ਅਮਿਤਾਭ ਬੱਚਨ ਨੇ ਕਾਮਿਨੀ ਕੌਸ਼ਲ ਦੇ ਦੇਹਾਂਤ ’ਤੇ ਸੋਗ ਪ੍ਰਗਟਾਇਆ
ਬੌਲੀਵੁੱਡ ਅਦਾਕਾਰ ਅਮਿਤਾਭ ਬੱਚਨ ਨੇ ਮਰਹੂਮ ਅਦਾਕਾਰਾ ਕਾਮਿਨੀ ਕੌਸ਼ਲ ਦੇ ਦੇਹਾਂਤ ਦੇ ਸੋਗ ਪ੍ਰਗਟਾਇਆ ਅਤੇ ਉਨ੍ਹਾਂ ਨੂੰ ਇੱਕ ਮਹਾਨ ਕਲਾਕਾਰ ਦੱਸਿਆ।ਕਾਮਿਨੀ ਕੌਸ਼ਲ ਦਾ ਵੀਰਵਾਰ ਰਾਤ ਨੂੰ ਮੁੰਬਈ ਵਿੱਚ ਉਨ੍ਹਾਂ ਦੇ ਨਿਵਾਸ ’ਤੇ 98 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨੇ 1946 ਵਿੱਚ ਫਿਲਮ ‘ਨੀਚਾ ਨਗਰ’ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਉਹ 1940 ਅਤੇ 1950 ਦੇ ਦਹਾਕੇ ਦੇ ਸ਼ੁਰੂ ਵਿੱਚ ਫਿਲਮ ਉਦਯੋਗ ਦੀਆਂ ਸਭ ਤੋਂ ਵੱਧ ਫੀਸ ਲੈਣ ਵਾਲੀਆਂ ਅਦਾਕਾਰਾਂ ਵਿੱਚ ਸ਼ਾਮਲ ਸਨ।
ਉਨ੍ਹਾਂ ਨੇ ਦਿਲੀਪ ਕੁਮਾਰ, ਦੇਵ ਆਨੰਦ ਅਤੇ ਰਾਜ ਕਪੂਰ ਦੀ ਮਸ਼ਹੂਰ ਤਿਕੜੀ ਨਾਲ ਵੀ ਅਦਾਕਾਰੀ ਕੀਤੀ ਸੀ। ਅਦਾਕਾਰ ਅਮਿਤਾਭ ਬੱਚਨ ਨੇ ਐਕਸ ’ਤੇ ਇੱਕ ਲੰਮਾ ਪੋਸਟ ਲਿਖ ਕੇ ਉਨ੍ਹਾਂ ਨੂੰ ਭਾਵਪੂਰਨ ਸ਼ਰਧਾਂਜਲੀ ਦਿੱਤੀ ।
ਉਨ੍ਹਾਂ ਲਿਖਿਆ, “ ਇੱਕ ਹੋਰ ਦੁਖਦ ਖ਼ਬਰ... ਪੁਰਾਣੇ ਸਮਿਆਂ ਦੀ ਇੱਕ ਪਿਆਰੀ ਪਰਿਵਾਰਕ ਮਿੱਤਰ ਸਾਨੂੰ ਛੱਡ ਕੇ ਚਲੀ ਗਈ... ਜਦੋਂ ਦੇਸ਼ ਦੀ ਵੰਡ ਵੀ ਨਹੀਂ ਹੋਈ ਸੀ..ਕਾਮਿਨੀ ਕੌਸ਼ਲ ਜੀ , ਮਹਾਨ ਕਲਾਕਾਰ, ਇੱਕ ਆਦਰਸ਼, ਜਿਨ੍ਹਾਂ ਨੇ ਸਾਡੇ ਫਿਲਮ ਉਦਯੋਗ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਜੋ ਆਖ਼ਰ ਤੱਕ ਸਾਡੇ ਨਾਲ ਜੁੜੀ ਰਹੀ... ਉਨ੍ਹਾਂ ਦਾ ਪਰਿਵਾਰ ਅਤੇ ਮੇਰੀ ਮਾਂ ਜੀ ਦਾ ਪਰਿਵਾਰ, ਵੰਡ ਤੋਂ ਪਹਿਲਾਂ ਪੰਜਾਬ ਵਿੱਚ ਬੇਹੱਦ ਗੂੜ੍ਹੇ ਮਿੱਤਰ ਸਨ।”
