ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਭਾਸ਼ਾ ਵਿੱਚ ਸੁਹਜ ਜ਼ਰੂਰੀ

ਬੋਲਬਾਣੀ ਕਿਸੇ ਮਨੁੱਖ ਦੀ ਅਸਲੀ ਪਛਾਣ ਹੁੰਦੀ ਹੈ। ਕਈ ਮਨੁੱਖ ਜਦੋਂ ਬੋਲਦੇ ਹਨ ਤਾਂ ਇੰਜ ਜਾਪਦਾ ਹੈ ਕਿ ਇਨ੍ਹਾਂ ਦੇ ਮੂੰਹ ਵਿੱਚੋਂ ਭਾਸ਼ਾ ਰੂਪੀ ਫੁੱਲ ਕਿਰ ਰਹੇ ਹਨ। ਅਸੀਂ ਪਰਿਵਾਰਾਂ ਵਿੱਚ ਤੇ ਸਮਾਜ ਵਿੱਚ ਵਿਚਰਦੇ ਹਾਂ, ਇਸ ਕਾਰਨ ਭਾਸ਼ਾ ਦਾ...
Advertisement

ਬੋਲਬਾਣੀ ਕਿਸੇ ਮਨੁੱਖ ਦੀ ਅਸਲੀ ਪਛਾਣ ਹੁੰਦੀ ਹੈ। ਕਈ ਮਨੁੱਖ ਜਦੋਂ ਬੋਲਦੇ ਹਨ ਤਾਂ ਇੰਜ ਜਾਪਦਾ ਹੈ ਕਿ ਇਨ੍ਹਾਂ ਦੇ ਮੂੰਹ ਵਿੱਚੋਂ ਭਾਸ਼ਾ ਰੂਪੀ ਫੁੱਲ ਕਿਰ ਰਹੇ ਹਨ। ਅਸੀਂ ਪਰਿਵਾਰਾਂ ਵਿੱਚ ਤੇ ਸਮਾਜ ਵਿੱਚ ਵਿਚਰਦੇ ਹਾਂ, ਇਸ ਕਾਰਨ ਭਾਸ਼ਾ ਦਾ ਪ੍ਰਯੋਗ ਬਹੁਤ ਸੋਚ-ਸਮਝ ਕੇ ਕਰਨ ਦੀ ਲੋੜ ਹੁੰਦੀ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਆਪਣੇ ਘਰ-ਪਰਿਵਾਰ ਤੋਂ ਲੈ ਕੇ ਹਰ ਥਾਂ ਹੀ ਆਪਸੀ ਗੱਲਬਾਤ ਵਿੱਚ ਬਹੁਤ ਗਾਲ੍ਹਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਂਜ ਤਾਂ ਭਾਰਤ ਦੇ ਹੋਰ ਸੂਬਿਆਂ ਵਿੱਚ ਵਸੇ ਲੋਕ ਵੀ ਅਜਿਹੀ ਮਲੀਨ ਭਾਸ਼ਾ ਦਾ ਪ੍ਰਯੋਗ ਜ਼ਰੂਰ ਕਰਦੇ ਹੋਣਗੇ, ਪਰ ਦੇਖਣ-ਸੁਣਨ ਵਿੱਚ ਆਇਆ ਹੈ ਕਿ ਪੰਜਾਬੀਆਂ ਦੀ ਇਸ ਖੇਤਰ ਵਿੱਚ ਵੀ ‘ਝੰਡੀ’ ਹੈ। ਬਹੁਤੇ ਮਨੁੱਖ ਆਪਣੇ ਘਰ-ਪਰਿਵਾਰ ਵਿੱਚ ਜਾਂ ਕਿਸੇ ਇਕੱਠ ਵਿੱਚ ਬੈਠੇ ਵੀ ਆਪਣੀ ਗੱਲ ਗਾਲ੍ਹਾਂ ਨਾਲ ਹੀ ਸ਼ੁਰੂ ਕਰਦੇ ਹਨ ਤੇ ਗਾਲ੍ਹਾਂ ਨਾਲ ਹੀ ਖ਼ਤਮ ਕਰਦੇ ਹਨ।

ਭਾਸ਼ਾ ਕੇਵਲ ਆਪਸੀ ਸੰਵਾਦ ਤੇ ਸੰਚਾਰ ਦਾ ਸਾਧਨ ਹੀ ਨਹੀਂ ਹੁੰਦੀ। ਇਹ ਮਨੁੱਖ ਦੇ ਅੰਦਰਲੇ ਸੁਹਜ-ਸਲੀਕੇ ਤੇ ਮਾਨਵੀ ਕਦਰਾਂ ਦਾ ਪ੍ਰਮਾਣ ਵੀ ਹੁੰਦੀ ਹੈ। ਜਦੋਂ ਤੱਕ ਕੋਈ ਮਨੁੱਖ ਚੁੱਪ ਬੈਠਾ ਰਹੇ ਤਾਂ ਉਸ ਦੀ ਸੋਚ, ਸਹਿਚਾਰ ਤੇ ਉਸ ਦੇ ਅੰਦਰਲੀ ਇਨਸਾਨੀਅਤ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ। ਮਨੁੱਖ ਦੇ ਬੋਲਣ ਨਾਲ ਹੀ ਉਸ ਦੀ ਸ਼ਖ਼ਸੀਅਤ ਦੇ ਵੱਖ ਵੱਖ ਪਸਾਰਾਂ ਨੂੰ ਜਾਣਿਆ ਜਾ ਸਕਦਾ ਹੈ। ਕੋਈ ਮਨੁੁੱਖ ਗੱਲਬਾਤ ਸਮੇਂ ਕਿਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰਦਾ ਹੈ। ਜੇ ਇਹ ਬੋਲ ਗਲਾਜ਼ਤ ਨਾਲ ਭਰੇ ਹੋਣ ਤਾਂ ਬੋਲਣ ਵਾਲਾ ਕਿਸੇ ਦੇ ਮਨ ਨੂੰ ਨਹੀਂ ਭਾਉਂਦਾ। ਮਿੱਠੀ, ਮਿਆਰੀ ਤੇ ਸੱਭਿਅਕ ਭਾਸ਼ਾ ਬੋਲਣ ਵਾਲਾ ਹਰ ਇੱਕ ਦਾ ਮਨ ਜਿੱਤ ਲੈਂਦਾ ਹੈ। ਦੂਜੇ ਪਾਸੇ ਹਰ ਗੱਲ ਨਾਲ ਨੰਗੇ-ਚਿੱਟੇ ਰੂਪ ਵਿੱਚ ਗਾਲ੍ਹਾਂ ਦੀ ਵਰਤੋਂ ਕਰਨ ਵਾਲਾ ਕਿਸੇ ਦੇ ਮਨ ਨੂੰ ਨਹੀਂ ਭਾਉਂਦਾ। ਜ਼ਰੂਰੀ ਨਹੀਂ ਕਿ ਅਨਪੜ੍ਹ ਹੀ ਗਾਲ੍ਹਾਂ ਦੀ ਵਰਤੋਂ ਕਰਦੇ ਹੋਣ। ਆਪਣੇ ਆਪ ਨੂੰ ਪੜ੍ਹੇ-ਲਿਖੇ ਅਖਵਾਉਣ ਵਾਲੇ ਵਿਅਕਤੀ ਵੀ ਗਾਲ੍ਹਾਂ ਦੀ ਵਰਤੋਂ ਕਰਨ ਵਿੱਚ ਪਿੱਛੇ ਨਹੀਂ ਹਨ।

Advertisement

ਬਹੁਤੇ ਲੋਕ ਆਪਣੇ ਘਰ-ਪਰਿਵਾਰ ਦੇ ਜੀਆਂ, ਪਤਨੀ, ਪੁੱਤਰਾਂ, ਧੀਆਂ ਤੇ ਵੱਡੀ ਉਮਰ ਦੇ ਬਜ਼ੁਰਗਾਂ ਸਾਹਮਣੇ ਵੀ ਆਪਣੀ ਮਾਨਸਿਕਤਾ ਵਿੱਚ ਭਰੀ ਗੰਦੀ ਭਾਸ਼ਾ ਦੀ ਵਰਤੋਂ ਕਰਦਿਆਂ ਕਦੇ ਸੰਗ-ਸ਼ਰਮ ਨਹੀਂ ਕਰਦੇ। ਜਿਹੜਾ ਮਨੁੱਖ ਔਰਤਾਂ ਦੀ ਸੰਗਤ ਵਿੱਚ ਬੈਠਿਆਂ ਵੀ ਆਪਣੀ ਬੋਲਬਾਣੀ ਵਿੱਚ ਗਾਲ੍ਹਾਂ ਦੀ ਵਰਤੋਂ ਕਰਦਾ ਹੈ, ਉਹ ਨਾ ਕੇਵਲ ਮਾਂ-ਬੋਲੀ ਦਾ ਹੀ ਨਿਰਾਦਰ ਕਰਦਾ ਹੈ, ਸਗੋਂ ਔਰਤਾਂ ਦਾ ਵੀ ਅਪਮਾਨ ਕਰਦਾ ਹੈ। ਮਰਦ ਆਪਸ ਵਿੱਚ ਲੜਦੇ-ਝਗੜਦੇ ਜਿਨ੍ਹਾਂ ਗਾਲ੍ਹਾਂ ਦੀ ਇੱਕ ਦੂਜੇ ’ਤੇ ਵਾਛੜ ਕਰਦੇ ਹਨ, ਉਹ ਕੱਢੀਆਂ ਤਾਂ ਮਰਦ ਨੂੰ ਜਾਂਦੀਆਂ ਹਨ, ਪਰ ਬੇਇੱਜ਼ਤ ਉਹ ਮਾਵਾਂ, ਭੈਣਾਂ ਤੇ ਧੀਆਂ ਨੂੰ ਕਰਦੀਆਂ ਹਨ। ਜਿਹੜੇ ਲੋਕ ਆਪਣੇ ਘਰ ਦੀਆਂ ਔਰਤਾਂ ਦਾ ਸਤਿਕਾਰ ਕਰਦੇ ਹਨ, ਉਨ੍ਹਾਂ ਦੀ ਬੋਲਚਾਲ ਵੀ ਬਹੁਤਾ ਕਰਕੇ ਸੱਭਿਅਕ ਹੁੰਦੀ ਹੈ।

ਜੇ ਮਾਂ-ਬਾਪ ਆਪਣੇ ਘਰ ਵਿੱਚ ਝਗੜਦਿਆਂ ਇੱਕ-ਦੂਜੇ ਪ੍ਰਤੀ ਗੰਦੀ ਭਾਸ਼ਾ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਬੱਚਿਆਂ ’ਤੇ ਵੀ ਗਹਿਰਾ ਪ੍ਰਭਾਵ ਪੈਂਦਾ ਹੈ। ਬੱਚੇ ਵੀ ਆਪਣੇ ਦੋਸਤਾਂ ਨਾਲ ਵਿਚਰਦਿਆਂ ਅਜਿਹੀ ਗ਼ੈਰ-ਮਿਆਰੀ ਭਾਸ਼ਾ ਬੋਲਣ ਲੱਗ ਜਾਂਦੇ ਹਨ। ਪੰਜਾਬੀ ਤਾਂ ਆਪਸੀ ਗੱਲਬਾਤ ਵਿੱਚ ਕੁਝ ਗਾਲ੍ਹਾਂ ਦੀ ਵਰਤੋਂ ਦੇ ਆਦੀ ਇਸ ਹੱਦ ਤੱਕ ਹੋ ਚੁੱਕੇ ਹਨ ਕਿ ਉਹ ਸਮਝਦੇ ਹਨ ਕਿ ਜਿਵੇਂ ਗਾਲ੍ਹਾਂ ਬਿਨਾਂ ਉਨ੍ਹਾਂ ਦੀ ਗੱਲ ਹੀ ਅਧੂਰੀ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਸੁਣਨ ਵਾਲਿਆਂ ਵਿੱਚੋਂ ਵੀ ਇਸ ਦਾ ਕੋਈ ਵਿਰੋਧ ਨਹੀਂ ਕਰਦਾ। ਆਲੇ-ਦੁਆਲੇ ਵੱਲ ਗਹੁ ਨਾਲ ਦੇਖੀਏ ਤਾਂ ਪਤਾ ਲੱਗਦਾ ਹੈ ਕਿ ਕਈ ਤਾਂ ਪਿਉ-ਪੁੱਤ ਵੀ ਆਪਸ ਵਿੱਚ ਗੱਲ ਕਰਦੇ ਗਾਲ੍ਹਾਂ ਦੀ ਵਾਛੜ ਤੋਂ ਬਿਨਾਂ ਕੋਈ ਗੱਲ ਕਰਦੇ ਹੀ ਨਹੀਂ। ਅਕਸਰ ਦੇਖਦੇ ਹਾਂ ਕਿ ਆਮ ਤੌਰ ’ਤੇ ਹਰ ਲੜਾਈ-ਝਗੜੇ ਦਾ ਮੁੱਢ ਗਾਲ੍ਹਾਂ ਤੋਂ ਹੀ ਬੱਝਦਾ ਹੈ। ਇੱਕ ਧਿਰ ਦੂਜੇ ’ਤੇ ਦੋਸ਼ ਲਾਉਂਦੀ ਹੈ ਕਿ ਇਸ ਨੇ ਮੈਨੂੰ ਪਹਿਲਾਂ ਗਾਲ੍ਹਾਂ ਕੱਢੀਆਂ ਹਨ, ਮੈਂ ਹੁਣ ਇਸ ਨੂੰ ਛੱਡਣਾ ਨਹੀਂ। ਗਾਲ੍ਹਾਂ ਨਾਲ ਛੋਟੀ ਜਿਹੀ ਗੱਲ ਵੀ ਵੱਡੀ ਬਣ ਜਾਂਦੀ ਹੈ ਤੇ ਕਈ ਵਾਰ ਗੱਲ ਮਰਨ-ਮਾਰਨ ਤੱਕ ਪਹੁੰਚ ਜਾਂਦੀ ਹੈ। ਪੁਲੀਸ ਮਹਿਕਮੇ ਵਾਲੇ ਤਾਂ ਗਾਲ੍ਹਾਂ ਤੋਂ ਬਿਨਾਂ ਕਿਸੇ ਨਾਲ ਗੱਲ ਕਰਦੇ ਹੀ ਨਹੀਂ। ਅਕਸਰ ਦੇਖਣ ਵਿੱਚ ਆਉਂਦਾ ਹੈ ਕਿ ਉਹ ਤਾਂ ਰੈਲੀਆਂ-ਮੁਜ਼ਾਹਰਿਆਂ ਵਿੱਚ ਸ਼ਾਂਤ ਬੈਠੇ ਕਰਮਚਾਰੀਆਂ ਨਾਲ ਵੀ ਗਾਲ੍ਹਾਂ ਦੀ ਨੰਗੀ-ਚਿੱਟੀ ਵਰਤੋਂ ਕਰਦੇ ਹਨ, ਜਦੋਂ ਕਿ ਇਕੱਠ ਵਿੱਚ ਔਰਤਾਂ ਵੀ ਸ਼ਾਮਲ ਹੁੰਦੀਆਂ ਹਨ।

ਬਹੁਤ ਦੁਖਦਾਈ ਵਰਤਾਰਾ ਹੈ ਕਿ ਪਹਿਲਾਂ ਤਾਂ ਇਹ ਸਭ ਕੁਝ ਜ਼ੁਬਾਨੀ-ਕਲਾਮੀ ਹੀ ਸੀ। ਸੋਸ਼ਲ-ਮੀਡੀਆ ਦੇ ਤੇਜ਼-ਤਰਾਰ ਤੇ ਬੇਲਗਾਮ ਘੋੜੇ ਵਾਂਗ ਬਿਫਰੇ ਹੋਏ ਮਾਧਿਅਮ ਨੇ ਮਲੀਨ, ਨਫ਼ਰਤ ਭਰੀ ਤੇ ਗਾਲ੍ਹਾਂ ਨਾਲ ਲਬਰੇਜ਼ ਭਾਸ਼ਾ ਦੇ ਸਭ ਹੱਦਾਂ-ਬੰਨੇ ਹੀ ਪਾਰ ਕਰ ਦਿੱਤੇ ਹਨ। ਕਿਸੇ ਵਿਚਾਰ ਦਾ ਵਿਰੋਧ ਕਰਦਿਆਂ ਅਜਿਹੀਆਂ ਅਸ਼ਲੀਲ ਤੇ ਸ਼ਰਮਸਾਰ ਕਰਨ ਵਾਲੀਆਂ ਗਾਲ੍ਹਾਂ ਦੀ ਲਿਖਤੀ ਵਰਤੋਂ ਕੀਤੀ ਜਾ ਰਹੀ ਹੈ ਕਿ ਹਰ ਸੰਵੇਦਨਸ਼ੀਲ ਬੰਦੇ ਦਾ ਮਨ ਤੜਫ਼ ਉੱਠਦਾ ਹੈ। ਕਈ ਵਾਰ ਮਨ ਵਿੱਚ ਆਉਂਦਾ ਹੈ ਕਿ ਅਸੀਂ ਆਪਣਾ ਜਾਹਲਪੁਣਾ ਕਦੋਂ ਤਿਆਗਾਂਗੇ? ਜੇ ਕਿਸੇ ਦੇ ਵਿਚਾਰਾਂ ਨਾਲ ਤੁਸੀਂ ਸਹਿਮਤ ਨਾ ਵੀ ਹੋਵੋ, ਤਾਂ ਸੱਭਿਅਕ ਭਾਸ਼ਾ ਵਿੱਚ ਵੀ ਉਸ ਦਾ ਵਿਰੋਧ ਕੀਤਾ ਜਾ ਸਕਦਾ ਹੈ।

