ਭਾਰਤੀ ਸਿਨੇਮਾ ਦੇ ਇਕ ਯੁੱਗ ਦਾ ਅੰਤ ਹੋਇਆ: ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੌਲੀਵੁੱਡ ਦੇ ਸੁਪਰਸਟਾਰ ਅਦਾਕਾਰ ਧਰਮਿੰਦਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਦੇਹਾਂਤ ਨਾਲ ਭਾਰਤੀ ਸਿਨੇਮਾ ਵਿਚ ਇਕ ਯੁੱਗ ਦਾ ਅੰਤ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਧਰਮਿੰਦਰ ਨੇ ਅਦਾਕਾਰੀ ਜ਼ਰੀਏ ਲੋਕਾਂ ਦੇ ਦਿਲਾਂ ’ਤੇ ਰਾਜ਼ ਕੀਤਾ। ਉਨ੍ਹਾਂ ਆਪਣੀ ਸਾਦਗੀ, ਨਿਮਰਤਾ ਅਤੇ ਦਿਆਲਤਾ ਨਾਲ ਲੋਕਾਂ ਦੇ ਦਿਲਾਂ ਵਿਚ ਥਾਂ ਬਣਾਈ।
ਦੂਜੇ ਪਾਸੇ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੌਲੀਵੁੱਡ ਦੇ ਮਹਾਨ ਅਦਾਕਾਰ ਧਰਮਿੰਦਰ ਦੇ ਦੇਹਾਂਤ ਉਤੇ ਦੁੱਖ ਪ੍ਰਗਟ ਕਰਦਿਆਂ ਸੋਸ਼ਲ ਮੀਡੀਆ ਉਤੇ ਇਕ ਪੋਸਟ ਸਾਂਝੀ ਕੀਤੀ, ‘ਪ੍ਰਸਿੱਧ ਅਦਾਕਾਰ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਜੀ ਦਾ ਦੇਹਾਂਤ ਭਾਰਤੀ ਸਿਨੇਮਾ ਲਈ ਇਕ ਵੱਡਾ ਘਾਟਾ ਹੈ। ਉਨ੍ਹਾਂ ਨੇ ਬੌਲੀਵੁੱਡ ਵਿਚ ਦਹਾਕਿਆਂ ਤੱਕ ਸ਼ਾਨਦਾਰ ਕਰੀਅਰ ਰਿਹਾ।
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਧਰਮਿੰਦਰ ਦੇ ਦੇਹਾਂਤ ’ਤੇ ਦੁੱਖ ਪ੍ਰਗਟ ਕਰਦਿਆਂ ਇਸ ਨੂੰ ਭਾਰਤੀ ਫਿਲਮ ਜਗਤ ਲਈ ਨਾ ਪੂਰਾ ਹੋਣ ਵਾਲਾ ਘਾਟਾ ਕਰਾਰ ਦਿੱਤਾ। ਉਨ੍ਹਾਂ ਸੋਸ਼ਲ ਮੀਡੀਆ ’ਤੇ ਪੋਸਟ ਕਰ ਕੇ ਕਿਹਾ ਕਿ ਇਕ ਆਮ ਪਰਿਵਾਰ ਤੋਂ ਹੋਣ ਕਰਕੇ ਧਰਮਿੰਦਰ ਨੇ ਫਿਲਮ ਉਦਯੋਗ ਵਿਚ ਵੱਖਰੀ ਪਛਾਣ ਬਣਾਈ।
ਧਰਮਿੰਦਰ ਉਨ੍ਹਾਂ ਵਿਲੱਖਣ ਅਦਾਕਾਰਾਂ ਵਿਚੋਂ ਇੱਕ ਸਨ ਜਿਨ੍ਹਾਂ ਨੇ ਆਪਣੇ ਹਰ ਕਿਰਦਾਰ ਨੂੰ ਜੀਵਨ ਵਿਚ ਲਿਆਂਦਾ ਅਤੇ ਇਸ ਕਲਾ ਰਾਹੀਂ ਉਨ੍ਹਾਂ ਨੇ ਹਰ ਉਮਰ ਵਰਗ ਦੇ ਲੱਖਾਂ ਦਰਸ਼ਕਾਂ ਦੇ ਦਿਲ ਜਿੱਤੇ। ਉਨ੍ਹਾਂ ਅਦਾਕਾਰ ਨੂੰ ਸਦਾਬਹਾਰ ਹੀਰੋ ਦੱਸਦਿਆਂ ਸ਼ਰਧਾਂਜਲੀ ਦਿੱਤੀ।
