ਬੜਾ ਮਸ਼ਹੂਰ ਹੋਇਆ ਸੀ ਅਮਿਤਾਭ ਤੇ ਰੇਖਾ ਦੀ ਮੁਹੱਬਤ ਦਾ ‘ਸਿਲਸਿਲਾ’
ਇਕ ਵੇਲਾ ਅਜਿਹਾ ਸੀ ਜਦੋਂ ਬਾਲੀਵੁੱਡ ਵਿਚ ਅਮਿਤਾਭ ਬੱਚਨ ਅਤੇ ਰੇਖਾ ਦਰਮਿਆਨ ਚਲਦੇ ਮੁਹੱਬਤੀ ਰਿਸ਼ਤੇ ਦੀਆਂ ਗੱਲਾਂ ਉੱਡੀਆਂ ਸਨ ਤੇ ਦੋਵਾਂ ਕਲਾਕਾਰਾਂ ਨੇ ਕਿਸੇ ਵੀ ਤਰ੍ਹਾਂ ਦੇ ਪ੍ਰੇਮ ਸਬੰਧਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। ਫ਼ਿਲਮੀ ਪੱਤਰਕਾਰਾਂ ਨੂੰ ਅਤੇ ਦੋਵਾਂ ਦੇ ਸਾਥੀ ਕਲਾਕਾਰਾਂ ਨੂੰ ਪੂਰਾ ਯਕੀਨ ਸੀ ਕਿ ਇਨ੍ਹਾਂ ਦਰਮਿਆਨ ਕੋਈ ਨਾ ਕੋਈ ਖਿਚੜੀ ਜ਼ਰੂਰ ਪੱਕ ਰਹੀ ਹੈ। ਦਰਅਸਲ ਅਮਿਤਾਭ ਬੱਚਨ ਦੀ ਸੰਨ 1973 ਵਿਚ ਰਿਲੀਜ਼ ਹੋਈ ਫ਼ਿਲਮ ‘ਜ਼ੰਜੀਰ’ ਜਦ ਸੁਪਰਹਿੱਟ ਹੋਈ ਤਾਂ ਅਮਿਤਾਭ ਨੇ ਤੁਰੰਤ ਇਸ ਫ਼ਿਲਮ ਦੀ ਨਾਇਕਾ ਜਯਾ ਭਾਦੁੜੀ ਨਾਲ ਵਿਆਹ ਕਰਵਾ ਲਿਆ। ਉਂਜ 3 ਜੂਨ 1973 ਨੂੰ ਹੋਏ ਇਸ ਵਿਆਹ ਤੋਂ ਪਹਿਲਾਂ ‘ਜ਼ੰਜੀਰ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਤੇ ਜਯਾ ਭਾਦੁੜੀ ਵਿਚਕਾਰ ਪ੍ਰੇਮ ਸਬੰਧ ਬਣਨ ਦੀਆਂ ਖ਼ਬਰਾਂ ਸਾਹਮਣੇ ਆ ਚੁੱਕੀਆਂ ਸਨ ਤੇ ਅਮਿਤਾਭ ਨੇ ਜਯਾ ਨਾਲ ਵਿਆਹ ਕਰਵਾ ਕੇ ਇਸ ਦੀ ਪੁਸ਼ਟੀ ਵੀ ਕਰ ਦਿੱਤੀ ਸੀ।
ਅਮਿਤਾਭ ਬੱਚਨ ਦੀ ਜਯਾ ਬੱਚਨ ਨਾਲ ਵਿਆਹੁਤਾ ਜ਼ਿੰਦਗੀ ਬੜੀ ਵਧੀਆ ਚੱਲ ਰਹੀ ਸੀ ਪਰ ਸੰਨ 1976 ਵਿਚ ਫ਼ਿਲਮ ‘ਦੋ ਅਨਜਾਨੇ’ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਤੇ ਰੇਖਾ ਦਰਮਿਆਨ ਨਜ਼ਦੀਕੀਆਂ ਕੁਝ ਜ਼ਿਆਦਾ ਹੀ ਵੱਧ ਗਈਆਂ ਤੇ ਕਿਹਾ ਜਾਂਦਾ ਹੈ ਕਿ ਇਹ ਦੋਵੇਂ ਰੇਖਾ ਦੀ ਇਕ ਸਹੇਲੀ ਦੇ ਬੰਗਲੇ ’ਤੇ ਚੋਰੀ-ਛੁਪੇ ਮਿਲਣ ਲੱਗ ਪਏ। 1978 ਤੱਕ ਤਾਂ ਇਹ ਪ੍ਰੇਮ ਕਹਾਣੀ ਕਿਸੇ ਤਰ੍ਹਾਂ ਲੋਕਾਂ ਦੀਆਂ ਨਜ਼ਰਾਂ ਤੋਂ ਬਚੀ ਰਹੀ ਪਰ ਉਸ ਸਾਲ ਫ਼ਿਲਮ ‘ਗੰਗਾ ਕੀ ਸੌਗੰਧ’ ਦੀ ਸ਼ੂਟਿੰਗ ਦੌਰਾਨ ਜਦੋਂ ਰੇਖਾ ਦੇ ਸਹਿ-ਅਦਾਕਾਰ ਵੱਲੋਂ ਉਸ ਨਾਲ ਥੋੜ੍ਹੀ ਜਿਹੀ ਬਦਤਮੀਜ਼ੀ ਕੀਤੇ ਜਾਣ ’ਤੇ ਅਮਿਤਾਭ ਬੱਚਨ ਨੇ ਉਕਤ ਅਦਾਕਾਰ ਦੇ ਥੱਪੜ ਮਾਰ ਦਿੱਤਾ ਤਾਂ ਅਮਿਤਾਭ-ਰੇਖਾ ਦੀ ਪ੍ਰੇਮ ਕਹਾਣੀ ਦੇ ਚਰਚੇ ਪੂਰੇ ਬਾਲੀਵੁੱਡ ਵਿੱਚ ਛਿੜ ਪਏ। ਇਸ ਦੇ ਬਾਵਜੂਦ ਆਪਣੀ ਵਿਆਹੁਤਾ ਜ਼ਿੰਦਗੀ ਨੂੰ ਬਚਾਉਣ ਲਈ ਅਮਿਤਾਭ ਨੇ ਰੇਖਾ ਨਾਲ ਕਿਸੇ ਵੀ ਤਰ੍ਹਾਂ ਦੇ ਪ੍ਰੇਮ ਸਬੰਧਾਂ ਤੋਂ ਸਾਫ਼ ਇਨਕਾਰ ਕਰ ਦਿੱਤਾ ਤੇ ਰੇਖਾ ਨੇ ਵੀ ਅਜਿਹੇ ਹੀ ਬਿਆਨ ਪੱਤਰਕਾਰਾਂ ਸਾਰਮਣੇ ਰੱਖੇ ਜਦਕਿ ਕਈ ਸਾਲ ਬਾਅਦ ਉੱਘੇ ਫ਼ਿਲਮਕਾਰ ਯਸ਼ ਚੋਪੜਾ ਨੇ ਇਕ ਟੀਵੀ ਮੁਲਾਕਾਤ ਦੌਰਾਨ ਇਹ ਖ਼ੁਲਾਸਾ ਕਰ ਦਿੱਤਾ ਸੀ ਕਿ ਅਮਿਤਾਭ ਤੇ ਰੇਖਾ ਦਰਮਿਆਨ ਮੁਹਬੱਤੀ ਰਿਸ਼ਤਾ ਸੀ ਤੇ ਬੜਾ ਹੀ ਮਜ਼ਬੂਤ ਰਿਸ਼ਤਾ ਸੀ।
