Air India Plane crash: ਬਾਲੀਵੁੱਡ ਅਦਾਕਾਰਾਂ ਵੱਲੋਂ ਜਹਾਜ਼ ਹਾਦਸੇ ’ਤੇ ਦੁੱਖ ਜ਼ਾਹਰ
ਜਹਾਜ਼ ’ਚ ਸਵਾਰ ਲੋਕਾਂ ਦੀ ਸੁਰੱਖਿਆ ਲਈ ਕੀਤੀ ਕਾਮਨਾ
ਮੁਬੰਈ, 12 ਜੂਨ
ਅਹਿਮਦਾਬਾਦ ਵਿਚ ਜਹਾਜ਼ ਹਾਦਸਾ ਦੀ ਘਟਨਾ ਨੂੰ ਲੈ ਕੇ ਵੱਖ-ਵੱਖ ਬਾਲੀਵੁੱਡ ਅਦਾਕਾਰਾਂ ਵੱਲੋਂ ਦੁੱਖ ਪ੍ਰਗਟਾਇਆ ਜਾ ਰਿਹਾ ਹੈ। ਅਕਸ਼ੇ ਕੁਮਾਰ, ਸੰਨੀ ਦਿਓਲ, ਰਿਤੇਸ਼ ਦੇਸ਼ਮੁੱਖ ਸਮੇਤ ਵੱਖ-ਵੱਖ ਅਦਾਕਾਰਾਂ ਨੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ ਅਤੇ ਜਹਾਜ਼ ਵਿਚ ਸਵਾਰ ਲੋਕਾਂ ਦੀ ਸੁਰੱਖਿਆ ਦੀ ਕਾਮਨਾ ਕੀਤੀ।
ਅਕਸ਼ੇ ਕੁਮਾਰ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ ਕਿ ਏਅਰ ਇੰਡੀਆ ਜਹਾਜ਼ ਹਾਦਸੇ ਨੂੰ ਲੈ ਕੇ ਹੈਰਾਨ ਅਤੇ ਦੁੱਖ ’ਚ ਹਾਂ। ਇਸ ਸਮੇਂ ਸਿਰਫ਼ ਪ੍ਰਾਰਥਨਾ।
ਸੰਨੀ ਦਿਓਲ ਨੇ ਲਿਖਿਆ ਕਿ ਇਸ ਘਟਨਾ ਨੂੰ ਲੈ ਕੇ ਦੁੱਖ ’ਚ ਹਾਂ। ਸਾਰਿਆਂ ਦੀ ਸੁਰੱਖਿਆ ਲਈ ਦਿਲੋਂ ਅਰਦਾਸ ਕਰ ਰਿਹਾ ਹਾਂ। ਜੋ ਉਨ੍ਹਾਂ ਨੂੰ ਸਹਾਇਤਾ ਦੀ ਲੋੜ ਹੈ, ਉਹ ਜ਼ਰੂਰ ਮਿਲੇ। ਜੋ ਸਾਥੋਂ ਵਿਛੜ ਗਏ ਹਨ, ਰੱਬ ਉਨ੍ਹਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਸ ਔਖੇ ਸਮੇਂ ਤਾਕਤ ਮਿਲੇ।
ਰਿਤੇਸ਼ ਨੇ ਲਿਖਿਆ ਕਿ ਇਸ ਦੁਖਦਾਈ ਘਟਨਾ ਨੂੰ ਲੈ ਕੇ ਉਹ ਸਦਮੇ ਵਿਚ ਹਨ। ਸਾਰੇ ਯਾਤਰੀਆਂ, ਉਨ੍ਹਾਂ ਦੇ ਪਰਿਵਾਰਾਂ ਅਤੇ ਜੋ ਵੀ ਇਸ ਘਟਨਾ ਨਾਲ ਪ੍ਰਭਾਵਿਤ ਹੋਇਆ ਹੈ, ਉਹ ਸਾਰਿਆਂ ਨਾਲ ਖੜ੍ਹੇ ਹਨ। ਇਸ ਔਖੇ ਸਮੇਂ ਮੇਰੇ ਵਿਚਾਰ ਅਤੇ ਅਰਦਾਸ ਪੀੜਿਤਾਂ ਨਾਲ ਹਨ।
ਪਰੀਨੀਤੀ ਚੋਪੜਾ ਨੇ ਲਿਖਿਆ ਕਿ ਉਹ ਉਨ੍ਹਾਂ ਪਰਿਵਾਰਾਂ ਦੇ ਦਰਦ ਦੀ ਕਲਪਨਾ ਵੀ ਨਹੀਂ ਕਰ ਸਕਦੇ ਜੋ ਅੱਜ ਏਅਰ ਇੰਡੀਆ ਜਹਾਜ਼ ਨਾਲ ਵਾਪਰੇ ਹਾਦਸੇ ਵਿਚ ਪ੍ਰਭਾਵਿਤ ਹੋਏ ਹਨ। ਅਦਾਕਾਰ ਰਣਦੀਪ ਹੁੱਡਾ, ਕੰਗਣਾ ਰਣੌਤ ਅਤੇ ਸੋਨੂੰ ਸੂਦ ਨੇ ਵੀ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ।