ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਅੱਸੂ ਮਾਹ ਨਿਰਾਲਾ...

ਅੱਸੂ ਦੇ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ। ਬਰਸਾਤ ਤੋਂ ਬਾਅਦ ਆਉਣ ਵਾਲੀ ਰੁੱਤ ਵਿੱਚ ਅਸਮਾਨ ਵਿੱਚ ਤਾਰੇ ਵੀ ਖਿੜੇ ਹੁੰਦੇ ਹਨ। ਨਦੀਆਂ, ਦਰਿਆਵਾਂ ਦੇ...
Advertisement

ਅੱਸੂ ਦੇ ਮਹੀਨੇ ਵਿੱਚ ਮੌਸਮ ਵਿੱਚ ਕਾਫ਼ੀ ਬਦਲਾਅ ਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਨਾ ਜ਼ਿਆਦਾ ਗਰਮੀ ਅਤੇ ਨਾ ਹੀ ਠੰਢ ਹੁੰਦੀ ਹੈ। ਬਰਸਾਤ ਤੋਂ ਬਾਅਦ ਆਉਣ ਵਾਲੀ ਰੁੱਤ ਵਿੱਚ ਅਸਮਾਨ ਵਿੱਚ ਤਾਰੇ ਵੀ ਖਿੜੇ ਹੁੰਦੇ ਹਨ। ਨਦੀਆਂ, ਦਰਿਆਵਾਂ ਦੇ ਜਲ ਵੀ ਸਾਫ਼ ਅਤੇ ਸਵੱਛ ਦਿਸਦੇ ਹਨ। ਇਨ੍ਹਾਂ ਪਾਣੀਆਂ ਵਿੱਚ ਅਸੀਂ ਆਪਣਾ ਮੂੰਹ ਵੀ ਦੇਖ ਸਕਦੇ ਹਾਂ। ਕੁਦਰਤ ਤੋਂ ਵੱਡੀ ਕੋਈ ਸ਼ਕਤੀ ਨਹੀਂ ਕਿ ਕੀ ਪਤਾ ਕਦੋਂ ਜਲ ਥਲ ਕਰ ਦੇਵੇ, ਪਰ ਅੱਸੂ ਦਾ ਮਹੀਨਾ ਖੁਸ਼ਕ ਮੌਸਮ ਵਾਲਾ ਤਾਂ ਹੁੰਦਾ ਹੀ ਹੈ ਨਾਲ ਹੀ ਪੈਣ ਵਾਲੀ ਧੁੱਪ ਵੀ ਸੁੰਦਰ ਪ੍ਰਤੀਤ ਹੁੰਦੀ ਹੈ। ਇਸ ਧੁੱਪ ਨੂੰ ਮਨੁੱਖ ਆਰਾਮ ਨਾਲ ਸਹਿ ਸਕਦਾ ਹੈ। ਇਸ ਲਈ ਹੀ ਕਿਹਾ ਜਾਂਦਾ ਹੈ

