ਅੰਬਰੋਂ ਟੁੱਟਿਆ ਤਾਰਾ ਕਰਮਜੀਤ ਬੱਗਾ
ਪ੍ਰਸਿੱਧ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਮਲਵਈ ਬੋਲੀਆਂ ਲਈ ਮਸ਼ਹੂਰ ਮਾਲਵੇ ਦੇ ਜ਼ਿਲ੍ਹਾ ਸੰਗਰੂਰ ਵਿੱਚ ਪੈਂਦੇ ਪਿੰਡ ਚੱਠੇ ਸੇਖਵਾਂ ਦੀ ਹਦੂਦ ਅੰਦਰ ਪਿਤਾ ਚੂਹੜ ਸਿੰਘ ਅਤੇ ਮਾਤਾ ਬਚਨ ਕੌਰ ਦੇ ਘਰ ਪੈਦਾ ਹੋਇਆ। ਬਚਪਨ ਵਿੱਚ ਭਲਵਾਨੀ ਦੇ ਜੌਹਰ ਸਿੱਖਦਾ ਵੱਡਾ ਹੋਇਆ ਉਹ ਭਰ ਜਵਾਨੀ ਵਿੱਚ ਚੰਡੀਗੜ੍ਹ ਆ ਕੇ ਸਿਹਤ ਮਹਿਕਮੇ ਵਿੱਚ ਨੌਕਰੀ ਲੱਗਾ।
ਚੰਡੀਗੜ੍ਹ ਆ ਕੇ ਉਹ ਪੰਜਾਬੀ ਸੱਭਿਆਚਾਰ ਨਾਲ ਜੁੜ ਗਿਆ। ਉਹ ਭਲਵਾਨੀ ਛੱਡ ਕੇ ਮਲੋਏ ਦੇ ਮੰਨੇ ਪ੍ਰਮੰਨੇ ਅਲਗੋਜ਼ਾ ਮਾਸਟਰ ਮੁੰਦਰੀ ਕੋਲ ਜਾ ਕੇ ਅਲਗੋਜ਼ੇ ਸਿੱਖਣਾ ਲੱਗਾ ਅਤੇ ਦਿਨਾਂ ਵਿੱਚ ਹੀ ਬਹੁਤ ਵਧੀਆ ਅਲਗੋਜ਼ਾ ਕਲਾਕਾਰ ਬਣ ਕੇ ਸਾਹਮਣੇ ਆਇਆ। ਮਲਵਈ ਬੋਲੀਆਂ ਦਾ ਅਤੇ ਸ਼ਾਇਰੋ ਸ਼ਇਰੀ ਵਿੱਚ ਮੰਚ ਸੰਚਾਲਨ ਦਾ ਉਸ ਕੋਲ ਅਥਾਹ ਭੰਡਾਰ ਸੀ। ਬਾਬੂ ਰਜਬ ਅਲੀ ਦੇ ਛੰਦ ਅਤੇ ਅਨੇਕਾਂ ਗੀਤ ਉਸ ਨੂੰ ਯਾਦ ਸਨ, ਜਿਨ੍ਹਾਂ ਦੀ ਉਸ ਅਕਸਰ ਪੇਸ਼ਕਾਰੀ ਕਰਦਾ ਸੀ। ਸਮੇਂ ਮੁਤਾਬਿਕ ਢੁੱਕਵੀਂ ਛੰਦਬੰਦੀ ਪੇਸ਼ ਕਰਨ ਦਾ ਉਸ ਕੋਲ ਖ਼ਾਸ ਹੁਨਰ ਸੀ। ਸਟੇਜ ’ਤੇ ਆ ਕੇ ਜਦੋਂ ਉਹ ਅਲਗੋਜ਼ਿਆਂ ਦੀਆਂ ਲਹਿਰਾਂ ਛੇੜਦਾ ਤਾਂ ਸਮੇਂ ਨੂੰ ਤਰਤੀਬ ਵਿੱਚ ਬੰਨ੍ਹਣ ਦੀ ਉਸ ਕੋਲ ਖ਼ਾਸ ਮੁਹਾਰਤ ਸੀ। ਬਹੁਤ ਸਾਰੇ ਕਲਾਕਾਰਾਂ ਨਾਲ ਅਤੇ ਗੀਤਾਂ ਵਿੱਚ ਉਸ ਨੇ ਅਲਗੋਜ਼ੇ ਵਜਾਏ। ਸੁਰਜੀਤ ਬਿੰਦਰਖੀਏ ਵਰਗੇ ਚੋਟੀ ਦੇ ਫਨਕਾਰਾਂ ਨਾਲ ਅਲਗੋਜ਼ੇ ਵਜਾਉਣ ਦਾ ਵੀ ਉਸ ਨੂੰ ਮਾਣ ਹਾਸਲ ਹੋਇਆ।
