ਬਾਬਲੇ ਨੇ ਵਰ ਟੋਲਿਆ...
ਸੁਹੱਪਣ ਦਾ ਕੋਈ ਵੀ ਮਾਪਦੰਡ ਨਿਸ਼ਚਤ ਨਹੀਂ ਹੈ। ਕਿਸੇ ਖੇਤਰ ਵਿੱਚ ਕਾਲੇ ਰੰਗ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ ਤੇ ਕਿਸੇ ਖੇਤਰ ਵਿੱਚ ਗੋਰੇ ਰੰਗ ਨੂੰ। ਸਾਡੇ ਗੀਤ ਜਾਂ ਲੋਕ ਗੀਤ ਗੋਰੇ ਤੇ ਕਾਲੇ ਰੰਗ ਦੀ ਕਾਫ਼ੀ ਪੁਣ-ਛਾਣ ਕਰਦੇ ਹਨ। ਕੋਈ ਕਹਿੰਦੀ ਹੈ ‘ਮੇਰਾ ਕਾਲਾ ਏ ਸਰਦਾਰ ਗੋਰਿਆਂ ਨੂੰ ਦਫਾ ਕਰੋ।’ ਕੋਈ ਕਹਿੰਦੀ ਹੈ ‘ਕਾਲਾ ਕੰਤ ਨਾ ਸਹੇੜੀਂ ਮੇਰੇ ਬਾਬਲਾ ਘਰ ਦਾ ਮਾਲ ਡਰੂ।’
ਸਾਲ 1982-83 ਦੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੋਸਟਲ ਵਿੱਚ ਸਾਡੇ ਨਾਲ ਹੀ ਅਫ਼ਰੀਕੀ ਮਹਾਂਦੀਪ ਦੇ ਮੁੰਡੇ ਅਤੇ ਕੁੜੀਆਂ ਰਹਿੰਦੇ ਸਨ। ਉਨ੍ਹਾਂ ਨੇ ਵੀ ਯੂਨੀਵਰਸਿਟੀ ਵਿੱਚ ਕਿਸੇ ਨਾ ਕਿਸੇ ਕੋਰਸ ਵਿੱਚ ਦਾਖਲਾ ਲਿਆ ਹੋਇਆ ਸੀ। ਉਨ੍ਹਾਂ ਦੇ ਰੰਗ ਕਾਲੇ ਤੇ ਵਾਲ ਘੁੰਗਰਾਲੇ ਸਨ। ਜਦੋਂ ਅਸੀਂ ਕਦੇ ਉਨ੍ਹਾਂ ਤੋਂ ਸੁਹੱਪਣ ਬਾਰੇ ਪੁੱਛਦੇ ਤਾਂ ਉਹ ਦੱਸਦੇ ਕਿ ਜਿਨ੍ਹਾਂ ਦੇ ਰੰਗ ਕਾਲੇ ਸ਼ਾਹ ਤੇ ਵਾਲ ਜ਼ਿਆਦਾ ਘੁੰਗਰਾਲੇ ਹੋਣ, ਅਸੀਂ ਉਸ ਨੂੰ ਬਹੁਤ ਖ਼ੂਬਸੂਰਤ ਸਮਝਦੇ ਹਾਂ। ਜਦੋਂ ਕਿ ਆਪਣੇ ਸਮਾਜ ਵਿੱਚ ਗੋਰੇ ਰੰਗ ਨੂੰ ਪ੍ਰਮੁੱਖਤਾ ਦਿੱਤੀ ਜਾਂਦੀ ਹੈ।
ਕਹਿਣ ਦਾ ਭਾਵ ਹੈ ਕਿ ਸੁਹੱਪਣ ਦਾ ਕੋਈ ਸਰਬ-ਪ੍ਰਮਾਣਿਤ ਮਾਪਦੰਡ ਨਹੀਂ ਮਿੱਥਿਆ ਜਾ ਸਕਦਾ। ਸੁਹੱਪਣ ਬਾਰੇ ਹਰ ਖੇਤਰ ਦੀ ਆਪੋ-ਆਪਣੀ ਨਿੱਜੀ ਰਾਏ ਹੈ। ਕਿਸੇ ਨੇ ਮਜਨੂੰ ਨੂੰ ਕਿਹਾ ਸੀ ਕਿ ਤੇਰੀ ਲੈਲਾ ਰੰਗ ਦੀ ਕਾਲੀ ਹੈ ਤਾਂ ਉਸ ਨੇ ਅੱਗੋਂ ਜੁਆਬ ਦਿੱਤਾ ਸੀ ਕਿ ਤੁਸੀਂ ਮੇਰੀਆਂ ਅੱਖਾਂ ਨਾਲ ਦੇਖੋ। ਤੁਹਾਡੀ ਅੱਖ ਹੀ ਦੇਖਣ ਵਾਲੀ ਨਹੀਂ ਹੈ। ਸੋ ਸੁਹੱਪਣ ਬਾਰੇ ਕਿਸੇ ਸਿੱਟੇ ’ਤੇ ਪੁੱਜਣ ਲਈ ਹਰ ਇੱਕ ਦੀ ਰਾਏ ਵੱਖਰੀ-ਵੱਖਰੀ ਹੋਵੇਗੀ, ਪ੍ਰੰਤੂ ਸਾਡਾ ਪੰਜਾਬੀ ਸੱਭਿਆਚਾਰ ਗੋਰੇ ਰੰਗ ਨੂੰ ਮਾਨਤਾ ਦਿੰਦਾ ਹੈ। ਸਾਡੇ ਗੀਤ ਤੇ ਲੋਕ-ਬੋਲੀਆਂ ਥਾਂ-ਥਾਂ ’ਤੇ ਕਾਲੇ ਰੰਗ ਨੂੰ ਫਿਟਕਾਰ ਆਦਿ ਪਾਉਂਦੇ ਦਿਖਾਈ ਦਿੰਦੇ ਹਨ। ਇੱਕ ਮੁਟਿਆਰ ਆਪਣੇ ਬਾਪ ਵੱਲੋਂ ਕਾਲੇ ਰੰਗ ਦਾ ਵਰ ਟੋਲਣ ’ਤੇ ਉਸ ਨੂੰ ਕਰੜਾ ਉਲਾਂਭਾ ਦਿੰਦੀ ਹੈ;
ਕਾਲੇ ਨਾਗ ਦਾ ਭੁਲੇਖਾ ਪਾਵੇ
ਤੇਰੀ ਵੇ ਸਹੇੜ ਬਾਬਲਾ।
ਗੀਤਾਂ ਵਿੱਚ ਕਾਲੇ ਰੰਗ ਦੇ ਕੰਤ ਦੀ ਤੁਲਨਾ ‘ਕਾਲੇ ਨਾਗ’ ਨਾਲ ਕੀਤੀ ਜਾਂਦੀ ਹੈ ਤੇ ਗੋਰੇ ਰੰਗ ਦੀ ਤੁਲਨਾ ‘ਖਰਬੂਜ਼ੇ’ ਨਾਲ ਕੀਤੀ ਜਾਂਦੀ ਹੈ;
ਬੂਝੜ ਪੱਲੇ ਪੈ ਗਿਆ ਮੇਰੇ
ਮੈਂ ਸੀ ਨੱਖਰੇ ਪੱਟੀ।
ਖਾ ਲਈ ਵੇ ਕਾਲੇ ਨਾਗ ਨੇ
ਖਰਬੂਜ਼ੇ ਵਰਗੀ ਜੱਟੀ।
