ਅਦਾਕਾਰ ਸਤੀਸ਼ ਸ਼ਾਹ ਦਾ ਦੇਹਾਂਤ
‘ਜਾਨੇ ਭੀ ਦੋ ਯਾਰੋ’ ਅਤੇ ‘ਮੈਂ ਹੂੰ ਨਾ’ ਜਿਹੀਆਂ ਫਿਲਮਾਂ ’ਚ ਯਾਦਗਾਰੀ ਭੂਮਿਕਾਵਾਂ ਨਿਭਾਉਣ ਅਤੇ ਆਪਣੀ ਕਾਮੇਡੀ ਨਾਲ ਲੋਕਾਂ ਦੇ ਚਿਹਰਿਆਂ ’ਤੇ ਹਾਸਾ ਲਿਆਉਣ ਵਾਲੇ ਬੌਲੀਵੁੱਡ ਅਦਾਕਾਰ ਸਤੀਸ਼ ਸ਼ਾਹ (74) ਦਾ ਸ਼ਨਿਚਰਵਾਰ ਨੂੰ ਦੇਹਾਂਤ ਹੋ ਗਿਆ। ਮਸ਼ਹੂਰ ਟੀ ਵੀ ਲੜੀਵਾਰ ‘ਸਾਰਾਭਾਈ ਵਰਸਿਜ਼ ਸਾਰਾਭਾਈ’ ’ਚ ਅਦਾਕਾਰੀ ਲਈ ਉਨ੍ਹਾਂ ਨੂੰ ਉਚੇਚੇ ਤੌਰ ’ਤੇ ਸਲਾਹਿਆ ਜਾਂਦਾ ਹੈ। ਉਨ੍ਹਾਂ ਅੱਜ ਦੁਪਹਿਰ ਬਾਂਦਰਾ ਪੂਰਬੀ ਸਥਿਤ ਆਪਣੀ ਰਿਹਾਇਸ਼ ’ਤੇ ਆਖਰੀ ਸਾਹ ਲਏ। ਉਨ੍ਹਾਂ ਦੇ ਖਾਸ ਸਾਥੀ ਅਤੇ 30 ਸਾਲ ਤੋਂ ਨਿੱਜੀ ਸਹਾਇਕ ਰਮੇਸ਼ ਕਡਾਤਲਾ ਨੇ ਸਤੀਸ਼ ਸ਼ਾਹ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ। ਸ਼ਾਹ ਦੇ ਦੋਸਤ ਅਸ਼ੋਕ ਪੰਡਿਤ ਨੇ ਕਿਹਾ ਕਿ ਉਹ ਖੁਸਮਿਜ਼ਾਜ ਸ਼ਖ਼ਸ ਸੀ ਅਤੇ ਇਹ ਫਿਲਮ ਇੰਡਸਟਰੀ ਲਈ ਵੱਡਾ ਘਾਟਾ ਹੈ। ਡਾਇਰੈਕਟਰ ਫਰਾਹ ਖ਼ਾਨ, ਕਰਨ ਜੌਹਰ ਅਤੇ ਹੋਰ ਕਈ ਫਿਲਮੀ ਹਸਤੀਆਂ ਨੇ ਉਨ੍ਹਾਂ ਦੇ ਦੇਹਾਂਤ ’ਤੇ ਅਫ਼ਸੋਸ ਪ੍ਰਗਟ ਕੀਤਾ ਹੈ।
ਸਤੀਸ਼ ਸ਼ਾਹ ਦਾ ਜਨਮ 25 ਜੂਨ, 1951 ’ਚ ਹੋਇਆ ਸੀ ਅਤੇ ਉਨ੍ਹਾਂ ‘ਜਾਨੇ ਭੀ ਦੋ ਯਾਰੋ’, ‘ਮਾਲਾਮਾਲ’, ‘ਹੀਰੋ ਹੀਰਾਲਾਲ’, ‘ਮੈਂ ਹੂੰ ਨਾ’ ਅਤੇ ‘ਕਲ ਹੋ ਨਾ ਹੋ’ ਜਿਹੀਆਂ ਫਿਲਮਾਂ ਰਾਹੀਂ ਆਪਣੀ ਵੱਖਰੀ ਪਛਾਣ ਬਣਾਈ। ਫਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ ਆਫ ਇੰਡੀਆ ਤੋਂ ਗ੍ਰੈਜੂਏਟ ਸ਼ਾਹ ਸ਼ੁਰੂ ’ਚ ‘ਅਰਵਿੰਦ ਦੇਸਾਈ ਕੀ ਅਜੀਬ ਦਾਸਤਾਨ’ (1978) ਅਤੇ ‘ਗਮਨ’ (1979) ਜਿਹੀਆਂ ਫਿਲਮਾਂ ’ਚ ਛੋਟੀਆਂ ਭੂਮਿਕਾਵਾਂ ’ਚ ਨਜ਼ਰ ਆਏ ਸਨ। ਫਿਲਮਸਾਜ਼ ਕੁੰਦਨ ਸ਼ਾਹ ਦੀ 1983 ’ਚ ਆਈ ਫਿਲਮ ‘ਜਾਨੇ ਭੀ ਦੋ ਯਾਰੋ’ ’ਚ ਭ੍ਰਿਸ਼ਟ ਮਿਊਂਸੀਪਲ ਕਮਿਸ਼ਨਰ ਡੀ’ਮੈਲੋ ਦਾ ਕਿਰਦਾਰ ਨਿਭਾਅ ਕੇ ਸਤੀਸ਼ ਸ਼ਾਹ ਨੇ ਦਰਸ਼ਕਾਂ ’ਤੇ ਆਪਣੀ ਛਾਪ ਛੱਡੀ। ਭ੍ਰਿਸ਼ਟਾਚਾਰ ’ਤੇ ਵਿਅੰਗ ਕਸਦੀ ਕਾਮੇਡੀ ਫਿਲਮ ’ਚ ਸ਼ਾਹ ਦੇ ਨਾਲ ਨਸੀਰੂਦੀਨ ਸ਼ਾਹ, ਓਮ ਪੁਰੀ ਅਤੇ ਪੰਕਜ ਕਪੂਰ ਵੀ ਸਨ। ਉਨ੍ਹਾਂ ਟੀ ਵੀ ਲੜੀਵਾਰ ‘ਯੇਹ ਜੋ ਹੈ ਜ਼ਿੰਦਗੀ’ ’ਚ 55 ਵੱਖ-ਵੱਖ ਕਿਰਦਾਰ ਨਿਭਾਏ ਸਨ। ਇਸ ਤੋਂ ਇਲਾਵਾ ‘ਫਿਲਮੀ ਚੱਕਰ’ ’ਚ ਉਹ ਪ੍ਰਕਾਸ਼ ਦੇ ਕਿਰਦਾਰ ਨਾਲ ਛਾਏ ਰਹੇ।