ਕਰਮਜੀਤ ਬੱਗਾ ਚੰਡੀਗੜ੍ਹ, ਮੁਹਾਲੀ ਅਤੇ ਨੇੜਲੇ ਇਲਾਕੇ ਵਿੱਚ ਹੁੰਦੀ ਹਰ ਮਹਿਫ਼ਿਲ ਦਾ ਸ਼ਿੰਗਾਰ ਸੀ। ਉਸ ਦੇ ਬਿਨਾਂ ਮਹਿਫ਼ਿਲ ਅਧੂਰੀ ਜਾਪਦੀ ਸੀ। ਜਦੋਂ ਵੀ ਉਸ ਨੂੰ ਕਿਸੇ ਨੇ ਬੁਲਾਇਆ ਤਾਂ ਉਹ ਬਿਨਾਂ ਸ਼ਰਤ ਹਾਜ਼ਰ ਹੋਇਆ ਅਤੇ ਆਪਣੀ ਵਨੰਗੀ ਪੇਸ਼ ਕਰਕੇ ਅੱਗੇ ਚਲਾ ਜਾਂਦਾ। ਕਈ ਵਾਰ ਆਖਦਾ ਛੋਟੇ ਵੀਰ ਮੇਰਾ ਨੰਬਰ ਛੇਤੀ ਲਾ ਦੇਣਾ ਮੈਂ ਕਿਸੇ ਹੋਰ ਪ੍ਰੋਗਰਾਮ ’ਤੇ ਹਾਜ਼ਰੀ ਭਰਨ ਜਾਣਾ ਹੈ।
ਉਸ ਦੇ ਮਿੱਤਰ ਪਿਆਰਿਆਂ ਦਾ ਅਤੇ ਉਸ ਨੂੰ ਚਾਹੁਣ ਵਾਲਿਆਂ ਦਾ ਦਾਇਰਾ ਬਹੁਤ ਲੰਮਾ ਹੈ। ਉਹ ਸਿਰ ’ਤੇ ਸੋਹਣੀਆਂ ਰੰਗ ਬਿਰੰਗੀਆਂ ਨੋਕਦਾਰ ਦਸਤਾਰਾਂ ਸਜਾਉਂਦਾ ਅਤੇ ਕਈ ਵਾਰ ਸਟੇਜਾਂ ’ਤੇ ਕੁੜਤਾ-ਚਾਦਰਾ ਤੇ ਸ਼ਮਲੇ ਵਾਲੀ ਪੱਗ ਬੰਨ੍ਹ ਕੇ ਅਲਗੋਜ਼ੇ ਵਜਾਉਂਦਾ ਨਜ਼ਰ ਆਉਂਦਾ। ਕਿਸਾਨੀ ਸੰਘਰਸ਼ ਤੋਂ ਬਾਅਦ ਉਸ ਨੇ ਪੱਕੇ ਤੌਰ ’ਤੇ ਗਲ਼ ਵਿੱਚ ਸਾਫ਼ਾ ਰੱਖਣਾ ਸ਼ੁਰੂ ਕਰ ਦਿੱਤਾ ਸੀ। ਅਲਗੋਜ਼ਿਆਂ ਦਾ ਜਨੂੰਨ ਬੱਗੇ ਨੂੰ ਐਨਾ ਜ਼ਿਆਦਾ ਸੀ ਕਿ ਆਪਣੇ ਇਸ ਸ਼ੌਕ ਨੂੰ ਪੂਰਾ ਕਰਨ ਲਈ ਉਸ ਨੇ ਮਹਿਕਮੇ ਵਿੱਚੋਂ ਬਤੌਰ ਅਸਿਸਟੈਂਟ ਯੂਨਿਟ ਅਫ਼ਸਰ ਸਮੇਂ ਤੋਂ ਪਹਿਲਾਂ ਰਿਟਾਇਰਮੈਂਟ ਲੈ ਲਈ। ਅਜੋਕੇ ਦੌਰ ਵਿੱਚ ਜਦੋਂ ਕਲਾਕਾਰ ਅਲਗੋਜ਼ਿਆਂ ਤੋਂ ਦੂਰ ਹੁੰਦੇ ਜਾ ਰਹੇ ਹਨ, ਉਸ ਨੇ ਇਸ ਖੇਤਰ ਵਿੱਚ ਕਈ ਸ਼ਾਗਿਰਦ ਤਿਆਰ ਕੀਤੇ ਅਤੇ ਉਨ੍ਹਾਂ ਨੂੰ ਅਲਗੋਜ਼ੇ ਵਜਾਉਣੇ ਸਿਖਾਏ ਅਤੇ ਸਾਹ ਪਲਟਾਉਣ ਦਾ ਹੁਨਰ ਦਿੱਤਾ। ਉਸ ਨੇ ਮੁੰਡਿਆਂ ਦੇ ਨਾਲ ਨਾਲ ਕਈ ਕੁੜੀਆਂ ਨੂੰ ਵੀ ਅਲਗੋਜ਼ੇ ਵਜਾਉਣੇ ਸਿਖਾਏ। ਉਸ ਦੇ ਜਿਗਰੀ ਯਾਰ ਅਦਾਕਾਰ ਨਰਿੰਦਰ ਨੀਨੇ ਦੀ ਬੇਟੀ ਅਨੁਰੀਤਪਾਲ ਕੌਰ ਵੀ ਬੱਗੇ ਦੀ ਸ਼ਾਗਿਰਦ ਹੈ, ਜੋ ਦੁਨੀਆ ਦੀ ਪਹਿਲੀ ਮਹਿਲਾ ਅਲਗੋਜ਼ਾ ਵਾਦਕ ਹੈ। ਇਸ ਤੋਂ ਇਲਾਵਾ ਉਸ ਦੇ ਸ਼ਾਗਿਰਦਾਂ ਵਿੱਚ ਮਨਦੀਪ, ਗੁਰਪ੍ਰੀਤ (ਫਲੂਟਪ੍ਰੀਤ), ਸ਼ਗਨਪ੍ਰੀਤ, ਹਰਦੀਪ ਮਾਹਣਾ (ਭੰਗੜਾ ਕੋਚ) ਅਤੇ ਕੈਨੇਡਾ ਵਾਲੀ ਲੀਜ਼ਾ ਨੰਦਾ ਸਮੇਤ ਕਈ ਹੋਰ ਵੀ ਨਾਮ ਸ਼ਾਮਿਲ ਹਨ। ਆਪਣੀ ਕਲਾ ਦੇ ਸਿਰ ’ਤੇ ਉਸ ਨੇ ਦੇਸ਼ਾਂ ਵਿਦੇਸ਼ਾਂ ਵਿੱਚ ਅਨੇਕਾਂ ਫੇਰੀਆਂ ਪਾਈਆਂ ਹਨ।
ਕਰਮਜੀਤ ਬੱਗੇ ਦੀ ਜੀਵਨ ਸਾਥਣ ਪਰਵੀਨ ਬੱਗਾ ਵੀ ਸਿਹਤ ਮਹਿਕਮੇ ਵਿੱਚ ਕੰਮ ਕਰਦੀ ਸੀ, ਜਿਸ ਦਾ 2011 ਵਿੱਚ ਦੇਹਾਂਤ ਹੋ ਗਿਆ ਸੀ। ਉਸ ਤੋਂ ਬਾਅਦ ਬੱਗੇ ਨੇ ਆਪਣੇ ਆਪ ਨੂੰ ਸੰਭਾਲਿਆ। ਆਪਣੇ ਬੇਟੇ ਕਰਮਪ੍ਰੀਤ ਬੱਗਾ ਅਤੇ ਬੇਟੀ ਪਰਕਰਮ ਬੱਗਾ ਨੂੰ ਪੜ੍ਹਾਇਆ, ਵਿਆਹਿਆ ਅਤੇ ਸੈੱਟ ਕੀਤਾ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਬੱਗਾ ਕੈਨੇਡਾ ਬੱਚਿਆਂ ਕੋਲ ਤਿੰਨ ਚਾਰ ਮਹੀਨੇ ਰਹਿਣ ਗਿਆ। ਉੱਥੇ ਜਾ ਕੇ ਵੀ ਮਹਿਫ਼ਿਲਾਂ ਵਿੱਚ ਸ਼ਾਮਿਲ ਹੁੰਦਾ ਰਿਹਾ ਅਤੇ ਸੋਸ਼ਲ ਮੀਡੀਆ ’ਤੇ ਪੇਸ਼ਕਾਰੀਆਂ ਪਾਉਂਦਾ ਰਿਹਾ। ਇਸ ਮਹੀਨੇ ਦੀ ਸ਼ੁਰੂਆਤ ਵਿੱਚ ਉਹ ਵਾਪਸ ਮੁੰਡੀ ਖਰੜ ਆਪਣੇ ਘਰ ਪਰਤਿਆ। ਉਸ ਦੇ ਮਿੱਤਰ ਬੱਗੇ ਦੀ ਆਮਦ ਵਿੱਚ ਜਸ਼ਨ ਮਨਾਉਣ ਦਾ ਪ੍ਰੋਗਰਾਮ ਉਲੀਕ ਰਹੇ ਸਨ ਕਿ ਅਚਾਨਕ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਿਆ।
ਸੰਪਰਕ: 99149-92424