ਗਿੱਧੇ ਵਿੱਚ ਪੈਣ ਵਾਲੀਆਂ ਬੋਲੀਆਂ ਤਾਂ ਕਾਲੇ ਰੰਗ ਦੇ ਪਤੀ ਨੂੰ ਧੱਕ ਕੇ ਹਾਸ਼ੀਏ ’ਤੇ ਕਰ ਦਿੰਦੀਆਂ ਹਨ। ਇੱਕ ਮੁਟਿਆਰ ਆਪਣੇ ਬਾਬਲ ਵੱਲੋਂ ਕਾਲੇ ਰੰਗ ਦਾ ਵਰ ਟੋਲਣ ’ਤੇ ਆਪਣੀ ਮਾਂ ਕੋਲ ਰੋਸ ਕਰਦੀ ਹੈ ਅਤੇ ਕਾਲੇ ਰੰਗ ਕਰਕੇ ਬਾਬਲ ਦੀ ਸਹੇੜ ਦਾ ਪਹਿਰਾਵਾ ਵੀ ਉਸ ਨੂੰ ਜਚਦਾ ਨਹੀਂ ਹੈ। ਉਸ ਦੀ ਨਾਪਸੰਦੀ ਉਦੋਂ ਹੋਰ ਚਿੰਗਾੜੀ ਬਣ ਜਾਂਦੀ ਹੈ ਜਦੋਂ ਉਸ ਦੇ ਨਾਲ ਦੀਆਂ ਕੁੜੀਆਂ ਵੀ ਉਸ ਨੂੰ ਮਿਹਣੇ ਮਾਰਨ ਲੱਗ ਜਾਂਦੀਆਂ ਹਨ;
ਬਾਬਲ ਨੇ ਵਰ ਟੋਲਿਆ
ਉਹਦਾ ਰੰਗ ਤਵੇ ਤੋਂ ਕਾਲਾ।
ਕੁੜੀਆਂ ਮੈਨੂੰ ਮਾਰਨ ਤਾਅਨੇ
ਆਹ ਤੇਰੇ ਘਰ ਵਾਲਾ।
ਨੀਂ ਮੈਨੂੰ ਦੱਦ ਲੱਗਿਆ
ਉੱਚੇ ਪਜਾਮੇ ਵਾਲਾ।
ਉਸ ਦੀ ਮਾਂ ਉਸ ਨੂੰ ਗੋਰੇ ਕਾਲੇ ਰੰਗ ਦੇ ਚੱਕਰਾਂ ਵਿੱਚੋਂ ਕੱਢਣ ਦੇ ਮੰਤਵ ਨਾਲ ਉਸ ਨੂੰ ਦਿਲਾਸਾ ਦਿੰਦੀ ਹੈ। ਰੰਗ ਨਾਲੋਂ ਅਕਲ ਨੂੰ ਮਹਾਨ ਦੱਸਦੀ ਹੋਈ ਕਹਿੰਦੀ ਹੈ;
ਅੰਬ ਕੋਲੇ ਇਮਲੀ
ਆਕਾਸ਼ ਕੋਲੇ ਤਾਰਾ।
ਅਕਲ ਹੋਵੇ ਨੀਂ
ਭਾਵੇਂ ਰੰਗ ਹੋਵੇ ਕਾਲਾ।
ਮਾਂ, ਧੀ ਦੇ ਦਰਦ ਨੂੰ ਭਾਵੇਂ ਸਮਝਦੀ ਹੈ, ਪਰ ਹੁਣ ਪਾਣੀ ਸਿਰ ਉੱਤੋਂ ਦੀ ਲੰਘ ਗਿਆ ਹੈ, ਪ੍ਰੰਤੂ ਕਾਲੇ ਰੰਗ ਦੇ ਪਤੀ ਨੂੰ ਮੁਟਿਆਰ ਦਿਲੋਂ ਸਵੀਕਾਰ ਨਹੀਂ ਕਰਦੀ। ਉਸ ਦੇ ਅਰਮਾਨ ਉਸ ਦੀਆਂ ਰੀਝਾਂ ਦੇ ਹਾਣੀ ਬਣਨ ਤੋਂ ਇਨਕਾਰੀ ਹੋ ਜਾਂਦੇ ਹਨ। ਔਰਤ ਨੂੰ ਆਪਣੇ ਹੁਸਨ ’ਤੇ ਮਾਣ ਹੁੰਦਾ ਹੈ। ਇੱਕ ਮੁਟਿਆਰ ਆਪਣਾ ਦੁੱਖ ਦੱਸਦੀ ਹੋਈ ਕਹਿੰਦੀ ਹੈ ਕਿ ਕਿਵੇਂ ਉਹ ਕਾਲੇ ਰੰਗ ਦੇ ਪਤੀ ਨਾਲ ਵਿਆਹੀ ਜਾਣ ’ਤੇ ‘ਸਾਬਣ ਦੀ ਟਿੱਕੀ’ ਤੋਂ ਖਿਸਕ ਕੇ ‘ਚੁੱਲ੍ਹੇ ਜਾਂ ਹਾਰੇ ਦੀ ਮਿੱਟੀ’ ਬਣ ਚੁੱਕੀ ਹੈ ਜੋ ਕਿ ਹਰ ਰੋਜ਼ ਮਚਦੀ ਹੈ। ਭਾਵ ਆਪ ਸੜਦੀ ਹੈ;
ਨੀਂ ਮੈਂ ਚੁੱਲ੍ਹੇ ਦੀ ਮਿੱਟੀ
ਨੀਂ ਮੈਂ ਹਾਰੇ ਦੀ ਮਿੱਟੀ।
ਕਾਲੇ ਰੀਠੜੇ ਨੂੰ ਵਿਆਹੀ
ਨੀਂ ਮੈਂ ਸਾਬਣ ਦੀ ਟਿੱਕੀ।
ਕਾਲੇ ਰੰਗ ਦੇ ਪਤੀ ਦੀ ਸ਼ਿਕਾਇਤ ਕਰਦਿਆਂ ਕਈ ਵਾਰ ਔਰਤ ਆਪਣੀ ਸੱਸ ਨੂੰ ਵੀ ਨਹੀਂ ਬਖ਼ਸ਼ਦੀ। ਗਿੱਧੇ ਦੀਆਂ ਬੋਲੀਆਂ ਰਾਹੀਂ ਉਹ ਆਪਣੀ ਸੱਸ ’ਤੇ ਕਰਾਰੀ ਚੋਟ ਮਾਰਦੀ ਹੈ। ਆਪਣੇ ਕਾਲੇ ਰੰਗ ਦੇ ਪਤੀ ਦਾ ਉਲਾਂਭਾ ਉਹ ਆਪਣੀ ਸੱਸ ਨੂੰ ਵੀ ਦੇ ਜਾਂਦੀ ਹੈ। ਇਸ ਸਮੇਂ ਉਹ ਆਪਣੀ ਸੱਸ ਨੂੰ ਸਿਰਫ਼ ਦੋਸ਼ੀ ਹੀ ਨਹੀਂ ਠਹਿਰਾਉਂਦੀ ਸਗੋਂ ਉਸ ਦੇ ਕਾਲਾ ਪੁੱਤਰ ਹੋਣ ’ਤੇ ਇੱਕ ਕੋਝਾ ਵਿਅੰਗ ਵੀ ਕਸਦੀ ਹੈ;
ਪੰਜ-ਸੱਤ ਛੋਹਰੇ ਜੰਮੇ।
ਸਾਰੇ ਪੁੱਤ ਗੋਰੇ ਜੰਮੇ।
ਮੇਰੇ ਵਾਰੀ ਜੰਮ ਦਿੱਤਾ ਕਾਲਾ
ਮੇਰੀ ਸੱਸ ਨੇ।
ਐਥੇ ਈ ਕਰ ਦਿੱਤਾ
ਘਾਲਾ-ਮਾਲਾ ਮੇਰੀ ਸੱਸ ਨੇ।
ਆਪਣੇ ਕਜੋੜ ਵਰ ਨੂੰ ਲੈ ਕੇ ਇੱਕ ਮੁਟਿਆਰ ਦੇ ਸਬਰ ਦਾ ਪਿਆਲਾ ਨੱਕੋ-ਨੱਕ ਭਰ ਜਾਂਦਾ ਹੈ। ਅੰਤ ਉਹ ਆਪਣੇ ਅੰਦਰਲੀ ਅੱਗ ਨੂੰ ਇੱਕ ਦਿਨ ਦਿਲ ਕਰਕੇ ਆਪਣੇ ਬਾਬਲ ਦੀ ਤਲੀ ’ਤੇ ਰੱਖ ਦਿੰਦੀ ਹੈ। ਗਿੱਧੇ ਵਿੱਚ ਅੱਗ ਦੀ ਲਾਟ ਵਰਗਾ ਇਹ ਦੁੱਖ ਜਵਾਲਾਮੁਖੀ ਬਣ ਕੇ ਫਟਦਾ ਹੈ;