ਅਮਿਤਾਭ ਤੇ ਰੇਖਾ ਦੀ ਨੇੜਤਾ ਉਦੋਂ ਮੁੜ ਚਰਚਾ ’ਚ ਆ ਗਈ ਜਦੋਂ ਰਿਸ਼ੀ ਕਪੂਰ ਤੇ ਨੀਤੂ ਸਿੰਘ ਦੇ ਵਿਆਹ ਸਮਾਗਮ ’ਤੇ ਰੇਖਾ ਮੱਥੇ ’ਤੇ ਸਿੰਧੂਰ ਲਗਾ ਕੇ ਅਤੇ ਗਲ ਵਿਚ ਮੰਗਲਸੂਤਰ ਪਾ ਕੇ ਆ ਗਈ। ਇਥੇ ਹੀ ਬਸ ਨਹੀਂ, ਉਸ ਸਮਾਗਮ ’ਚ ਰੇਖਾ ਅਮਿਤਾਭ ਦੇ ਬਹੁਤ ਨੇੜੇ ਜਾ ਕੇ ਬੈਠ ਗਈ ਤੇ ਉਸ ਨਾਲ ਗੱਲਾਂ ਕਰਨ ਲੱਗ ਪਈ। ਅਫ਼ਵਾਹਾਂ ਨੂੰ ਹੋਰ ਹਵਾ ਮਿਲ ਗਈ ਤੇ ਝਟਪਟ ਹੀ ਰਾਈ ਦਾ ਪਹਾੜ ਬਣ ਗਿਆ। ਪੱਤਰਕਾਰਾਂ ਨੇ ਇਹ ਵੀ ਵੇਖ਼ਿਆ ਕਿ ਉਕਤ ਸਾਰਾ ਵਰਤਾਰਾ ਵੇਖ ਕੇ ਜਯਾ ਬੱਚਨ ਕਾਫ਼ੀ ਪ੍ਰੇਸ਼ਾਨ ਹੋ ਗਈ ਤੇ ਥੋੜ੍ਹੀ ਦੇਰ ਬਾਅਦ ਇਕਾਂਤ ’ਚ ਜਾ ਕੇ ਰੋਈ ਵੀ ਸੀ।
ਆਪਣਾ ਵਿਆਹੁਤਾ ਜੀਵਨ ਟੁੱਟਦਾ ਦੇਖ ਜਯਾ ਪ੍ਰੇਸ਼ਾਨ ਤਾਂ ਹੋਈ ਪਰ ਉਸ ਨੇ ਹੌਸਲਾ ਨਹੀਂ ਹਾਰਿਆ ਤੇ ਨਾ ਹੀ ਤੈਸ਼ ’ਚ ਆ ਕੇ ਕੋਈ ਗ਼ਲਤ ਕਦਮ ਚੁੱਕਿਆ। ਉਸ ਨੇ ਬੜੇ ਠਰ੍ਹੰਮੇ ਨਾਲ ਫ਼ੈਸਲਾ ਲਿਆ ਤੇ ਰੇਖਾ ਨੂੰ ਆਪਣੇ ਘਰ ਰਾਤ ਦੇ ਖਾਣੇ ’ਤੇ ਸੱਦਿਆ। ਉਸ ਨੇ ਬੜੀ ਹੀ ਬੇਬਾਕੀ ਨਾਲ ਰੇਖਾ ਨੂੰ ਦੱਸ ਦਿੱਤਾ ਕਿ ਅਮਿਤਾਭ ਉਸ ਦਾ ਪਤੀ ਹੈ ਤੇ ਉਹ ਆਪਣੇ ਪਤੀ ਨੂੰ ਛੱਡ ਕੇ ਕਦੇ ਨਹੀਂ ਜਾਵੇਗੀ। ਉਸ ਦਾ ਅਮਿਤਾਭ ਪ੍ਰਤੀ ਪ੍ਰੇਮ ਅਤੇ ਸਮਰਪਣ ਵੇਖ ਕੇ ਰੇਖਾ ਦਾ ਮਨ ਪਿਘਲ ਗਿਆ ਤੇ ਉਸ ਨੇ ਫ਼ੈਸਲਾ ਕਰ ਲਿਆ ਕਿ ਉਹ ਅਮਿਤਾਭ ਦੀ ਜ਼ਿੰਦਗੀ ’ਚ ਮੁੜ ਕਦੇ ਨਹੀਂ ਆਵੇਗੀ। ਸੰਨ 1984 ਵਿਚ ‘ਫ਼ਿਲਮਫ਼ੇਅਰ’ ਮੈਗ਼ਜ਼ੀਨ ਨੂੰ ਦਿੱਤੇ ਇਕ ਇੰਟਰਵਿਊ ਵਿੱਚ ਰੇਖਾ ਨੇ ਖ਼ੁਲਾਸਾ ਕਰਦਿਆਂ ਕਿਹਾ ਸੀ, ‘ਅਮਿਤਾਭ ਨੇ ਜਨਤਕ ਤੌਰ ’ਤੇ ਸਾਡੇ ਪ੍ਰੇਮ ਸਬੰਧਾਂ ਤੋਂ ਇਨਕਾਰ ਕੀਤਾ ਸੀ। ਉਹ ਕਰਦਾ ਵੀ ਕਿਉਂ ਨਾ? ਉਸ ਨੇ ਆਪਣੇ ਬੱਚਿਆਂ ਅਤੇ ਪਰਿਵਾਰ ਨੂੰ ਬਚਾਉਣਾ ਸੀ ਪਰ ਹਕੀਕਤ ਇਹੋ ਸੀ ਕਿ ਮੈਂ ਉਸ ਨੂੰ ਪਿਆਰ ਕਰਦੀ ਸਾਂ ਤੇ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਸੀ।’ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਰੇਖਾ ਨੇ ਆਪਣੀ ਮੁਹੱਬਤ ਨੂੰ ਹਰੇਕ ਮੰਚ ’ਤੇ ਸਵੀਕਾਰ ਕੀਤਾ ਪਰ ਅਮਿਤਾਭ ਸਦਾ ਹੀ ਇਨ੍ਹਾਂ ਸਬੰਧਾਂ ਤੋਂ ਇਨਕਾਰ ਕਰਦਾ ਰਿਹਾ।
ਕਿਸਮਤ ਦੀ ਵਚਿੱਤਰ ਲੀਲ੍ਹਾ ਵੇਖੋ। ਫ਼ਿਲਮਕਾਰ ਯਸ਼ ਚੋਪੜਾ ਨੇ ਤਿਕੋਣੇ ਪਿਆਰ ’ਤੇ ਆਧਾਰਿਤ ਫ਼ਿਲਮ ਲਈ ਅਮਿਤਾਭ ਤੇ ਰੇਖਾ ਨੂੰ ਪ੍ਰੇਮੀ-ਪ੍ਰੇਮਿਕਾ ਦੀਆਂ ਭੂਮਿਕਾਵਾਂ ਲਈ ਚੁਣਿਆ ਤੇ ਅਮਿਤਾਭ ਦੀ ਪਤਨੀ ਦੀ ਭੂਮਿਕਾ ਅਦਾ ਕਰਨ ਲਈ ਜਯਾ ਬੱਚਨ ਕੋਲ ਜਾ ਪਹੁੰਚੇ। ਜਯਾ ਨੇ ਪਹਿਲਾਂ ਤਾਂ ਉਨ੍ਹਾਂ ਦੀ ਪੇਸ਼ਕਸ਼ ਠੁਕਰਾ ਦਿੱਤੀ ਤੇ ਫਿਰ ਅਮਿਤਾਭ ਦੀ ਪ੍ਰੇਮਿਕਾ ਦਾ ਕਿਰਦਾਰ ਅਦਾ ਕਰਨ ਦੀ ਸ਼ਰਤ ਰੱਖ ਦਿੱਤੀ ਪਰ ਯਸ਼ ਚੋਪੜਾ ਵੱਲੋਂ ਇਕ ‘ਰਾਜ਼’ ਦੀ ਗੱਲ ਦੱਸੇ ਜਾਣ ’ਤੇ ਉਹ ਅਮਿਤਾਭ ਦੀ ਪਤਨੀ ਦੀ ਭੂਮਿਕਾ ਨਿਭਾਉਣ ਲਈ ਮੰਨ ਗਈ। ਉਹ ਰਾਜ਼ ਦੀ ਗੱਲ ਇਹ ਸੀ ਕਿ ਫ਼ਿਲਮ ਦੀ ਕਹਾਣੀ ਦੇ ਅਖ਼ੀਰ ਵਿਚ ਫ਼ਿਲਮ ਦਾ ਨਾਇਕ ਆਪਣੀ ਪ੍ਰੇਮਿਕਾ ਨੂੰ ਛੱਡ ਕੇ ਪਤਨੀ ਕੋਲ ਮੁੜ ਆਉਂਦਾ ਹੈ। ਇਹ ਅੰਤ ਜਯਾ ਨੂੰ ਬੜਾ ਪਸੰਦ ਆਇਆ ਸੀ। ਇਹ ਫ਼ਿਲਮ ਸਾਈਨ ਕਰਨ ਦੀ ਦੂਜੀ ਵਜ੍ਹਾ ਇਹ ਵੀ ਸੀ ਕਿ ਉਹ ਅਮਿਤਾਭ ਅਤੇ ਰੇਖਾ ਨੂੰ ਦੂਰ ਰੱਖਣ ਲਈ ਖ਼ੁਦ ਵੀ ਫ਼ਿਲਮ ਦੀ ਸ਼ੂਟਿੰਗ ’ਤੇ ਹਾਜ਼ਰ ਰਹਿਣਾ ਚਾਹੁੰਦੀ ਸੀ।
ਫ਼ਿਲਮ ‘ਸਿਲਸਿਲਾ’ ਦੀ ਸ਼ੂਟਿੰਗ ਖ਼ਤਮ ਹੋਣ ਤੋਂ ਬਾਅਦ ਅਮਿਤਾਭ ਅਤੇ ਰੇਖਾ ਵਿਚਕਾਰ ਪ੍ਰੇਮ ਸਬੰਧਾਂ ਦਾ ਸਿਲਸਿਲਾ ਵੀ ਲਗਪਗ ਮੁੱਕ ਗਿਆ ਸੀ। ਰੇਖਾ ਨੇ ਫ਼ੈਸਲਾ ਕਰ ਲਿਆ ਸੀ ਕਿ ਜੇਕਰ ਉਹ ਅਮਿਤਾਭ ਦੀ ਪਤਨੀ ਨਹੀਂ ਬਣ ਸਕੀ ਸੀ ਤਾਂ ਕੋਈ ਹੋਰ ਰਿਸ਼ਤਾ ਵੀ ਉਸ ਨੂੰ ਮਨਜ਼ੂਰ ਨਹੀਂ। ਫਿਰ ਰੇਖਾ ਨੇ ਅਮਿਤਾਭ ਨਾਲ ਕੰਮ ਕਰਨਾ ਬੰਦ ਕਰ ਦਿੱਤਾ ਤੇ ਕਈ ਸਾਲ ਬਾਅਦ ਫ਼ਿਲਮ ‘ਸ਼ਮਿਤਾਬ’ ਵਿਚ ਇਹ ਜੋੜੀ ਦੁਬਾਰਾ ਵੇਖਣ ਨੂੰ ਮਿਲੀ। ਇਕ ਪੱਤਰਕਾਰ ਨੇ ਲਿਖ਼ਿਆ ਸੀ ਕਿ ਰੇਖਾ ਤੇ ਅਮਿਤਾਭ ਦਰਮਿਆਨ ਸਬੰਧਾਂ ਦੇ ਟੁੱਟਣ ਦਾ ਜ਼ਖਮ ਬੇਸ਼ੱਕ ਸਮਾਂ ਪਾ ਕੇ ਭਰ ਗਿਆ ਸੀ ਪਰ ਸੱਚ ਇਹੋ ਸੀ ਕਿ ਉਨ੍ਹਾਂ ਜ਼ਖਮਾਂ ਦੇ ਨਿਸ਼ਾਨ ਦੋਵਾਂ ਦੇ ਦਿਲਾਂ ਵਿੱਚ ਅੱਜ ਵੀ ਤਾਜ਼ਾ ਹਨ। ਰੇਖਾ ਨੇ ਦੁਨੀਆਂ ਨੂੰ ਦਿਖਾਉਣ ਲਈ ਮੁਕੇਸ਼ ਅਗਰਵਾਲ ਨਾਂ ਦੇ ਕਾਰੋਬਾਰੀ ਨਾਲ ਵਿਆਹ ਕਰਵਾ ਲਿਆ ਪਰ ਤਿੰਨ ਕੁ ਮਹੀਨਿਆਂ ਬਾਅਦ ਮੁਕੇਸ਼ ਦੇ ਖ਼ੁਦਕੁਸ਼ੀ ਕਰ ਲਈ ਜਦਕਿ ਰੇਖਾ ਅੱਜ ਵੀ ਆਪਣੀ ਮਾਂਗ ਵਿੱਚ ਸਿੰਧੂਰ ਭਰਦੀ ਹੈ। ਸੰਨ 2008 ਵਿੱਚ ਇਕ ਮੈਗ਼ਜ਼ੀਨ ਨੂੰ ਦਿੱਤੇ ਇੰਟਰਵਿਊ ਵਿੱਚ ਰੇਖਾ ਨੇ ਕੁਝ ਇਸ ਤਰ੍ਹਾਂ ਆਖਿਆ ਸੀ, ‘ਮੈਨੂੰ ਲੋਕਾਂ ਦੀਆਂ ਗੱਲਾਂ ਦੀ ਰਤਾ ਪਰਵਾਹ ਨਹੀਂ ਹੈ। ਮੈਂ ਤਾਂ ਬਸ ਇਹੋ ਮੰਨਦੀ ਹਾਂ ਕਿ ਸਿੰਧੂਰ ਮੇਰੀ ਸ਼ਖ਼ਸੀਅਤ ’ਤੇ ਜਚਦਾ ਹੈ ਤੇ ਮੈਨੂੰ ਸਿੰਧੂਰ ਲਗਾਉਣਾ ਚੰਗਾ ਵੀ ਲੱਗਦਾ ਹੈ।’
ਸੈਂਕੜੇ ਸਫ਼ਲ ਫ਼ਿਲਮਾਂ ਬਾਲੀਵੁੱਡ ਦੀ ਝੋਲੀ ਪਾਉਣ ਵਾਲੀ ਦਿਲਕਸ਼ ਅਦਾਕਾਰਾ ਰੇਖਾ ਦੇ ਪਿਤਾ ਦੱਖਣ ਭਾਰਤੀ ਫ਼ਿਲਮਾਂ ਦਾ ਸੁਪਰਸਟਾਰ ਕਹਾਉਣ ਵਾਲੇ ਜੈਮਿਨੀ ਗਣੇਸ਼ਨ ਨੇ ਕਦੇ ਵੀ ਉਸ ਦੀ ਮਾਂ ਪੁਸ਼ਪਾਵਲੀ ਨੂੰ ਪਤਨੀ ਦਾ ਦਰਜਾ ਨਹੀਂ ਦਿੱਤਾ ਤੇ ਰੇਖਾ ਨੂੰ ਵੀ ਆਪਣਾ ਨਾਂ ਦੇਣ ਤੋਂ ਇਨਕਾਰ ਕਰ ਦਿੱਤਾ। ਭਾਨੂਰੇਖਾ ਗਣੇਸ਼ਨ ਉਰਫ਼ ਰੇਖਾ ਨੂੰ ਸਾਰੀ ਉਮਰ ਨਾ ਤਾਂ ਬਾਪ ਦਾ ਨਾਂ ਮਿਲ ਸਕਿਆ ਤੇ ਨਾ ਹੀ ਸੱਚੀ ਮੁਹੱਬਤ ਕਰਨ ਵਾਲਾ ਕੋਈ ਮਿਲਿਆ। ਸੰਨ 2008 ਵਿੱਚ ‘ਹਿੰਦੁਸਤਾਨ ਟਾਈਮਜ਼’ ਨੂੰ ਦਿੱਤੇ ਇੰਟਰਵਿਊ ਵਿੱਚ ਉਸ ਨੇ ਕਿੰਨੇ ਖ਼ੂਬਸੂਰਤ ਅਲਫ਼ਾਜ਼ ਵਰਤ ਕੇ ਆਪਣੀ ਪਹਿਲੀ ਤੇ ਆਖ਼ਰੀ ਮੁਹੱਬਤ ਰਹੇ ਅਮਿਤਾਭ ਦੀ ਸ਼ਲਾਘਾ ਕੀਤੀ ਸੀ। ਉਸ ਨੇ ਕਿਹਾ ਸੀ, ‘ਮੈਨੂੰ ਜ਼ਿੰਦਗੀ ਵਿੱਚ ਮਿਲੀਆਂ ਬਿਹਤਰੀਨ ਚੀਜ਼ਾਂ ਵਿੱਚ ਅਮਿਤਾਭ ਵੀ ਸ਼ਾਮਲ ਹੈ। ਉਹ ਮੇਰਾ ਸਭ ਤੋਂ ਵਧੀਆ ਗੁਰੂ ਤੇ ਮਾਰਗਦਰਸ਼ਕ ਹੈ। ਮੈਂ ਉਸ ਕੋਲੋਂ ਕੈਮਰੇ ਦੇ ਸਾਹਮਣੇ ਵੀ ਬਹੁਤ ਕੁਝ ਸਿੱਖਿਆ ਹੈ ਤੇ ਕੈਮਰੇ ਦੇ ਪਿੱਛੇ ਵੀ।’ ਇਹ ਬੋਲਦਿਆਂ ਹੋਇਆਂ ਉਹ ਭਾਵੁਕ ਹੋ ਗਈ ਸੀ ਤੇ ਉਸ ਦੀਆਂ ਅੱਖਾਂ ਭਰ ਆਈਆਂ ਸਨ। ਸ਼ਾਇਦ ਅਧੂਰੀ ਪ੍ਰੇਮ ਕਹਾਣੀ ਦੀ ਟੀਸ ਅਜੇ ਵੀ ਉਸ ਦੇ ਮਨ ਵਿੱਚੋਂ ਰਹਿ-ਰਹਿ ਕੇ ਉੱਠ ਰਹੀ ਸੀ। ਅੱਜ ਵੀ ਇੰਜ ਜਾਪਦਾ ਹੈ ਜਿਵੇਂ ਸੰਨ 1961 ਵਿਚ ਬਣੀ ਪੰਜਾਬੀ ਫ਼ਿਲਮ ‘ਗੁੱਡੀ’ ਵਿਚ ਗਾਇਕਾ ਸ਼ਮਸ਼ਾਦ ਬੇਗ਼ਮ ਵੱਲੋਂ ਗਾਇਆ ਤੇ ਸੰਗੀਤਕਾਰ ਹੰਸਰਾਜ ਬਹਿਲ ਵੱਲੋਂ ਸੰਗੀਤਬੱਧ ਕੀਤਾ ਗੀਤ ‘ਕੱਚੀ ਟੁੱਟ ਗਈ ਜਿਨ੍ਹਾਂ ਦੀ ਯਾਰੀ, ਪੱਤਣਾਂ ’ਤੇ ਰੋਣ ਖੜ੍ਹੀਆਂ, ਜਿਨ੍ਹਾਂ ਪਿਆਰ ਕੀਤਾ ਇਕ ਵਾਰੀ, ਪੱਤਣਾਂ ’ਤੇ ਰੋਣ ਖੜੀਆਂ’’ ਅਮਿਤਾਭ ਅਤੇ ਰੇਖਾ ਦੀ ਉਸੇ ਅਧੂਰੀ ਪ੍ਰੇਮ ਕਹਾਣੀ ਦੀ ਬਾਤ ਪਾ ਰਿਹਾ ਹੋਵੇ।
ਸੰਪਰਕ: 97816-46008
