ਖਾਮੋਸ਼ ਹੋਇਆ ਹਾਸਿਆਂ ਦਾ ਛਣਕਾਟਾ
ਉੱਘਾ ਕਾਮੇਡੀਅਨ ਤੇ ਫਿਲਮ ਅਦਾਕਾਰ ਜਸਵਿੰਦਰ ਭੱਲਾ 65 ਵਰ੍ਹਿਆਂ ਦੇ ਉਮਰੇ ਮੁਹਾਲੀ ਦੇ ਪ੍ਰਾਈਵੇਟ ਹਸਪਤਾਲ ਵਿੱਚ ਕੁਝ ਸਮਾਂ ਬਿਮਾਰੀ ਨਾਲ ਜੂਝਣ ਤੋਂ ਬਾਅਦ ਸਦੀਵੀ ਵਿਛੋੜਾ ਦੇ ਗਿਆ ਜਿਸ ਦੇ ਤੁਰ ਜਾਣ ਨਾਲ ਪੰਜਾਬੀ ਕਾਮੇਡੀ ਖੇਤਰ ਦਾ ਉੱਚ ਦੁਮਾਲੜਾ ਬੁਰਜ ਢਹਿ ਗਿਆ। ਸਾਰੀ ਦੁਨੀਆ ਨੂੰ ਹਸਾਉਣ ਵਾਲਾ ਕਲਾਕਾਰ ਜਾਂਦਾ ਹੋਇਆ ਸਭ ਸਨੇਹੀਆਂ ਤੇ ਪ੍ਰਸੰਸਕਾਂ ਨੂੰ ਰੁਆ ਗਿਆ। ਜਸਵਿੰਦਰ ਭੱਲਾ ਨੂੰ ਇਹ ਹਾਸਲ ਹੈ ਕਿ ਜਿਸ ਦੌਰ ਵਿੱਚ ਕਾਮੇਡੀਅਨਾਂ ਨੂੰ ਜਗ੍ਹਾ ਭਰਨ ਵਾਲਾ (ਫਿੱਲਰ) ਸਮਝਿਆ ਜਾਂਦਾ ਸੀ, ਉਦੋਂ ਉਸ ਨੇ ਪ੍ਰਮੁੱਖ ਪੇਸ਼ਕਾਰ (ਪਿੱਲਰ) ਵਜੋਂ ਆਪਣੀ ਸਫਲਤਾ ਦੇ ਝੰਡੇ ਗੱਡੇ। ਜਸਪਾਲ ਭੱਟੀ ਹੁਰਾਂ ਜਿੱਥੇ ‘ਫਲਾਪ ਸ਼ੋਅ’ ਰਾਹੀਂ ਕਾਮੇਡੀ ਖੇਤਰ ਵਿੱਚ ਪਛਾਣ ਬਣਾਈ, ਉੱਥੇ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਦੀ ਜੋੜੀ ਤੋਂ ਬਾਅਦ ਪੰਜਾਬ ਵਿੱਚ ਸਟੈਂਡ ਅੱਪ ਕਾਮੇਡੀ ਪ੍ਰਮੁੱਖ ਤੌਰ ’ਤੇ ਉੱਭਰ ਕੇ ਸਾਹਮਣੇ ਆਈ ਜਿਸ ਤੋਂ ਬਾਅਦ ਭਗਵੰਤ ਮਾਨ, ਗੁਰਪ੍ਰੀਤ ਘੁੱਗੀ, ਭਜਨਾ ਅਮਲੀ, ਰਾਣਾ ਰਣਬੀਰ ਆਦਿ ਕਾਮੇਡੀਅਨਾਂ ਨੇ ਵੱਡੀ ਛਾਪ ਛੱਡੀ। ਅਜੋਕੇ ਦੌਰ ਵਿੱਚ ਬੀਨੂੰ ਢਿੱਲੋਂ, ਕਰਮਜੀਤ ਅਨਮੋਲ ਜਿਹੇ ਵੱਡੇ ਅਦਾਕਾਰਾਂ ਦੀ ਕਾਮੇਡੀ ਬਿਨਾਂ ਹਰ ਪੰਜਾਬੀ ਫਿਲਮ ਅਧੂਰੀ ਹੈ।
