬਣ ਗਈ। ਉਹ ਹਰ ਰੋਜ਼ ਸਵੇਰੇ ਇਸ ਆਸ ਵਿੱਚ ਆਲ੍ਹਣੇ ਨੂੰ ਵੇਖਦੀ ਕਿ ਸ਼ਾਇਦ ਚਿੜੀ ਨੇ ਆਂਡੇ ਦੇ ਦਿੱਤੇ ਹੋਣਗੇ। ਇੱਕ ਦਿਨ ਮਾਲੀ ਬਗੀਚੇ ਵਿੱਚ ਰੁੱਖਾਂ ਦੀ ਛੰਗਾਈ ਕਰ ਰਿਹਾ ਸੀ ਤਾਂ ਗੁਰਮਿਹਰ ਭੱਜੀ-ਭੱਜੀ ਬਗੀਚੇ ਵਿੱਚ ਗਈ ਤੇ ਮਾਲੀ ਨੂੰ ਉਸ ਰੁੱਖ ਦੀ ਛੰਗਾਈ ਕਰਨ ਤੋਂ ਰੋਕ ਦਿੱਤਾ। ਮਾਲੀ ਨੇ ਵੀ ਹੱਸ ਕੇ ਉਸ ਦੀ ਗੱਲ ਮੰਨ ਲਈ।

Advertisement

ਅਖੀਰ ਉਹ ਦਿਨ ਆ ਗਿਆ ਤੇ ਆਲ੍ਹਣੇ ਵਿੱਚ ਪਏ ਤਿੰਨ ਛੋਟੇ-ਛੋਟੇ ਆਂਡੇ ਵੇਖ ਕੇ ਗੁਰਮਿਹਰ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ। ਗੁਰਮਿਹਰ ਮੈਨੂੰ ਰੋਜ਼ ਇੱਕੋ ਸਵਾਲ ਕਰਦੀ “ਪਾਪਾ, ਆਂਡਿਆਂ ਵਿੱਚੋਂ ਬੱਚੇ ਕਦੋਂ ਨਿਕਲਣਗੇ?” ਮੈਂ ਕਹਿੰਦਾ “ਧੀਏ, ਜਲਦੀ ਨਿਕਲਣਗੇ”। ਕੁਝ ਦਿਨਾਂ ਬਾਅਦ ਆਂਡਿਆਂ ਵਿੱਚੋਂ ਨੰਨ੍ਹੇ ਨੰਨ੍ਹੇ ਬੋਟ ਨਿਕਲੇ, ਉਹ ਆਪਣੇ ਛੋਟੇ-ਛੋਟੇ ਪਰਾਂ ਨੂੰ ਹੌਲੀ-ਹੌਲੀ ਹਿਲਾਉਂਦੇ ਤੇ ਸਾਡੇ ਨਜ਼ਦੀਕ ਜਾਣ ’ਤੇ ਚੀਕਾਂ ਮਾਰਦੇ। ਚਿੜੀ ਦੇ ਬੱਚਿਆਂ ਨੂੰ ਵੇਖ ਕੇ ਗੁਰਮਿਹਰ ਖਿੜ ਖਿੜਾ ਕੇ ਹੱਸਦੀ ਤੇ ਮੈਨੂੰ ਕਹਿੰਦੀ “ਪਾਪਾ, ਇਹ ਵੱਡੇ ਕਦੋਂ ਹੋਣਗੇ?” ਮੈਂ ਕਹਿੰਦਾ “ਧੀਏ, ਛੇਤੀ ਹੀ ਵੱਡੇ ਹੋ ਜਾਣਗੇ”। ਉਹ ਕਹਿੰਦੀ “ਜਦੋਂ ਇਹ ਵੱਡੇ ਹੋ ਕੇ ਉੱਡਣ ਲੱਗ ਜਾਣਗੇ ਤਾਂ ਮੈਂ ਇਨ੍ਹਾਂ ਨਾਲ ਖੇਡਿਆ ਕਰਾਂਗੀ”। ਗੁਰਮਿਹਰ ਚਿੜੀ ਤੇ ਉਸ ਦੇ ਬੱਚਿਆਂ ਲਈ ਇੱਕ ਕਟੋਰੀ ਵਿੱਚ ਪਾਣੀ ਤੇ ਇੱਕ ਕਟੋਰੀ ਵਿੱਚ ਦਾਣੇ ਪਾ ਕੇ ਰੱਖਦੀ।

ਇੱਕ ਦਿਨ ਮਾਲੀ ਨੇ ਆਲ੍ਹਣੇ ਵਾਲੀ ਟਾਹਣੀ ਨੂੰ ਬਚਾ ਕੇ ਆਸ-ਪਾਸ ਦੀਆਂ ਟਾਹਣੀਆਂ ਦੀ ਛੰਗਾਈ ਕਰ ਦਿੱਤੀ, ਜਿਸ ਕਾਰਨ ਆਲ੍ਹਣੇ ਨੂੰ ਟਾਹਣੀਆਂ ਦੀ ਓਟ ਨਾ ਰਹੀ। ਇਹ ਵੇਖ ਕੇ ਗੁਰਮਿਹਰ ਬਹੁਤ ਗੁੱਸਾ ਹੋਈ ਤੇ ਇਤਫ਼ਾਕਨ ਉਸੇ ਰਾਤ ਬਹੁਤ ਜ਼ੌਰਦਾਰ ਮੀਂਹ ਪਿਆ। ਲਿਸ਼ਕਦੀ ਬਿਜਲੀ ਅਤੇ ਗਰਜਦੇ ਬੱਦਲਾਂ ਦੀ ਆਵਾਜ਼ ਸੁਣ ਕੇ ਗੁਰਮਿਹਰ ਮੈਨੂੰ ਪੁੱਛਦੀ “ਪਾਪਾ, ਕਿਤੇ ਚਿੜੀ ਦਾ ਆਲ੍ਹਣਾ ਤਾਂ ਨਹੀਂ ਟੁੱਟ ਜਾਵੇਗਾ?” ਮੈਂ ਕਿਹਾ ‘‘ਧੀਏ, ਆਪਾਂ ਰੱਬ ਨੂੰ ਅਰਦਾਸ ਕਰਦੇ ਹਾਂ ਕਿ ਰੱਬਾ ਚਿੜੀ ਦਾ ਆਲ੍ਹਣਾ ਬਚਾ ਲਈਂ”। ਮੈਂ ਵੇਖਿਆ ਗੁਰਮਿਹਰ ਅੱਖਾਂ ਬੰਦ ਕਰਕੇ, ਦੋਵੇਂ ਹੱਥ ਜੋੜ ਕੇ ਮੂੰਹ ਵਿੱਚ ਕੁਝ ਬੋਲ ਰਹੀ ਸੀ, ਸ਼ਾਇਦ ਇਹ ਉਸ ਦੀ ਅਰਦਾਸ ਸੀ। ਅਗਲੀ ਸਵੇਰ ਉੱਠਦਿਆਂ ਹੀ ਗੁਰਮਿਹਰ ਪਹਿਲਾਂ ਬਗੀਚੇ ਵਿੱਚ ਗਈ ਤੇ ਆਲ੍ਹਣੇ ਨੂੰ ਸਹੀ ਸਲਾਮਤ ਵੇਖ ਕੇ ਉਸ ਨੂੰ ਚੈਨ ਆਇਆ।

ਕੁਝ ਦਿਨਾਂ ਬਾਅਦ ਜਦੋਂ ਮੇਰੇ ਨਾਲ ਗੁਰਮਿਹਰ ਆਲ੍ਹਣੇ ਵਿੱਚ ਪਏ ਛੋਟੇ-ਛੋਟੇ ਬੱਚਿਆਂ ਨੂੰ ਵੇਖ ਰਹੀ ਸੀ ਤਾਂ ਅਚਾਨਕ ਚਿੜੀ ਦਾ ਇੱਕ ਬੱਚਾ ਸ਼ਾਇਦ ਡਰ ਕੇ ਆਲ੍ਹਣੇ ਵਿੱਚੋਂ ਉੱਡਿਆ ਤੇ ਹੇਠਾਂ ਬਗੀਚੇ ਵਿਚਲੇ ਫੁੱਲਾਂ ਪਿੱਛੇ ਛੁਪ ਗਿਆ। ਬਾਕੀ ਦੋਵੇਂ ਬੱਚੇ ਆਲ੍ਹਣੇ ਵਿੱਚ ਹੀ ਸਨ, ਸ਼ਾਇਦ ਉਨ੍ਹਾਂ ਨੂੰ ਹਾਲੇ ਉੱਡਣਾ ਨਹੀਂ ਸੀ ਆਉਂਦਾ। ਗੁਰਮਿਹਰ ਖਿੜ ਖਿੜਾ ਕੇ ਉਸ ਚਿੜੀ ਦੇ ਬੱਚੇ ਦੇ ਪਿੱਛੇ-ਪਿੱਛੇ ਭੱਜਦੀ ਤੇ ਉਹ ਛੋਟੀ ਜਿਹੀ ਉਡਾਣ ਭਰ ਕੇ ਕਿਸੇ ਹੋਰ ਫੁੱਲ ਦੇ ਪਿੱਛੇ ਛੁਪ ਜਾਂਦਾ। ਗੁਰਮਿਹਰ ਨੂੰ ਇਸ ਤਰ੍ਹਾਂ ਚਹਿਚਹਾਉਂਦੇ ਵੇਖ ਦਿਲ ਨੂੰ ਬਹੁਤ ਸਕੂਨ ਮਿਲਦਾ। ਗੁਰਮਿਹਰ ਨੇ ਉਨ੍ਹਾਂ ਤਿੰਨਾਂ ਬੱਚਿਆਂ ਦੇ ਨਾਂ ਵੀ ਰੱਖ ਦਿੱਤੇ। ਮੈਂ ਪੁੱਛਿਆ “ਤੂੰ ਇਨ੍ਹਾਂ ਨੂੰ ਪਛਾਣੇਗੀ ਕਿਵੇਂ? ਇਹ ਤਾਂ ਤਿੰਨੋ ਇੱਕੋ ਜਿਹੇ ਲੱਗਦੇ ਹਨ”। ਗੁਰਮਿਹਰ ਕਹਿੰਦੀ “ਪਾਪਾ, ਜਦੋਂ ਇਹ ਥੋੜ੍ਹਾ ਵੱਡੇ ਹੋ ਜਾਣਗੇ ਤਾਂ ਮੈਂ ਇਨ੍ਹਾਂ ਦੀ ਪਿੱਠ ’ਤੇ ਰੰਗਾਂ ਨਾਲ ਇਨ੍ਹਾਂ ਦੇ ਨਾਂ ਲਿਖ ਦਿਆਂਗੀ”। “ਹਾਂ ਇਹ ਬਿਲਕੁਲ ਠੀਕ ਹੈ” ਮੈਂ ਵੀ ਉਸ ਦੀ ਗੱਲ ਵਿੱਚ ਹਾਮੀ ਭਰਦਿਆਂ ਆਖਿਆ।

ਦਿਨ ਬੀਤਦੇ ਗਏ ਤੇ ਚਿੜੀ ਦੇ ਤਿੰਨਾਂ ਬੱਚਿਆਂ ਨੇ ਛੋਟੀਆਂ-ਛੋਟੀਆਂ ਉਡਾਣਾਂ ਭਰਨੀਆਂ ਸਿੱਖ ਲਈਆਂ। ਜਿਉਂ ਹੀ ਗੁਰਮਿਹਰ ਆਲ੍ਹਣੇ ਕੋਲ ਜਾਂਦੀ ਤਾਂ ਤਿੰਨੇ ਬੱਚੇ ਬਗੀਚੇ ਵਿੱਚ ਇੱਧਰ-ਉੱਧਰ ਉੱਡਦੇ ਰਹਿੰਦੇ ਤੇ ਗੁਰਮਿਹਰ ਉਨ੍ਹਾਂ ਦੇ ਪਿੱਛੇ-ਪਿੱਛੇ ਭੱਜਦੀ ਰਹਿੰਦੀ। ਇੱਕ ਦਿਨ ਮਾਲੀ ਕੋਲੋਂ ਗ਼ਲਤੀ ਨਾਲ ਆਲ੍ਹਣੇ ਵਾਲੀ ਟਾਹਣੀ ਛਾਂਗੀ ਗਈ ਤੇ ਆਲ੍ਹਣਾ ਟਾਹਣੀ ਸਮੇਤ ਹੇਠਾਂ ਗਿਰ ਗਿਆ। ਆਲ੍ਹਣਾ ਗਿਰਦੇ ਹੀ ਚਿੜੀ ਦੇ ਬੱਚੇ ਇੱਧਰ-ਉੱਧਰ ਉੱਡ ਗਏ ਤੇ ਮਾਲੀ ਨੇ ਆਲ੍ਹਣਾ ਚੁੱਕ ਕੇ ਦੁਬਾਰਾ ਰੁੱਖ ਨਾਲ ਟੰਗ ਦਿੱਤਾ। ਜਦੋਂ ਮਾਲੀ ਨੇ ਮੈਨੂੰ ਇਸ ਬਾਰੇ ਦੱਸਿਆ ਤਾਂ ਮੇਰਾ ਦਿਲ ਬਹੁਤ ਉਦਾਸ ਹੋਇਆ। ਇਹ ਉਦਾਸੀ ਚਿੜੀ ਦੇ ਆਲ੍ਹਣੇ ਦੇ ਟੁੱਟਣ ਦੀ ਤਾਂ ਘੱਟ ਸੀ, ਪਰ ਇਸ ਬਾਰੇ ਪਤਾ ਲੱਗਣ ’ਤੇ ਗੁਰਮਿਹਰ ਦੇ ਚਿਹਰੇ ’ਤੇ ਛਾਉਣ ਵਾਲੀ ਗ਼ਮਗੀਨੀ ਦੀ ਜ਼ਿਆਦਾ ਸੀ। ਮੈਂ ਆਲ੍ਹਣੇ ਵਿੱਚ ਚਿੜੀ ਤੇ ਉਸ ਦੇ ਬੱਚਿਆਂ ਦੇ ਵਾਪਸ ਆਉਣ ਦੀ ਉਡੀਕ ਕਰਦਾ ਰਿਹਾ, ਪਰ ਉਹ ਵਾਪਸ ਨਹੀਂ ਪਰਤੇ।

ਗੁਰਮਿਹਰ ਸਕੂਲੋਂ ਆਉਂਦਿਆਂ ਹੀ ਰੋਜ਼ ਵਾਂਗ ਸਿੱਧਾ ਬਗੀਚੇ ਵਿੱਚ ਗਈ ਤੇ ਆਲ੍ਹਣਾ ਖਾਲੀ ਵੇਖ ਕੇ ਉਸ ਦਾ ਚਿਹਰਾ ਲਮਕ ਗਿਆ। ਉਸ ਨੇ ਸਾਰੇ ਬਗੀਚੇ ਵਿੱਚ ਵੇਖਿਆ, ਪਰ ਚਿੜੀ ਦੇ ਬੱਚੇ ਨਹੀਂ ਥਿਆਏ। ਉਹ ਭੱਜੀ ਭੱਜੀ ਮੇਰੇ ਕੋਲ ਆਈ ਤੇ ਪੁੱਛਿਆ “ਪਾਪਾ, ਚਿੜੀ ਦੇ ਬੱਚੇ ਕਿੱਥੇ ਗਏ? “ਪੁੱਤਰ, ਚਿੜੀ ਦੇ ਬੱਚੇ ਹੁਣ ਉੱਡਣਾ ਸਿੱਖ ਗਏ ਤੇ ਲੱਗਦਾ ਹੈ ਉਹ ਉੱਡ ਕੇ ਆਪਣੇ ਨਵੇਂ ਘਰ ਵਿੱਚ ਚਲੇ ਗਏ।” ਮੈਂ ਥੋੜ੍ਹਾ ਸੰਭਲ ਕੇ ਬੋਲਿਆ। ਗੁਰਮਿਹਰ ਦੀਆਂ ਅੱਖਾਂ ਪਾਣੀ ਨਾਲ ਭਰ ਗਈਆਂ ਸਨ। ਉਸ ਨੇ ਪੁੱਛਿਆ “ਪਾਪਾ, ਕੀ ਉਨ੍ਹਾਂ ਨੂੰ ਸਾਡਾ ਘਰ ਪਸੰਦ ਨਹੀਂ ਆਇਆ?” ਮੈਂ ਆਖਿਆ “ਪੁੱਤਰ, ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਉਹ ਆਪਣੇ ਨਵੇਂ ਘਰ ਚਲੇ ਜਾਂਦੇ ਹਨ।” ਮਾਸੂਮ ਜਿਹੀ ਆਵਾਜ਼ ਵਿੱਚ ਉਸ ਨੇ ਪੁੱਛਿਆ “ਪਾਪਾ, ਜਦੋਂ ਮੈਂ ਵੱਡੀ ਹੋ ਜਾਵਾਂਗੀ ਤਾਂ ਕੀ ਮੈਂ ਵੀ ਆਪਣੇ ਨਵੇਂ ਘਰ ਚਲੀ ਜਾਵਾਂਗੀ?” ਗੁਰਮਿਹਰ ਦੀ ਇਹ ਗੱਲ ਸੁਣ ਕੇ ਮੈਂ ਉਸ ਨੂੰ ਆਪਣੀਆਂ ਬਾਹਾਂ ਵਿੱਚ ਲੈ ਲਿਆ। ਮੈਂ ਭਵਿੱਖ ਬਾਰੇ ਸੋਚਣ ਲੱਗਾ ਕਿ ਧੀਏ, ਜਦੋਂ ਤੂੰ ਆਪਣੇ ਨਵੇਂ ਘਰ ਚਲੀ ਜਾਵੇਂਗੀ ਤਾਂ ਇਸ ਘਰ ਵਿੱਚ ਹਮੇਸ਼ਾਂ ਤੇਰੇ ਇੰਤਜ਼ਾਰ ਦਾ ਫੁੱਲ ਖਿੜਿਆ ਰਹੇਗਾ। ਅਚਾਨਕ ਇੱਕ ਰੰਗ ਬਿਰੰਗੀ ਤਿੱਤਲੀ ਬਗੀਚੇ ਵਿੱਚ ਲੱਗੇ ਫੁੱਲ ’ਤੇ ਬੈਠ ਗਈ। ਉਸ ਤਿੱਤਲੀ ਨੂੰ ਵੇਖ ਕੇ ਗੁਰਮਿਹਰ ਦੀਆਂ ਮਾਸੂਮ ਅੱਖਾਂ ਵਿੱਚ ਖੁਸ਼ੀ ਦੀ ਚਮਕ ਵਾਪਸ ਆ ਗਈ ਤੇ ਉਹ ਤਿੱਤਲੀ ਦੇ ਪਿੱਛੇ-ਪਿੱਛੇ ਭੱਜਣ ਲੱਗੀ। ਮੈਨੂੰ ਇੰਝ ਜਾਪਿਆ ਜਿਵੇਂ ਗੁਰਮਿਹਰ ਦੇ ਖੇੜੇ ਦੀ ਖੁਸ਼ਬੂ ਸਾਰੇ ਬਗੀਚੇ ਵਿੱਚ ਫੈਲ ਗਈ ਹੋਵੇ।

ਸੰਪਰਕ: 98782-24000

Advertisement
Show comments