ਕੋਈ ਨਾ ਸੁਣਦਾ ਧਰਮੀ ਬਾਬਲਾ
ਧੀ ਤੇਰੀ ਦੀਆਂ ਹੂਕਾਂ।
ਕੋਈ ਨਾ ਦੇਖੇ ਪੀੜ ਮੇਰੀ ਨੂੰ
ਕੋਠੇ ਚੜ੍ਹ-ਚੜ੍ਹ ਕੂਕਾਂ।
ਨਾ ਮੈਂ ਕਿਸੇ ਨੂੰ ਦੱਸਣ ਜੋਗੀ
ਕੰਤ ਦੀਆਂ ਕਰਤੂਤਾਂ।
ਰੰਗ ਦੇ ਕਾਲੇ ਨੂੰ
ਮੈਂ ਕੀ ਬਾਬਲਾ ਫੂਕਾਂ।
ਵਿਚੋਲਾ ਸਾਡੇ ਦੋ ਪਰਿਵਾਰਾਂ ਵਿੱਚ ਕੜੀ ਦਾ ਕੰਮ ਕਰਦਾ ਹੈ। ਜੇਕਰ ਦੋਹਾਂ ਪਰਿਵਾਰਾਂ ਦੀ ਸਾਂਝ ਗੂੜ੍ਹੀ ਹੁੰਦੀ ਹੈ ਤਾਂ ਵਿਚੋਲੇ ਦਾ ਜਸ ਗਾਇਆ ਜਾਂਦਾ ਹੈ, ਪਰ ਜੇਕਰ ਵਿਆਹ ਕਜੋੜ ਬਣ ਜਾਵੇ ਤਾਂ ਵਿਚੋਲੇ ਨੂੰ ਰੱਜ ਕੇ ਕੋਸਿਆ ਜਾਂਦਾ ਹੈ। ਇਸ ਤਰ੍ਹਾਂ ਸਾਡੀਆਂ ਲੋਕ-ਬੋਲੀਆਂ ਵਿੱਚ ਵਿਚੋਲੇ ਬਾਰੇ ਦੋਵੇਂ ਰੰਗ ਦੇਖਣ ਨੂੰ ਮਿਲਦੇ ਹਨ। ਇੱਕ ਮੁਟਿਆਰ ਜੋ ਆਪਣੇ ਕਾਲੇ ਰੰਗ ਦੇ ਪਤੀ ਤੋਂ ਨਾਖ਼ੁਸ਼ ਹੁੰਦੀ ਹੋਈ ਇੱਕ ਵਾਰ ਤਾਂ ਸਬਰ ਦਾ ਘੁੱਟ ਭਰ ਕੇ ਚੁੱਪ ਕਰ ਜਾਂਦੀ ਹੈ। ਸਮਾਂ ਪਾ ਕੇ ਜਦੋਂ ਉਸ ਦੇ ਬੱਚੇ ਵੀ ਆਪਣੇ ਪਿਤਾ ਦੇ ਰੰਗ ਰੂਪ ਵਰਗੇ ਪੈਦਾ ਹੁੰਦੇ ਹਨ ਤਾਂ ਉਸ ਦਾ ਦਰਦ ਇੱਕ ਵਾਰ ਫਿਰ ਚਸਕ ਉੱੱਠਦਾ ਹੈ। ਹੁਣ ਉਹ ਆਪਣੇ ਮਾਪਿਆਂ ਨਾਲੋਂ ਆਪਣੇ ਵਿਚੋਲੇ ਤੇ ਵੱਧ ਗੁੱਸਾ ਕੱਢਦੀ ਹੈ ਜਿਸ ਨੇ ਉਸ ਦੇ ਮਾਪਿਆਂ ਨੂੰ ਕਾਲੇ ਰੰਗ ਦੇ ਪਤੀ ਦੀ ਦੱਸ ਪਾਈ ਸੀ। ਹੁਣ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਚਿੰਤਤ ਹੁੰਦੀ ਹੋਈ ਇੱਕ ਮਿਹਣਾ ਆਪਣੇ ਵਿਚੋਲੇ ਨੂੰ ਮਾਰ ਉੱਠਦੀ ਹੈ;
ਖੜਾ-ਖੜੋਤਾ ਮਰੇਂ ਵਿਚੋਲਿਆ
ਹੋ ਜੇ ਖਾਕ ਦੀ ਢੇਰੀ।
ਮੇਰੇ ਸਿਰ੍ਹਾਣੇ ਰਿੱਛ ਬੰਨ੍ਹ ਦਿੱਤਾ
ਖਾਵੇ ਅੰਨ ਪੰਸੇਰੀ।
ਦੋ ਨਿਆਣੇ ਮੇਰੇ ਕਾਲੇ ਜੰਮੇ
ਕਾਲੀ ਜਿਵੇਂ ਹਨੇਰੀ।
ਪੁੱਤ ਵੀ ਕਾਲਾ ਧੀ ਵੀ ਕਾਲੀ
ਆਵੇ ਕਿਵੇਂ ਦਲੇਰੀ।
ਹੁਣ ਮੈਂ ਤਾਂ ਪਿੱਟਦੀ
ਨਸਲ ਵਿਗੜਗੀ ਮੇਰੀ।
ਮਾਪਿਆਂ ਦੀ ਸਹੇੜ ਨੂੰ ਮੁਟਿਆਰ ਸਵੀਕਾਰ ਕਰ ਲੈਂਦੀ ਹੈ। ਫਿਰ ਉਹ ਉਸ ਨੂੰ ਸਜਾਉਣ ਜਾਂ ਸੰਵਾਰਨ ਦੀ ਕੋਸ਼ਿਸ਼ ਕਰਦੀ ਹੈ। ਕਦੇ ਉਸ ਦੇ ਚੰਗੇ ਕੱਪੜੇ ਪਹਿਨਾਉਂਦੀ ਹੈ। ਕਦੇ ਉਸ ਨੂੰ ਸਾਬਣ ਲਾ-ਲਾ ਕੇ ਨੁਹਾਉਂਦੀ ਹੈ। ਉਹ ਪੁਰਜ਼ੋਰ ਕੋਸ਼ਿਸ਼ ਕਰਦੀ ਹੈ ਕਿ ਸ਼ਾਇਦ ਉਸ ਦੇ ਰੰਗ ਵਿੱਚ ਕੋਈ ਤਬਦੀਲੀ ਆ ਜਾਵੇ, ਪਰ ਉਸ ਦੀ ਕੋਸ਼ਿਸ਼ ਅਸਫਲ ਰਹਿੰਦੀ ਹੈ। ਇੱਕ ਲੋਕ-ਬੋਲੀ ਉਸ ਦੀਆਂ ਭਾਵਨਾਵਾਂ ਦੀ ਇਉਂ ਤਰਜ਼ਮਾਨੀ ਕਰਦੀ ਹੈ;
ਕਾਲੇ ਬੋਕ ਦੇ ਨਾਲ ਨਰੜ ’ਤੀ
ਬੈਠੀ ਦੁੱਖ ਪਰੋਵਾਂ।
ਰੋਜ਼ ਰਗੜਦੀ ਪਿੰਡਾ
ਉੱਤੋਂ ਦੁੱਧ ਦਹੀਂ ਵੀ ਚੋਵਾਂ।
ਜੇ ਕਿਧਰੇ ਹੋ ਜਾਵੇ ਗੋਰਾ
ਮੈਂ ਡੁੱਬੜੇ ਨੂੰ ਰੋਵਾਂ।
ਮੈਲ ਕਛਿਹਰੇ ਦੀ
ਸਾਬਣ ਲਾ-ਲਾ ਧੋਵਾਂ।
