ਪੇਂਡੂ ਗਾਇਕੀ ਵਾਲਾ ਸ਼ਹਿਰੀ ਬਾਬੂ ਰਮੇਸ਼ ਰੰਗੀਲਾ
ਪੰਜਾਬੀ ਗਾਇਕੀ ਵਿੱਚ ਰੰਗੀਲੇ ਨਾਂ ਦੇ ਦੋ ਗਾਇਕ ਚਰਚਿਤ ਹੋਏ ਹਨ, ਜਿਨ੍ਹਾਂ ਵਿੱਚੋਂ ਇੱਕ ਹੈ ਰੰਗੀਲਾ ਜੱਟ, ਜੋ ਗਲੇ ਦੇ ਜ਼ੋਰ ਨਾਲ ਘੱਟ ਅਤੇ ਨੱਕ ਦੇ ਜ਼ੋਰ ਨਾਲ ਵਧੇਰੇ ਗਾਉਂਦਾ ਸੀ। 1960-70ਵਿਆਂ ਦੇ ਦਹਾਕੇ ਵਿੱਚ ਉਸ ਦੇ ਗੀਤਾਂ ਦੀ ਤੂਤੀ ਬੋਲਦੀ ਸੀ। ਦੂਜਾ ਰੰਗੀਲਾ ਗਾਇਕ ਸੀ, ਰਮੇਸ਼ ਰੰਗੀਲਾ, ਜੋ ਵੇਖਣ ਨੂੰ ਪਹਿਲੀ ਨਜ਼ਰੇ ਕਲੀਨ ਸੇਵ ਸ਼ਹਿਰੀ ਬਾਬੂ ਲੱਗਦਾ ਸੀ...ਪਰ ਗਾਉਂਦਾ ਨਿਰੋਲ ਪੇਂਡੂ ਸਲੀਕੇ ਨਾਲ ਸੀ। ਉਸ ਦੀ ਆਵਾਜ਼ ਠੋਸ ਅਤੇ ਦਿਲਾਂ ਨੂੰ ਛੂਹਣ ਵਾਲੀ ਸੀ। ਪੁਰਾਣੀ ਗਾਇਕੀ ਦੇ ਸ਼ੌਕੀਨ ਅੱਜ ਦੇ ਬਹੁਤੇ ਸਰੋਤੇ ਦੋਵੇਂ ਗਾਇਕਾਂ ਨੂੰ ਇੱਕ ਹੀ ਸਮਝਦੇ ਹੋਣਗੇ, ਪਰ ਅਜਿਹਾ ਨਹੀਂ...।
ਅੱਜ ਆਪਾਂ ਸ਼ਹਿਰੀ ਬਾਬੂ ਰਮੇਸ਼ ਰੰਗੀਲੇ ਦੀ ਗੱਲ ਕਰਾਂਗੇ, ਜੋ ਆਪਣੇ ਵੇਲ਼ਿਆਂ ਦਾ ਨਾਮੀ ਫਨਕਾਰ ਸੀ। ਉਸ ਦੇ ਗੀਤ ਉਨ੍ਹਾਂ ਸਮਿਆਂ ਵਿੱਚ ਐਨੇ ਜ਼ਿਆਦਾ ਚੱਲੇ ਕਿ ਅੱਜ ਦੀ ਨਵੀਂ ਪੀੜ੍ਹੀ ਵੀ ਪਸੰਦ ਕਰਦੀ ਹੈ। ਯੂ ਟਿਊਬ ਚੈਨਲਾਂ ’ਤੇ ਚਮਕੀਲੇ ਤੋਂ ਬਾਅਦ ਰਮੇਸ਼ ਰੰਗੀਲਾ ਉਹ ਗਾਇਕ ਹੈ, ਜਿਸਦੇ ਗੀਤ ਵਧੇਰੇ ਸਰਚ ਕੀਤੇ ਜਾਂਦੇ ਹਨ। ਉਸ ਦੇ ਜ਼ਿਆਦਾਤਰ ਚਰਚਿਤ ਗੀਤ, ਦੋਗਾਣਿਆਂ ਦੇ ਰੂਪ ਵਿੱਚ ਸੁਰਿੰਦਰ ਕੌਰ ਤੇ ਸੁਦੇਸ਼ ਕਪੂਰ ਨਾਲ ਮਿਲਦੇ ਹਨ, ਪ੍ਰੰਤੂ ਉਸ ਦੀਆਂ ਮੁੱਢਲੀਆਂ ਰਿਕਾਰਡਿੰਗਾਂ ਰਾਜਿੰਦਰ ਰਾਜਨ ਅਤੇ ਨਰਿੰਦਰ ਬੀਬਾ ਨਾਲ ਹੋਈਆਂ। ਉਸ ਦਾ ਪਹਿਲਾ ਹਿੱਟ ਗੀਤ ਸੀ ‘ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ...’ ਜੋ ਸਾਜਨ ਰਾਏਕੋਟੀ ਦਾ ਲਿਖਿਆ ਸੀ। ਇਹ 1968 ਵਿੱਚ ਐੱਮਐੱਮਵੀ ਤਵੇ ’ਤੇ ਆਇਆ ਸੀ, ਜਿਸ ਦੀ ਰਿਕਾਰਡ ਤੋੜ ਵਿਕਰੀ ਨੇ ਸੱਚ ਮੁੱਚ ਹੀ ਬਹਿਜਾ ਬਹਿਜਾ ਕਰਵਾ ਦਿੱਤੀ। ਉਸ ਤੋਂ ਬਾਅਦ ਉਸ ਦੇ ਅਨੇਕਾਂ ਗੀਤ ਰਿਕਾਰਡ ਹੋਏ, ਜੋ ਉਸ ਦੀ ਪ੍ਰਸਿੱਧੀ ਨੂੰ ਸਿਖਰਾਂ ’ਤੇ ਲੈ ਗਏ।
ਜਿੱਥੇ ਉਸ ਦਾ ਸੁਰਿੰਦਰ ਕੌਰ ਨਾਲ ਗਾਇਆ ਇੱਕ ਦੋਗਾਣਾ- ਮਿੱਤਰਾਂ ਦਾ ਚੱਲਿਆ ਟਰੱਕ ਨੀਂ, ਚੁੱਪ ਕਰਕੇ ਚੜ੍ਹਜਾ... ’ ਡਰਾਈਵਰਾਂ ਦੇ ਸ਼ੱਕੇ ਨਜ਼ਰੀਏ ਦੀ ਪੇਸ਼ਕਾਰੀ ਕਰਦਾ ਹੈ, ਉੱਥੇ ਨਰਿੰਦਰ ਬੀਬਾ ਨਾਲ ਉਸ ਦਾ ਇੱਕ ਗੀਤ ‘ਛੇਤੀ ਛੇਤੀ ਤੋਰ ਜ਼ਰਾ ਬੱਸ ਵੇ ਡਰਾਈਵਰਾ, ਗਿੱਧੇ ਵਿੱਚ ਗਾਵਾਂ ਤੇਰਾ ਜਸ ਵੇ ਡਰਾਈਵਰਾ’ ਬੱਸ ਡਰਾਈਵਰਾਂ ਪ੍ਰਤੀ ਵੱਖਰੇ ਨਜ਼ਰੀਏ ਦੀ ਗਵਾਹੀ ਭਰਦਾ ਹੈ। ਜਦ ਰਮੇਸ਼ ਰੰਗੀਲਾ ਗਾਇਕੀ ਵਿੱਚ ਸਰਗਰਮ ਸੀ ਉਦੋਂ ਦੀਦਾਰ ਸੰਧੂ ਗੀਤਕਾਰੀ ’ਚ ਆਇਆ ਸੀ ਤਾਂ ਦੀਦਾਰ ਦੀ ਮੁੱਢਲੀ ਕਲਮ ਦੇ ਅਨੇਕਾਂ ਗੀਤ ਰੰਗੀਲੇ ਦੀ ਪਛਾਣ ਬਣੇ। ਇਸ ਤੋਂ ਇਲਾਵਾ ਉਸ ਨੇ ਚਤਰ ਸਿੰਘ ਪਰਵਾਨਾ ਅਤੇ ਪਾਲੀ ਦੇਤਵਾਲੀਆ ਦੇ ਲਿਖੇ ਗੀਤਾਂ ਨੂੰ ਵੀ ਵਧੇਰੇ ਰਿਕਾਰਡ ਕਰਵਾਇਆ। ਦੀਦਾਰ ਸੰਧੂ ਤੋਂ ਬਾਅਦ ਚਤਰ ਸਿੰਘ ਪਰਵਾਨਾ ਰਮੇਸ਼ ਦਾ ਦੂਜਾ ਪਸੰਦੀਦਾ ਗੀਤਕਾਰ ਸੀ। ਉਸ ਨੇ ਪਰਵਾਨੇ ਦੇ ਲਿਖੇ ਜਿੰਨੇ ਵੀ ਗੀਤ ਗਾਏ, ਸਭ ਮਕਬੂਲ ਰਹੇ।
ਰਮੇਸ਼ ਰੰਗੀਲੇ ਦੀ ਗਾਇਕੀ ’ਚ ਦੋ ਗੱਲਾਂ ਦਾ ਝਲਕਾਰਾ ਪੈਂਦਾ ਹੈ। ਉਹ ਇਹ ਕਿ ਜਿੱਥੇ ਸੁਰਿੰਦਰ ਕੌਰ ਨਾਲ ਗਾਏ ਦੋਗਾਣੇ ਸਮਾਜਿਕ-ਪਰਿਵਾਰਕ ਰਿਸ਼ਤਿਆਂ ਦੀ ਹੱਦਬੰਦੀ ਦੇ ਘੇਰੇ ਵਿੱਚ ਹਨ, ਉੱਥੇ ਸੁਦੇਸ਼ ਕਪੂਰ ਨਾਲ ਗਾਏ ਦੋਗਾਣੇ ਨਿਰਧਾਰਤ ਘੇਰੇ ਤੋਂ ਬਾਹਰ ਝਾਕਦੇ ਨਜ਼ਰ ਆਉਂਦੇ ਹਨ। ਉਸ ਨੇ ਆਪਣੇ ਕਲਾ ਸਫ਼ਰ ਦੌਰਾਨ ਸਰੋਤਿਆਂ ਦਾ ਖੂਬ ਮਨੋਰੰਜਨ ਕੀਤਾ, ਚਾਰ ਪੈਸੇ ਵੀ ਕਮਾਏ। ਇੱਜ਼ਤ ਸ਼ੁਹਰਤ ਵੀ ਬਥੇਰੀ ਕਮਾਈ, ਪਰ ਉਸ ਦੀ ਨਿੱਜੀ ਜ਼ਿੰਦਗੀ ਬੜੀ ਔਕੜਾਂ ਭਰੀ ਰਹੀ। 4 ਜੁਲਾਈ 1945 ਨੂੰ ਲਹਿੰਦੇ ਪੰਜਾਬ ਦੇ ਸ਼ਹਿਰ ਗੁਜਰਾਂਵਾਲਾ ਵਿਖੇ ਪਿਤਾ ਬਰਕਤ ਰਾਮ ਅਤੇ ਮਾਤਾ ਵੀਰਾਂਵੰਤੀ ਦੇ ਘਰ ਜਨਮਿਆ ਰਮੇਸ਼ ਚਾਰ ਪੁੱਤਾਂ ਅਤੇ ਛੇ ਧੀਆਂ ਵਿੱਚੋਂ ਤੀਜੇ ਨੰਬਰ ’ਤੇ ਸੀ। ਦੇਸ਼ ਦੀ ਵੰਡ ਨੇ ਉਸ ਦੇ ਪਰਿਵਾਰ ਨੂੰ ਦਰ ਦਰ ’ਤੇ ਠੋਕਰਾਂ ਖਾਣ ਲਈ ਮਜਬੂਰ ਕੀਤਾ। ਮੁਸ਼ਕਲ ਨਾਲ ਭੱਜ-ਦੌੜ ਕਰਨ ਉਪਰੰਤ ਉਸ ਦੇ ਪਰਿਵਾਰ ਨੂੰ ਲੁਧਿਆਣੇ ਸਿਰ ਢਕਣ ਜੋਗੀ ਛੱਤ ਨਸੀਬ ਹੋਈ।
ਰਮੇਸ਼ ਦੇ ਪਰਿਵਾਰ ’ਚੋਂ ਪਹਿਲਾਂ ਕੋਈ ਵੀ ਸੰਗੀਤਕ ਖੇਤਰ ਵਿੱਚ ਨਹੀਂ ਸੀ। ਜਦ ਸਕੂਲ ਪੜ੍ਹਦਿਆਂ ਰਮੇਸ਼ ਨੂੰ ਗਾਉਣ ਦਾ ਸ਼ੌਕ ਪਿਆ ਤਾਂ ਘਰਦਿਆਂ ਨੇ ਉਸ ਨੂੰ ਵਰਜਿਆ, ਪਰ ਉਸ ਨੇ ਕਿਸੇ ਦੀ ਇੱਕ ਨਾ ਸੁਣੀ ਅਤੇ ਅੱਠਵੀਂ ਦੀ ਪੜ੍ਹਾਈ ਵਿਚਾਲੇ ਛੱਡ ਉਹ ਸਾਜਨ ਰਾਏਕੋਟੀ ਦੀ ਰਾਮ ਲੀਲਾ ਪਾਰਟੀ ਨਾਲ ਜਾ ਰਲਿਆ। ਜਿੱਥੇ ਉਸ ਨੇ ਸੰਗੀਤਕ ਅੰਬਰਾਂ ’ਤੇ ਉੱਚੀ ਉਡਾਰੀ ਭਰਨ ਦਾ ਸੁਪਨਾ ਲਿਆ। ਫਿਰ ਗਾਇਕੀ ਦੀਆਂ ਅਸਲ ਬਾਰੀਕੀਆਂ ਸਿੱਖਣ ਲਈ ਜਸਵੰਤ ਭੰਵਰੇ ਨੂੰ ਆਪਣਾ ਉਸਤਾਦ ਧਾਰਿਆ। ਇੱਥੋਂ ਉਸ ਦੀ ਅਸਲ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਜਦ ਜਸਵੰਤ ਭੰਵਰੇ ਨੇ ਉਸ ਦੇ ਗੀਤ ਤਵਿਆਂ ’ਤੇ ਰਿਕਾਰਡ ਕਰਵਾ ਕੇ ਸਰੋਤਿਆਂ ਤੱਕ ਪਹੁੰਚਾਏ।
ਮਹਿਜ਼ 15 ਸਾਲ ਦੀ ਉਮਰ ਵਿੱਚ ਉਹ ਗਾਉਣ ਲੱਗ ਪਿਆ ਸੀ ਤੇ ਰਮੇਸ਼ ਕੁਮਾਰ ਤੋਂ ਰਮੇਸ਼ ਰੰਗੀਲਾ ਬਣ ਗਿਆ ਸੀ। ਰਮੇਸ਼ ਨੇ ਨਰਿੰਦਰ ਬੀਬਾ, ਸੁਰਿੰਦਰ ਕੌਰ, ਰਾਜਿੰਦਰ ਰਾਜਨ, ਸਨੇਹ ਲਤਾ, ਸਵਰਨ ਲਤਾ, ਪ੍ਰੋਮਿਲਾ ਪੰਮੀ, ਸੁਦੇਸ਼ ਕਪੂਰ ਤੇ ਕੁਮਾਰੀ ਲਾਜ ਦਿੱਲੀ ਆਦਿ ਸਹਿ ਗਾਇਕਾਵਾਂ ਨਾਲ ਗੀਤ ਰਿਕਾਰਡ ਕਰਵਾਏ। ਉਸ ਦੀ ਆਵਾਜ਼ ’ਚ ਐਨੀ ਮਿਠਾਸ ਤੇ ਲਚਕ ਸੀ ਕਿ ਉਸ ਦਾ ਕਿਸੇ ਨਾਲ ਵੀ ਗਾਇਆ ਗੀਤ ਹਿੱਟ ਹੋ ਜਾਂਦਾ ਸੀ। ਖੁੱਲ੍ਹੇ ਅਖਾੜਿਆਂ ਦੇ ਉਸ ਦੌਰ ਵਿੱਚ ਉਸ ਦੀ ਵੀ ਪੂਰੀ ਬੱਲੇ ਬੱਲੇ ਸੀ। ਉਸ ਨੇ ਅਨੇਕਾਂ ਗਾਇਕਾਵਾਂ ਨਾਲ ਪ੍ਰੋਗਰਾਮ ਕੀਤੇ, ਪਰ ਸੁਦੇਸ਼ ਕਪੂਰ ਨਾਲ ਲਗਾਤਾਰ 15 ਸਾਲ ਗਾਇਆ। ਉਸ ਦੇ ਗਾਏ ਚਰਚਿਤ ਗੀਤਾਂ ’ਚੋਂ ਕੁਝ ਇਸ ਤਰ੍ਹਾਂ ਹਨ;
-ਨੈਣ ਪ੍ਰੀਤੋ ਦੇ ਬਹਿਜਾ ਬਹਿਜਾ ਕਰਦੇ
-ਤੇਰੀ ਕਾਗਜ਼ ਵਰਗੀ ਭਾਬੀ
-ਮੁੰਡਾ ਸੀ ਕੂਲੇ ਪੱਤ ਵਰਗਾ
-ਜਿਊਂਦੇ ਰਹਿਣ ਹੋਟਲਾਂ ਵਾਲੇ
-ਮਿੱਤਰਾਂ ਦਾ ਚੱਲਿਆ ਟਰੱਕ
-ਦਿਓਰ ਰੱਖਿਆ ਕੁਆਰਾ
ਉਸ ਦਾ ਵਿਆਹ ਦਰਸ਼ਨਾ ਰਾਣੀ ਦਿੱਲੀ ਨਾਲ 1973 ਵਿੱਚ ਹੋਇਆ। ਇਨ੍ਹਾਂ ਦੇ ਘਰ ਇੱਕ ਬੇਟੀ ਤੇ ਇੱਕ ਬੇਟੇ ਨੇ ਜਨਮ ਲਿਆ। ਰਮੇਸ਼ ਰੰਗੀਲਾ ਆਪਣੇ ਗਾਇਕੀ ਦੇ ਸਫ਼ਰ ਨਾਲ ਸੰਗੀਤਕ ਇਤਿਹਾਸ ਦਾ ਸੁਨਹਿਰੀ ਪੰਨਾ ਲਿਖਣ ਵਿੱਚ ਮਸ਼ਰੂਫ ਸੀ। ਸਮੁੱਚੇ ਸੰਗੀਤ ਜਗਤ ਨੂੰ ਵੀ ਉਸ ਤੋਂ ਬਹੁਤ ਆਸਾਂ ਸਨ, ਪਰ ਬੇਵਕਤੀ ਮੌਤ ਦੇ ਪੰਜਿਆਂ ਨੇ ਉਸ ਨੂੰ ਭਰ ਜੁਆਨੀ ਵਿੱਚ ਹੀ ਸਾਡੇ ਤੋਂ ਖੋਹ ਲਿਆ। 2 ਮਾਰਚ 1991 ਨੂੰ ਉਹ ਰੇਲਵੇ ਸਟੇਸ਼ਨ ’ਤੇ ਪਲੈਟਫਾਰਮ ’ਤੇ ਪੈਰ ਤਿਲ੍ਹਕਣ ਨਾਲ ਗੱਡੀ ਦੀ ਲਪੇਟ ’ਚ ਆ ਗਿਆ ਤੇ ਕੁਝ ਦਿਨ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਦਿਆਂ ਆਖਰ ਅਲਵਿਦਾ ਕਹਿ ਗਿਆ। 24 ਸਾਲਾਂ ਦੇ ਗਾਇਕੀ ਦੇ ਸਫ਼ਰ ਦੌਰਾਨ ਰਮੇਸ਼ ਰੰਗੀਲੇ ਦੀਆਂ ਅਮਿਟ ਪੈੜਾਂ ਸੰਗੀਤ ਪ੍ਰੇਮੀਆਂ ਦਾ ਮਨੋਰੰਜਨ ਕਰਦੀਆਂ ਰਹਿਣਗੀਆਂ।
ਸੰਪਰਕ: 98146-07737