ਅੱਸੂ ਮਾਹ ਨਿਰਾਲਾ

Advertisement

ਨਾ ਗਰਮੀ, ਨਾ ਪਾਲਾ

ਅੱਸੂ ਦੇ ਮਹੀਨੇ ਵਿੱਚ ਖੇਤਾਂ ਵਿੱਚ ਬਹੁਤ ਰੌਣਕ ਹੁੰਦੀ ਹੈ ਕਿਉਂਕਿ ਚਾਰੇ ਪਾਸੇ ਫ਼ਸਲਾਂ ਭਰਪੂਰ ਹੁੰਦੀਆਂ ਹਨ। ਇਸ ਵੇਲੇ ਫ਼ਸਲਾਂ ਆਪਣੇ ਜੋਬਨ ’ਤੇ ਹੁੰਦੀਆਂ ਹਨ। ਅਜਿਹੀ ਫ਼ਸਲ ਨੂੰ ਦੇਖ ਕੇ ਕਿਸਾਨ ਦਾ ਚਿੱਤ ਖ਼ੁਸ਼ ਹੁੰਦਾ ਹੈ ਅਤੇ ਪਰਿਵਾਰ ਦਾ ਵੀ। ਇਨ੍ਹਾਂ ਫ਼ਸਲਾਂ ਨੂੰ ਦੇਖ ਕੇ ਹੀ ਕਿਸਾਨ ਆਪਣੇ ਘਰ ਦੀ ਵਿਉਂਤ ਬਣਾਉਂਦਾ ਹੈ । ਇਸ ਵਿਉਂਤ ਬਾਰੇ ਕਿਹਾ ਜਾਂਦਾ ਹੈ ਕਿ ਕਿਸਾਨ ਦੀ ਪੁੱਤਰੀ ਵੀ ਇਹ ਉਮੀਦ ਲਾ ਕੇ ਬੈਠੀ ਹੁੰਦੀ ਹੈ ਕਿ ਫ਼ਸਲ ਚੰਗੀ ਆਵੇਗੀ ਤਾਂ ਉਸ ਦਾ ਪਿਤਾ ਉਸ ਦਾ ਕਾਰਜ ਭਾਵ ਵਿਆਹ ਕਰੇਗਾ। ਲੋਕ ਗੀਤਾਂ ਵਿੱਚ ਇਸ ਦਾ ਜ਼ਿਕਰ ਇੰਜ ਕੀਤਾ ਜਾਂਦਾ ਹੈ;

ਮੇਰਾ ਅੱਸੂ ਦਾ ਕਾਜ ਰਚਾ

ਵੇ ਮੇਰੇ ਧਰਮੀ ਬਾਬਲਾ।

ਕਿਸਾਨ ਅਤੇ ਸ਼ਾਹੂਕਾਰ ਦਾ ਸਬੰਧ ਅੱਜ ਤੱਕ ਬਣਿਆ ਹੋਇਆ ਹੈ। ਜ਼ਮੀਨਾਂ ਵਾਲਿਆਂ ਨੂੰ ਸ਼ਾਹੂਕਾਰ ਨਾਲ ਸਬੰਧ ਰੱਖਣਾ ਹੀ ਪੈਂਦਾ ਹੈ ਕਿਉਂਕਿ ਜ਼ਮੀਨ ਦੀ ਫ਼ਸਲ ਛੇ ਮਹੀਨੇ ਬਾਅਦ ਆਉਂਦੀ ਹੈ ਜਦਕਿ ਘਰੇਲੂ ਖ਼ਰਚੇ ਹਰ ਰੋਜ਼ ਹੁੰਦੇ ਹਨ। ਸੋ ਘਰ ਦੇ ਕੰਮਾਂ ਲਈ ਸ਼ਾਹੂਕਾਰ ਤੋਂ ਪੈਸੇ ਲੈਣੇ ਹੀ ਪੈਂਦੇ ਹਨ। ਸ਼ਾਹੂਕਾਰ ਵੀ ਛੇ ਮਹੀਨਿਆਂ ਦੇ ਆਧਾਰ ’ਤੇ ਪੈਸੇ ਦੇਣ ਤੋਂ ਪਿੱਛੇ ਨਹੀਂ ਹਟਦਾ ਅਤੇ ਉਸ ਨੂੰ ਉਮੀਦ ਵੀ ਹੁੰਦੀ ਹੈ ਕਿ ਉਸ ਦੇ ਪੈਸੇ ਫ਼ਸਲ ’ਤੇ ਆ ਜਾਣਗੇ। ਅਜਿਹੇ ਸਮੇਂ ਵਿੱਚ ਸ਼ਾਹੂਕਾਰ ਆਪਣੇ ਪੈਸਿਆਂ ’ਤੇ ਵਿਆਜ ਵੀ ਲਾਉਂਦੇ ਹਨ। ਪੁਰਾਣੇ ਸਮਿਆਂ ਵਿੱਚ ਸ਼ਾਹੂਕਾਰ ਭੋਲੇ ਭਾਲੇ ਕਿਸਾਨਾਂ ਨੂੰ ਦੋਹਰਾ ਵਿਆਜ ਲਾ ਦਿੰਦੇ ਸਨ। ਸ਼ਾਹੂਕਾਰਾਂ ਬਾਰੇ ਇਹ ਕਹਾਵਤ ਪ੍ਰਸਿੱਧ ਹੈ;

ਅੱਸੂ ਇੱਕ, ਦੁਸਹਿਰਾ ਦੋ

ਕੱਤਾ ਤਿੰਨ, ਦੀਵਾਲੀ ਚਾਰ।

ਇਸ ਕਹਾਵਤ ਦਾ ਮਤਲਬ ਇਹ ਹੈ ਕਿ ਦੁਕਾਨਦਾਰ ਜਾਂ ਸ਼ਾਹੂਕਾਰ ਭੋਲੇ ਭਾਲੇ ਕਿਸਾਨਾਂ ਨੂੰ ਵਿਆਜ ਲਾਉਣ ਬਾਰੇ ਇਸ ਤਰ੍ਹਾਂ ਸਮਝਾਉਂਦੇ ਸਨ ਕਿ ਅੱਸੂ ਇੱਕ, ਦੁਸਹਿਰਾ ਦੋ, ਕੱਤਾ ਤਿੰਨ ਤੇ ਦੀਵਾਲੀ ਚਾਰ। ਕਿਸਾਨ ਨੂੰ ਹਿਸਾਬ ਕਿਤਾਬ ਨਹੀਂ ਆਉਂਦਾ ਸੀ ਤਾਂ ਉਹ ਚੁੱਪ ਕਰਕੇ ਇਸੇ ਹਿਸਾਬ ਨਾਲ ਹੀ ਵਿਆਜ ਦੇਈ ਜਾਂਦਾ ਸੀ, ਪਰ ਅੱਜਕੱਲ੍ਹ ਦਾ ਕਿਸਾਨ ਪੜ੍ਹਿਆ ਲਿਖਿਆ ਹੈ ਅਤੇ ਆਪਣੇ ਹਿਸਾਬ ਕਿਤਾਬ ਨੂੰ ਜਾਣਦਾ ਹੈ।

ਅੱਸੂ ਦੇ ਮਹੀਨੇ ਹਵਾ ਦਾ ਰੁੱਖ ਬਦਲਿਆ ਹੋਇਆ ਹੁੰਦਾ ਹੈ ਕਿਉਂਕਿ ਇਸ ਮੌਸਮ ਵਿੱਚ ਹਵਾ ਪੱਛਮ ਵੱਲੋਂ ਚੱਲਦੀ ਹੈ ਭਾਵ ਪੱਛੋਂ ਚੱਲਦੀ ਹੈ ਤੇ ਕਈ ਵਾਰ ਦੱਖਣ ਦੀ ਹਵਾ ਵੀ ਚੱਲ ਪੈਂਦੀ ਹੈ। ਸਾਡੇ ਬਜ਼ੁਰਗਾਂ ਦੇ ਮੁਤਾਬਕ ਇਹ ਕਿਹਾ ਜਾਂਦਾ ਹੈ ਕਿ ਜੇਕਰ ਦੱਖਣ ਦੀ ਹਵਾ ਚੱਲਦੀ ਹੈ ਤਾਂ ਢਾਈ ਘੜੀਆਂ ਵਿੱਚ ਮੀਂਹ ਲਿਆ ਦਿੰਦੀ ਹੈ ਭਾਵ ਇੱਕ ਘੰਟੇ ਵਿੱਚ ਮੀਂਹ ਲਿਆ ਦਿੰਦੀ ਹੈ ਕਿਉਂਕਿ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਤੇ ਜੇਕਰ ਇਹ ਢਾਈ ਘੜੀਆਂ ਨਿਕਲ ਜਾਣ ਤਾਂ ਇਹ ਹਵਾ ਢਾਈ ਪੱਖ ਵਗਦੀ ਹੈ, ਭਾਵ ਲਗਭਗ ਸਵਾ ਮਹੀਨਾ ਵਗਦੀ ਹੈ ਕਿਉਂਕਿ ਇੱਕ ਪੱਖ ਵਿੱਚ 15 ਦਿਨ ਹੁੰਦੇ ਹਨ।