ਹੋਰ ਭਾਵੇਂ ਜੋ ਮਰਜ਼ੀ ਹੋਵੇ, ਪਰ ਗਾਲ੍ਹਾਂ ਕੱਢਣ ਵਾਲੇ ਬੰਦੇ ਨੂੰ ਨਾ ਘਰਦੇ ਪਸੰਦ ਕਰਦੇ ਹਨ ਤੇ ਨਾ ਹੀ ਬਾਹਰ ਕੋਈ ਇੱਜ਼ਤ-ਮਾਣ ਦਿੰਦਾ ਹੈ। ਇਹ ਸਾਡੇ ਸਮਿਆਂ ਦੀ ਤਲਖ ਹਕੀਕਤ ਹੈ ਕਿ ਲੋਕਾਂ ਦੁਆਰਾ ਚੁਣੇ ਹੋਏ ਨੁਮਾਇੰਦੇ ਵੀ ਲੋਕਾਂ ਲਈ ਤਾਂ ਭਾਵੇਂ ਕੁਝ ਨਾ ਕਰਨ, ਪਰ ਇੱਕ ਦੂਜੇ ’ਤੇ ਚਿੱਕੜ ਉਛਾਲਣ ਸਮੇਂ ਜਿਹੜੀ ਗਲਾਜ਼ਤ ਭਰੀ ਭਾਸ਼ਾ ਦਾ ਪ੍ਰਯੋਗ ਕਰਦੇ ਹਨ, ਉਹ ਅਕਸਰ ਗ਼ੈਰ-ਮਿਆਰੀ ਹੁੰਦੀ ਹੈ। ਇਸ ਦਾ ਜਨਤਾ ’ਤੇ ਕੀ ਪ੍ਰਭਾਵ ਪੈਂਦਾ ਹੈ, ਇਹ ਸ਼ਾਇਦ ਉਨ੍ਹਾਂ ਨੇ ਕਦੇ ਸੋਚਿਆ ਹੀ ਨਹੀਂ। ਕਈ ਵਾਰ ਤਾਂ ਸੰਸਦ ਤੇ ਵਿਧਾਨ ਸਭਾਵਾਂ ਵਿੱਚ ਕਿਸੇ ਮੁੱਦੇ ’ਤੇ ਬਹਿਸ ਕਰਦੇ ਮੈਂਬਰ ਵੀ ਆਪਣੀ ਜ਼ੁਬਾਨ ’ਤੇ ਕਾਬੂ ਨਹੀਂ ਰੱਖਦੇ ਤੇ ਗ਼ੈਰ-ਮਿਆਰੀ ਭਾਸ਼ਾ ਦਾ ਪ੍ਰਯੋਗ ਕਰਨ ਲੱਗ ਜਾਂਦੇ ਹਨ। ਚੋਣਾਂ ਦੇ ਸਮੇਂ ਤਾਂ ਕਈ ਨੇਤਾ ਅਕਸਰ ਇੱਕ ਦੂਜੇ ਪ੍ਰਤੀ ਗਾਲ੍ਹਾਂ ਦੀ ਵਰਤੋਂ ਕਰਦੇ ਦੇਖੇ ਜਾ ਸਕਦੇ ਹਨ।

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਹੋ ਸਕਦੀਆਂ ਕਿ ਬੋਲ-ਚਾਲ ਤੇ ਸੰਵਾਦ ਸਮੇਂ, ਹਰ ਕਿਸੇ ਦਾ ਸਤਿਕਾਰ ਕਰਦਿਆਂ ਮਿੱਠੇ ਤੇ ਮਾਨਵਤਾ ਨਾਲ ਲਬਰੇਜ਼ ਸ਼ਬਦਾਂ ਦੀ ਵਰਤੋਂ ਕਰਨ ਵਾਲਾ ਸਭ ਦੇ ਮਨ ਜਿੱਤ ਲੈਂਦਾ ਹੈ। ਜੇ ਤੁਸੀਂ ਆਪਣੀ ਮਾਂ-ਬੋਲੀ ਨਾਲ ਪਿਆਰ ਕਰਦੇ ਹੋ ਤਾਂ ਮਲੀਨ ਭਾਸ਼ਾ ਦੀ ਵਰਤੋਂ ਬੰਦ ਕਰ ਦਿਉ। ਘਰਾਂ ਵਿੱਚ ਵੀ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਗਾਲ੍ਹਾਂ ਕੱਢਣ ਵਾਲੇ ਪਤੀ, ਪੁੱਤਰਾਂ ਤੇ ਹੋਰ ਜੀਆਂ ਦਾ ਤਿੱਖਾ ਵਿਰੋਧ ਕਰਨ ਤਾਂ ਕਿ ਉਹ ਸਭਿਅਕ ਬੋਲ ਬੋਲਣ ਵਾਲੇ ਰਾਹ ਤੁਰਨ। ਇਸ ਗੱਲ ਨੂੰ ਹੋਊ-ਪਰੇ ਕਰ ਕੇ ਟਾਲਿਆ ਨਹੀਂ ਜਾਣਾ ਚਾਹੀਦਾ। ਨੈਤਿਕ ਪੱਖ ਤੋਂ ਵੀ ਇਹ ਕਿਸੇ ਮਨੁੱਖ ਲਈ ਬਚਕਾਨਾ ਹਰਕਤ ਹੈ।

ਸੰਪਰਕ: 98153-56086

Advertisement
Show comments