ਜਸਵਿੰਦਰ ਭੱਲਾ ਨੇ ਉਸ ਦੌਰ ਵਿੱਚ ਪੈਰ ਧਰਿਆ ਜਦੋਂ ਪੰਜਾਬ ਕਾਲੇ ਦੌਰ ਵਿੱਚੋਂ ਗੁਜ਼ਰ ਰਿਹਾ ਸੀ। ਲੋਕਾਂ ਦੇ ਚਿਹਰਿਆਂ ’ਤੇ ਨਿਰਾਸ਼ਾ ਛਾਈ ਹੋਈ ਸੀ ਅਤੇ ਹਾਸੇ ਕਿਧਰੇ ਉੱਡ-ਪੁੱਡ ਗਏ ਸਨ। ਸਹੀ ਮਾਅਨਿਆਂ ਵਿੱਚ ਉਸ ਨੇ ਪੰਜਾਬੀਆਂ ਨੂੰ ਮੁੜ ਹਸਾਉਣਾ ਸਿਖਾਇਆ। ਅਰਥ ਭਰਪੂਰ ਅਤੇ ਸਮਾਜਿਕ ਬੁਰਾਈਆਂ ’ਤੇ ਸੱਟ ਮਾਰਦੇ ਵਿਅੰਗਾਂ ਵਾਲੀ ਕਾਮੇਡੀ ਮੁੱਖ ਧਾਰਾ ਵਿੱਚ ਗਿਣੀ ਜਾਣ ਲੱਗੀ ਅਤੇ ਪੰਜਾਬ ਦੇ ਸੱਭਿਆਚਾਰਕ ਮੇਲਿਆਂ ਵਿੱਚ ਗਾਇਕਾਂ ਵਾਂਗ ਕਾਮੇਡੀ ਕਲਾਕਾਰਾਂ ਨੂੰ ਘੰਟਿਆਂ ਬੱਧੀ ਪੇਸ਼ਕਾਰੀ ਲਈ ਬੁਲਾਇਆ ਜਾਂਦਾ। ਕਈ ਵਾਰ ਤਾਂ ਕਾਮੇਡੀ ਕਲਾਕਾਰ ਮੁੱਖ ਗਾਇਕ ਉੱਪਰ ਵੀ ਭਾਰੂ ਪੈ ਜਾਂਦੇ।
ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਲੁਧਿਆਣਾ ਸ਼ਹਿਰ ਦੀ ਬੁੱਕਲ ਵਿੱਚ ਵਸੇ ਕਸਬਾ ਦੋਰਾਹਾ ਵਿਖੇ ਅਧਿਆਪਕ ਪਰਿਵਾਰ ਵਿੱਚ ਹੋਇਆ ਸੀ। ਪਿੰਡ ਦੇ ਸਕੂਲ ਤੋਂ ਮੁੱਢਲੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੀ.ਐੱਸਸੀ. ਅਤੇ ਐੱਮ.ਐੱਸਸੀ. ਦੀ ਡਿਗਰੀ ਹਾਸਲ ਕੀਤੀ। ਮੇਰਠ ਦੇ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਤੋਂ ਡਾਕਟਰੇਟ ਕਰਨ ਤੋਂ ਬਾਅਦ ਉਹ ਡਾ. ਜਸਵਿੰਦਰ ਭੱਲਾ ਬਣ ਗਿਆ। ਪੇਸ਼ੇ ਵਜੋਂ 1989 ਵਿੱਚ ਅਧਿਆਪਕ ਦੀ ਸਰਵਿਸ ਸ਼ੁਰੂ ਕਰਨ ਕਰਕੇ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ’ਚੋਂ 31 ਮਈ 2020 ਨੂੰ ਸੇਵਾ ਮੁਕਤ ਹੋਇਆ। ਅਧਿਆਪਕ ਹੋਣ ਦੇ ਬਾਵਜੂਦ ਉਸ ਦੀ ਪਛਾਣ ਕੁੱਲਵਕਤੀ ਕਾਮੇਡੀਅਨ ਵਜੋਂ ਬਣੀ। ਉਸ ਦੇ ਪਰਿਵਾਰ ਵਿੱਚ ਬੇਟੇ ਪੁਖਰਾਜ ਭੱਲਾ ਨੇ ਅਦਾਕਾਰੀ ਦੀ ਵਿਰਾਸਤ ਸੰਭਾਲੀ ਹੈ।
