ਦੁਬਈ ਦੇ ਤੁਸਾਦ ਮਿਊਜ਼ੀਅਮ ਵਿੱਚ ਅੱਲੂ ਅਰਜੁਨ ਦਾ ਮੋਮ ਦਾ ਬੁੱਤ ਸਥਾਪਿਤ
ਮੁੰਬਈ: ਰਾਸ਼ਟਰੀ ਪੁਰਸਕਾਰ ਜੇੂਤ ਅਦਾਕਾਰ ਅੱਲੂ ਅਰਜੁਨ ਜੋ ਜਲਦੀ ਹੀ ਆਪਣੀ ਆਉਣ ਵਾਲੀ ਫ਼ਿਲਮ ‘ਪੁਸ਼ਪਾ’ ਦੇ ਦੂਜੇ ਭਾਗ ਵਿੱਚ ਨਜ਼ਰ ਆਉਣ ਵਾਲੇ ਹਨ, ਨੂੰ ਜਨਮ ਦਿਨ ਦਾ ਤੋਹਫ਼ਾ ਮਿਲਿਆ ਹੈ ਕਿਉਂਕਿ ਦੁਬਈ ਦੇ ਮਾਦਾਮ ਤੁਸਾਦ ਮਿਊਜ਼ੀਅਮ ਵਿੱਚ ਅਦਾਕਾਰ ਦਾ ਮੋਮ ਦਾ ਬੁੱਤ ਦਾ ਸਥਾਪਿਤ ਕੀਤਾ ਗਿਆ ਹੈ। ਬੁੱਤ ਦਾ ਫ਼ਿਲਮ ‘ਪੁਸ਼ਪਾ: ਦਿ ਰਾਈਜ਼’ ਵਿਚਲਾ ‘ਝੁਕੇਗਾ ਨਹੀਂ ਸਾਲਾ’ ਵਾਲਾ ਪੋਜ਼ ਹੈ। ਅਦਾਕਾਰ ਅੱਲੂ ਅਰਜੁਨ ਨੇ ਦੁਬਈ ਵਿੱਚ ਇਸ ਸਬੰਧੀ ਕਰਵਾਏ ਸਮਾਰੋਹ ਵਿੱਚ ਪਰਿਵਾਰ ਸਮੇਤ ਹਾਜ਼ਰੀ ਭਰੀ। ਕਾਬਲੇਗੌਰ ਹੈ ਕਿ ਅੱਲੂ ਅਰਜੁਨ ਦਾ ਅੱਠ ਅਪਰੈਲ ਨੂੰ ਜਨਮ ਦਿਨ ਹੈ। ਹੁਣ ਅਦਾਕਾਰ ਅਤੇ ਉਸ ਦੇ ਚਾਹੁਣ ਵਾਲਿਆਂ ਲਈ ਜਸ਼ਨ ਦੁੱਗਣੇ ਹੋ ਗਏ ਹਨ, ਕਿਉਂਕਿ ਫ਼ਿਲਮ ‘ਪੁਸ਼ਪਾ’ ਦੇ ਨਿਰਮਾਤਾਵਾਂ ਨੇ ਉਸ ਦੀ ਆਉਣ ਵਾਲੀ ਫ਼ਿਲਮ ‘ਪੁਸ਼ਪਾ-2: ਦਿ ਰੂਲ’ ਲਈ ਉਸ ਦੇ ਜਨਮ ਦਿਨ ’ਤੇ ਇੱਕ ਵਿਸ਼ੇਸ਼ ਤੋਹਫ਼ਾ ਦੇਣ ਦਾ ਐਲਾਨ ਕੀਤਾ ਹੈ। ਅੱਲੂ ਅਰਜੁਨ 15 ਅਗਸਤ ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ਪੁਸ਼ਪਾ 2: ਦਿ ਰੂਲ’ ਵਿੱਚ ਆਈਕਾਨਿਕ ਪੁਸ਼ਪਾ ਰਾਜ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਮਿਥਰੀ ਮੂਵੀ ਮੇਕਰਜ਼ ਵੱਲੋਂ ਬਣਾਈ ਅਤੇ ਸੁਕੁਮਾਰ ਦੁਆਰਾ ਨਿਰਦੇਸ਼ਤ ਇਸ ਫ਼ਿਲਮ ਵਿੱਚ ਫਾਹਦ ਫੈਸਿਲ ਅਤੇ ਰਸ਼ਮਿਕਾ ਮੰਦਾਨਾ ਅਹਿਮ ਭੂਮਿਕਾਵਾਂ ਵਿੱਚ ਹਨ। -ਆਈਏਐੱਨਐੱਸ