ਇਹ ਜ਼ਰੂਰੀ ਨਹੀਂ ਕਿ ਕਾਲੇ ਰੰਗ ਦਾ ਹਰ ਸ਼ਖ਼ਸ ਹੀ ਨਫ਼ਰਤ ਦਾ ਪਾਤਰ ਹੁੰਦਾ ਹੈ। ਹਰ ਮੁਟਿਆਰ ਦੀ ਆਪੋ-ਆਪਣੀ ਚੋਣ ਹੈ। ਇੱਕ ਮੁਟਿਆਰ ਆਪਣੇ ਕਾਲੇ ਰੰਗ ਦੇ ਪਤੀ ਦੇ ਮੋਹ ਦਾ ਜ਼ਿਕਰ ਵੀ ਇਨ੍ਹਾਂ ਲੋਕ-ਬੋਲੀਆਂ ਵਿੱਚ ਦਰਜ਼ ਕਰਾਉਂਦੀ ਹੈ। ਬੇਸ਼ੱਕ ਪਹਿਲਾਂ ਉਹ ਵੀ ਆਪਣੇ ਕਾਲੇ ਰੰਗ ਦੇ ਪਤੀ ਤੋਂ ਖ਼ੁਸ਼ ਨਹੀਂ ਸੀ, ਪ੍ਰੰਤੂ ਚਮੜੀ ਦੇ ਰੰਗ ਨਾਲੋਂ ਦਿਲ ਦਾ ਰੰਗ ਕਈ ਵਾਰ ਜ਼ਿਆਦਾ ਖ਼ੂਬਸੂਰਤ ਹੁੰਦਾ ਹੈ। ਇਸ ਤੱਥ ਨੂੰ ਇਹ ਲੋਕ-ਬੋਲੀ ਸਿੱਧ ਕਰਦੀ ਹੈ;
ਪਹਿਲਾਂ ਸੀ ਮੈਨੂੰ ਭੈੜਾ ਲੱਗਦਾ
ਦਿਲ ਘਿਰਦਾ ਸੀ ਮੇਰਾ।
ਮੈਂ ਦਿਲ ਨੂੰ ਧਰਵਾਸਾ ਦੇ ਕੇ
ਕਰੜਾ ਕਰ ਲਿਆ ਜੇਰਾ।
ਮੂੰਹ ’ਚ ਬੁਰਕੀਆਂ ਪਾ-ਪਾ
ਉਹਨੇ ਜਿੱਤ ਲਿਆ ਦਿਲ ਮੇਰਾ।
ਰੰਗ ਦੇ ਕਾਲੇ ਦਾ
ਆਉਂਦੈ ਹੇਜ਼ ਬਥੇਰਾ।
ਲੋਕ-ਬੋਲੀਆਂ ਚਮੜੀ ਦੇ ਰੰਗਾਂ ’ਚ ਨਿਖੇੜਾ ਕਰਦੀਆਂ ਸਾਡੇ ਸੱਭਿਆਚਾਰ ਦੀ ਇੱਕ ਵੰਨਗੀ ਬਣ ਕੇ ਸਾਡੇ ਸਨਮੁਖ ਹੁੰਦੀਆਂ ਹਨ। ਜਦੋਂ ਕੋਈ ਸੁਨੱਖੀ ਮੁਟਿਆਰ ਨੂੰ ਕੋਈ ਕਾਲੇ ਰੰਗ ਦਾ ਗੱਭਰੂ ਵਿਆਹ ਕੇ ਲੈ ਜਾਂਦਾ ਹੈ ਤਾਂ ਡੋਲੀ ਦੇ ਪਿੱਛੇ ਉੱਡਦੀ ਧੂੜ ਕਿਸੇ ਲੋਕ-ਬੋਲੀ ਦਾ ਰੂਪ ਬਣ ਕੇ ਕਹਿ ਉੱਠਦੀ ਹੈ;
ਵਿਆਹ ਕੇ ਲੈ ਗਿਆ ਤੂਤ ਦੀ ਛਟੀ
ਮੁੰਡਾ ਰੋਹੀ ਦੀ ਕਿੱਕਰ ਤੋਂ ਕਾਲਾ।
ਸੰਪਰਕ: 95010-12199