ਘਰੇਲੂ ਤਜਰਬੇਕਾਰ ਇਹ ਦੱਸਦੇ ਹਨ ਕਿ ਜਦੋਂ ਪੁਰਾ ਵਗਦਾ ਹੈ ਭਾਵ ਪੂਰਬ ਦੀ ਹਵਾ ਚੱਲਦੀ ਹੈ ਤਾਂ ਮੀਂਹ ਆਉਂਦਾ ਹੈ ਅਤੇ ਫ਼ਸਲ ਅਤੇ ਹੋਰ ਬੂਟਿਆਂ ਦਾ ਫਲ ਝੜ ਜਾਂਦਾ ਹੈ, ਪਰ ਪੱਛੋਂ ਦੀ ਹਵਾ ਨਾਲ ਫਲ ਜ਼ਿਆਦਾ ਆਉਂਦਾ ਹੈ ਅਤੇ ਸਹੀ ਸਲਾਮਤ ਪੂਰਾ ਚੜ੍ਹਦਾ ਹੈ। ਇਸ ਮੌਸਮ ਵਿੱਚ ਜਿੱਥੇ ਫ਼ਸਲਾਂ ਨੂੰ ਚੰਗਾ ਫਲ ਆਉਂਦਾ ਹੈ, ਉੱਥੇ ਕੁਦਰਤੀ ਤੌਰ ’ਤੇ ਪੈਦਾ ਹੋਏ ਦਰੱਖਤਾਂ ਨੂੰ ਜਾਂ ਬੂਟਿਆਂ ਨੂੰ ਵੀ ਫਲ ਆਉਂਦਾ ਹੈ। ਰਾਹਾਂ ਬੰਨਿਆਂ ’ਤੇ ਆਪ ਮੁਹਾਰੇ ਪੈਦਾ ਹੋਏ ਰੁੱਖਾਂ ਨੂੰ ਵੀ ਫਲ ਆ ਜਾਂਦਾ ਹੈ ਅਤੇ ਇਹ ਫਲ ਪੱਕਦਾ ਹੈ।

ਅੱਸੂ ਦੇ ਮਹੀਨੇ ਵਿੱਚ ਜਿੱਥੇ ਬੇਰੀਆਂ ਦੇ ਬੇਰ ਲੱਗਦੇ ਹਨ, ਉੱਥੇ ਝਾੜ ਬੇਰੀਆਂ ਜਿਨ੍ਹਾਂ ਨੂੰ ਮਲੇ਼ ਵੀ ਕਿਹਾ ਜਾਂਦਾ ਹੈ ਇਨ੍ਹਾਂ ਨੂੰ ਵੀ ਫਲ ਆਉਂਦਾ ਹੈ। ਇਨ੍ਹਾਂ ਬੇਰਾਂ ਦਾ ਆਕਾਰ ਛੋਟਾ ਹੁੰਦਾ ਹੈ। ਪੰਜਾਬੀ ਦੀ ਆਮ ਕਹਾਵਤ ਹੈ, ‘ਜਿਨ੍ਹਾਂ ਬੇਰ ਨਾ ਡਿੱਠੇ ਉਨ੍ਹਾਂ ਕਾਕੜੇ ਮਿੱਠੇ।’ ਭਾਵ ਜਿਨ੍ਹਾਂ ਨੂੰ ਕਿਸੇ ਚੀਜ਼ ਦਾ ਗਿਆਨ ਨਾ ਹੋਵੇ ਤਾਂ ਉਨ੍ਹਾਂ ਨੂੰ ਘਟੀਆ ਚੀਜ਼ ਵੀ ਵਧੀਆ ਲੱਗਦੀ ਹੈ। ਇਸ ਮੌਸਮ ਵਿੱਚ ਪੱਕੇ ਬੇਰਾਂ ਬਾਰੇ ਲੋਕ ਗੀਤਾਂ ਵਿੱਚ ਵੀ ਜ਼ਿਕਰ ਆਉਂਦਾ ਹੈ;