ਉਨ੍ਹਾਂ ਅੱਗੇ ਕਿਹਾ, ਕਾਮਿਨੀ ਜੀ ਦੀ ਵੱਡੀ ਭੈਣ ਮੇਰੀ ਮਾਂ ਜੀ ਦੀ ਬਹੁਤ ਕਰੀਬੀ ਦੋਸਤ ਸੀ... ਉਹ ਦੋਵੇਂ ਇਕੱਠੇ ਪੜ੍ਹਦੀਆਂ ਸਨ ਅਤੇ ਖੁਸ਼ਮਿਜ਼ਾਜ, ਸਮਾਨ ਵਿਚਾਰਾਂ ਵਾਲੀਆਂ ਸਹੇਲੀਆਂ ਸਨ... ਬਦਕਿਸਮਤੀ ਨਾਲ ਵੱਡੀ ਭੈਣ ਦਾ ਇੱਕ ਦੁਰਘਟਨਾ ਵਿੱਚ ਦੇਹਾਂਤ ਹੋ ਗਿਆ, ਅਤੇ ਉਸ ਸਮੇਂ ਦੀ ਰਵਾਇਤ ਅਨੁਸਾਰ, ਮਰਹੂਮ ਭੈਣ ਦਾ ਵਿਆਹ ਉਨ੍ਹਾਂ ਦੀ ਛੋਟੀ ਭੈਣ ਨਾਲ ਕਰ ਦਿੱਤਾ ਗਿਆ।”
ਬੱਚਨ ਨੇ ਕਿਹਾ, “ ਇੱਕ ਬੇਹੱਦ ਮਿਲਣਸਾਰ, ਸਨੇਹੀ ਅਤੇ ਪ੍ਰਤਿਭਾਸ਼ਾਲੀ ਕਲਾਕਾਰ 98 ਸਾਲ ਦੀ ਉਮਰ ਵਿੱਚ ਸਾਨੂੰ ਛੱਡ ਕੇ ਚਲੀ ਗਈ... ... ਯਾਦਾਂ ਦਾ ਇੱਕ ਪੂਰਾ ਦੌਰ ਸਮਾਪਤ ਹੋ ਗਿਆ... ਨਾ ਸਿਰਫ਼ ਫਿਲਮ ਜਗਤ ਲਈ, ਸਗੋਂ ਸਾਡੀ ਦੋਸਤੀ ਦੇ ਸੰਸਾਰ ਲਈ ਵੀ। ਇੱਕ-ਇੱਕ ਕਰਕੇ ਸਾਰੇ ਸਾਨੂੰ ਛੱਡ ਰਹੇ ਹਨ... ਇਹ ਬਹੁਤ ਦੁੱਖ ਦਾ ਪਲ ਹੈ, ਜਿਸ ਵਿੱਚ ਹੁਣ ਸਿਰਫ਼ ਸੰਵੇਦਨਾਵਾਂ ਅਤੇ ਪ੍ਰਾਰਥਨਾਵਾਂ ਹੀ ਬਾਕੀ ਹਨ।”
ਉਨ੍ਹਾਂ ਨੇ ਆਖਰੀ ਵਾਰ 2022 ਵਿੱਚ ਆਮਿਰ ਖਾਨ ਦੀ ਫਿਲਮ 'ਲਾਲ ਸਿੰਘ ਚੱਢਾ ਵਿੱਚ ਅਦਾਕਾਰੀ ਕੀਤੀ। ਉਸ ਸਮੇਂ ਉਨ੍ਹਾਂ ਦੀ ਉਮਰ 95 ਸਾਲ ਸੀ। ਫਿਲਮਾਂ ਵਿੱਚ ਉਨ੍ਹਾਂ ਦਾ ਸਫ਼ਰ 76 ਸਾਲਾਂ ਤੱਕ ਚੱਲਿਆ, ਜੋ ਆਪਣੇ ਆਪ ਵਿੱਚ ਇੱਕ ਵੱਡੀ ਪ੍ਰਾਪਤੀ ਹੈ।
