ਅਦਾਕਾਰਾ ਸਮੰਥਾ ਰੂਥ ਪ੍ਰਭੂ ਨੇ ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਕੀਤਾ ਵਿਆਹ
ਅਦਾਕਾਰਾ ਸਮੰਥਾ ਰੂਥਪ੍ਰਭੂ ਨੇ ਸੋਮਵਾਰ ਨੂੰ ‘ਦ ਫੈਮਿਲੀ ਮੈਨ’ ਦੇ ਨਿਰਮਾਤਾ-ਨਿਰਦੇਸ਼ਕ ਰਾਜ ਨਿਦੀਮੋਰੂ ਨਾਲ ਵਿਆਹ ਕੀਤਾ। ਇਸ ਜੋੜੇ ਦਾ ਵਿਆਹ ਕੋਇੰਬਟੂਰ ਦੇ ਈਸ਼ਾ ਯੋਗਾ ਸੈਂਟਰ ਦੇ ਲਿੰਗ ਭੈਰਵੀ ਮੰਦਰ ਵਿੱਚ ਪ੍ਰਾਚੀਨ ਯੋਗਿਕ ਪਰੰਪਰਾ ਅਨੁਸਾਰ ਹੋਇਆ।
ਸਮੰਥਾ ਰੂਥਪ੍ਰਭੂ ਨੇ ਵਿਆਹ ਦੀਆਂ ਫੋਟੋਆਂ ਪੋਸਟ ਕਰਕੇ ਅਧਿਕਾਰਤ ਐਲਾਨ ਕੀਤਾ। ਉਸਨੇ ਫੋਟੋਆਂ ਦਾ ਕੈਪਸ਼ਨ ਦਿੱਤਾ- ‘01.12.2025’
ਪ੍ਰਾਚੀਨ ਪਰੰਪਰਾ ਅਨੁਸਾਰ ਕੀਤਾ ਵਿਆਹ
ਸਮੰਥਾ ਅਤੇ ਰਾਜ ਦੇ ਵਿਆਹ ਸਮਾਗਮ ਵਿੱਚ ਸਿਰਫ਼ ਪਰਿਵਾਰ ਅਤੇ ਨਜ਼ਦੀਕੀ ਦੋਸਤ ਹੀ ਸ਼ਾਮਲ ਹੋਏ। ਜੋੜੇ ਨੇ ਓਸ਼ੋ ਦੇ ਈਸ਼ਾ ਫਾਊਂਡੇਸ਼ਨ ਦੇ ਲਿੰਗ ਭੈਰਵੀ ਮੰਦਰ ਵਿੱਚ ਪ੍ਰਾਚੀਨ ਯੋਗ ਪਰੰਪਰਾ ਅਨੁਸਾਰ ਭੂਤ ਸ਼ੁੱਧੀ ਵਿਆਹ ਕੀਤਾ। ਇਹ ਇੱਕ ਵਿਸ਼ੇਸ਼ ਪ੍ਰਕਿਰਿਆ ਹੈ ਜੋ ਵਿਆਹ ਕਰਨ ਵਾਲੇ ਦੋ ਲੋਕਾਂ ਵਿਚਕਾਰ ਇੱਕ ਡੂੰਘਾ ਬੰਧਨ ਬਣਾਉਂਦੀ ਹੈ, ਜੋ ਕਿ ਵਿਚਾਰਾਂ, ਭਾਵਨਾਵਾਂ ਜਾਂ ਸਰੀਰ ਤੱਕ ਸੀਮਿਤ ਨਹੀਂ ਹੈ ਬਲਕਿ ਉਨ੍ਹਾਂ ਨੂੰ ਸਰੀਰ ਦੇ ਪੰਜ ਤੱਤਾਂ ਦੇ ਪੱਧਰ ’ਤੇ ਜੋੜਦੀ ਹੈ। ਇਹ ਵਿਆਹ, ਲਿੰਗ ਭੈਰਵੀ ਮੰਦਰਾਂ ਜਾਂ ਚੋਣਵੀਆਂ ਥਾਵਾਂ ’ਤੇ ਕੀਤਾ ਜਾਂਦਾ ਹੈ, ਜੋੜੇ ਦੇ ਅੰਦਰ ਪੰਜ ਤੱਤਾਂ ਨੂੰ ਸ਼ੁੱਧ ਕਰਦਾ ਹੈ ਅਤੇ ਉਨ੍ਹਾਂ ਦੇ ਰਿਸ਼ਤੇ ਵਿੱਚ ਸ਼ਾਂਤੀ, ਖੁਸ਼ਹਾਲੀ ਅਤੇ ਅਧਿਆਤਮਿਕ ਸੰਤੁਲਨ ਲਿਆਉਂਦਾ ਹੈ, ਜਿਸਨੂੰ ਦੇਵੀ ਦਾ ਆਸ਼ੀਰਵਾਦ ਪ੍ਰਾਪਤ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾ ਸਮੰਥਾ ਰੂਥਪ੍ਰਭੂ ਅਤੇ ਨਾਗਾ ਚੈਤੰਨਿਆ ਫਿਲਮ ‘ਯੇ ਮਾਇਆ ਚੇਸਾਵੇ’ ਵਿੱਚ ਇਕੱਠੇ ਨਜ਼ਰ ਆਏ ਸਨ। ਉਨ੍ਹਾਂ ਨੂੰ ਫਿਲਮ ਦੇ ਸੈੱਟ ’ਤੇ ਪਿਆਰ ਹੋ ਗਿਆ ਅਤੇ ਇੱਕ ਰਿਸ਼ਤਾ ਸ਼ੁਰੂ ਹੋਇਆ। ਸੱਤ ਸਾਲ ਡੇਟਿੰਗ ਤੋਂ ਬਾਅਦ, ਸਮੰਥਾ ਨੇ 2017 ਵਿੱਚ ਦੱਖਣੀ ਭਾਰਤੀ ਸਟਾਰ ਨਾਗਾ ਚੈਤੰਨਿਆ ਨਾਲ ਵਿਆਹ ਕੀਤਾ। ਵਿਆਹ ਹਿੰਦੂ ਅਤੇ ਈਸਾਈ ਦੋਵਾਂ ਰੀਤੀ-ਰਿਵਾਜਾਂ ਅਨੁਸਾਰ ਹੋਇਆ। ਵਿਆਹ ਤੋਂ ਬਾਅਦ, ਸਮੰਥਾ ਨੇ ਆਪਣਾ ਸਰਨੇਮ ਬਦਲ ਕੇ ਅੱਕੀਨੇਨੀ ਰੱਖ ਲਿਆ ਪਰ ਜੁਲਾਈ 2021 ਵਿੱਚ ਆਪਣਾ ਨਾਮ ਸਮੰਥਾ ਅੱਕੀਨੇਨੀ ਤੋਂ ਬਦਲ ਕੇ ਸਮੰਥਾ ਰੂਥਪ੍ਰਭੂ ਰੱਖ ਲਿਆ। ਇਸ ਤੋਂ ਬਾਅਦ, ਉਨ੍ਹਾਂ ਦੇ ਤਲਾਕ ਦੀਆਂ ਖ਼ਬਰਾਂ ਸਾਹਮਣੇ ਆਉਣ ਲੱਗੀਆਂ ਅਤੇ ਉਨ੍ਹਾਂ ਨੇ ਅਕਤੂਬਰ 2021 ਵਿੱਚ ਆਪਣੇ ਤਲਾਕ ਦਾ ਐਲਾਨ ਕੀਤਾ।