ਅੱਸੂ ਕੱਤੇ ਬੇਰ ਬਥੇਰੇ

ਜੇਠ ਹਾੜ ਵਿੱਚ ਪੀਲਾਂ

ਬੀਹੀ ਬੀਹੀ ਫਿਰੇ ਰੇਡੀਏ

ਲੀੜੇ ਸਿਉਣ ਮਸ਼ੀਨਾਂ।

ਰਾਹ ’ਤੇ ਘਰ ਮੇਰਾ

ਮਿਲ ਕੇ ਜਾਈਂ ਸ਼ੌਕੀਨਾਂ।

ਅੱਸੂ ਦੇ ਮਹੀਨੇ ਵਿੱਚ ਨਵਰਾਤਰੇ ਸ਼ੁਰੂ ਹੋ ਜਾਂਦੇ ਹਨ। ਸਨਾਤਨ ਧਰਮ ਵਿੱਚ ਵਿਸ਼ਵਾਸ ਰੱਖਣ ਵਾਲੇ ਇਨ੍ਹਾਂ ਦਿਨਾਂ ਵਿੱਚ ਵਰਤ ਰੱਖਦੇ ਹਨ ਅਤੇ ਦੁਰਗਾ ਮਾਤਾ ਦੀ ਪੂਜਾ ਕਰਦੇ ਹਨ। ਇਸ ਤੋਂ ਇਲਾਵਾ ਦੁਸਹਿਰਾ ਵੀ ਮਨਾਇਆ ਜਾਂਦਾ ਹੈ। ਇਨ੍ਹਾਂ ਦਿਨਾਂ ਵਿੱਚ ਬਾਜ਼ਾਰਾਂ ਵਿੱਚ ਖ਼ੂਬ ਰੌਣਕ ਹੁੰਦੀ ਹੈ ਕਿਉਂਕਿ ਇੱਕ ਮੌਸਮ ਸਾਫ਼ ਹੁੰਦਾ ਹੈ, ਦਿਨ ਛੋਟੇ ਹੁੰਦੇ ਹਨ ਅਤੇ ਦੂਜਾ ਤਿਉਹਾਰਾਂ ਕਰਕੇ ਦੁਕਾਨਾਂ ਸਜੀਆਂ ਹੁੰਦੀਆਂ ਹਨ।

ਇਸ ਮਹੀਨੇ ਵਿੱਚ ਕੁਝ ਨਵੀਆਂ ਫ਼ਸਲਾਂ ਬੀਜੀਆਂ ਜਾਂਦੀਆਂ ਹਨ। ਇਨ੍ਹਾਂ ਦਿਨਾਂ ਵਿੱਚ ਸਰ੍ਹੋਂ ਅਤੇ ਛੋਲੇ ਬੀਜੇ ਜਾਂਦੇ ਹਨ। ਉਸ ਤੋਂ ਬਿਨਾਂ ਸਰਦੀ ਦੀਆਂ ਸਬਜ਼ੀਆਂ ਲਾਈਆਂ ਜਾਂਦੀਆਂ ਹਨ। ਸੋ ਅੱਸੂ ਦਾ ਮਹੀਨਾ ਬਹੁਤ ਹੀ ਰੌਣਕ ਵਾਲਾ ਮਹੀਨਾ ਮੰਨਿਆ ਜਾਂਦਾ ਹੈ।

ਸੰਪਰਕ: 94178-40323

Advertisement
Show comments