ਜਸਵਿੰਦਰ ਭੱਲਾ ਨੇ ਪਹਿਲੀ ਵਾਰ 1975 ਵਿੱਚ ਆਲ ਇੰਡੀਆ ਰੇਡੀਓ ਉੱਪਰ ਪੇਸ਼ਕਾਰੀ ਕੀਤੀ ਸੀ। ਅੱਸੀਵਿਆਂ ਦੇ ਅਖੀਰ ਵਿੱਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕਿਸਾਨ ਮੇਲੇ ਵਿੱਚ ਜਸਵਿੰਦਰ ਭੱਲਾ ਤੇ ਬਾਲ ਮੁਕੰਦ ਸ਼ਰਮਾ ਨੇ ਭੰਡਾਂ ਦੀ ਪੇਸ਼ਕਾਰੀ ਨਾਲ ਅਜਿਹਾ ਪ੍ਰਦਰਸ਼ਨ ਕੀਤਾ ਕਿ ਉਨ੍ਹਾਂ ਦੀ ਜੋੜੀ ਨੇ ਮੇਲਾ ਹੀ ਲੁੱਟ ਲਿਆ। ਉਸ ਤੋਂ ਬਾਅਦ ਇਸ ਜੋੜੀ ਨੇ ਆਪਣੀ ਪਹਿਲੀ ਕਾਮੇਡੀ ਕੈਸੇਟ 1988 ਵਿੱਚ ‘ਛਣਕਾਟਾ 88’ ਕੱਢੀ ਜੋ ਸੁਪਰ ਡੁਪਰ ਹਿੱਟ ਰਹੀ। ਜਸਵਿੰਦਰ ਭੱਲਾ ਨੇ ਛਣਕਾਟਾ ਨਾਂ ਰੱਖਣ ਬਾਰੇ ਕਈ ਵਰ੍ਹੇ ਪਹਿਲਾਂ ਇੱਕ ਟੀਵੀ ਸ਼ੋਅ ਵਿੱਚ ਖੁਲਾਸਾ ਕੀਤਾ ਸੀ ਕਿ ਪਹਿਲੀ ਕੈਸੇਟ ਦਾ ਨਾਮ ਰੱਖਣ ਲਈ ਜਦੋਂ ਉਹ ਸੋਚ ਵਿਚਾਰ ਕਰ ਰਹੇ ਸਨ ਤਾਂ ਉਸ ਵੇਲੇ ਉਨ੍ਹਾਂ ਦੇ ਅਧਿਆਪਕ ਪ੍ਰੋ. ਕੇਸ਼ਵ ਰਾਮ ਸ਼ਰਮਾ ਨੇ ਕਿਹਾ ਸੀ ਕਿ ਕਾਲਜ ਦਾ ਸਾਲਾਨਾ ਸਮਾਗਮ ‘ਛਣਕਾਟਾ’ ਬਹੁਤ ਮਕਬੂਲ ਹੈ, ਇਸੇ ਲਈ ਕੈਸੇਟ ਦਾ ਨਾਮ ਛਣਕਾਟਾ ਰੱਖ ਲਓ। ਇਸ ਤੋਂ ਬਾਅਦ ਛਣਕਾਟੇ ਨਾਲ ਸਾਲ ਦਾ ਨਾਮ ਜੁੜ ਕੇ ਹਰ ਸਾਲ ਛਣਕਾਟਾ ਆਉਣ ਲੱਗਾ। ਭੱਲੇ-ਬਾਲੇ ਦੀ ਜੋੜੀ ਦਰਸ਼ਕਾਂ ਦੀਆਂ ਅੱਖਾਂ ’ਤੇ ਅਜਿਹੀ ਚੜ੍ਹੀ ਕਿ ਫਿਰ ਉਨ੍ਹਾਂ ਦਹਾਕਿਆਂ ਬੱਧੀ ਪੰਜਾਬੀਆਂ ਦੇ ਦਿਲਾਂ ’ਤੇ ਰਾਜ ਕੀਤਾ। ‘ਛਣਕਾਟਾ’ ਇੱਕ ਬਰਾਂਡ ਹੀ ਬਣ ਗਿਆ ਸੀ ਜਿਸ ਦੀ ਹਰ ਸਾਲ ਸਰੋਤੇ ਉਡੀਕ ਕਰਿਆ ਕਰਦੇ ਸਨ। ਕੈਸੇਟਾਂ ਹੱਥੋਂ-ਹੱਥ ਵਿਕਣ ਲੱਗੀਆ। ਛਣਕਾਟੇ ਦੀ ਮਕਬੂਲੀਅਤ ਨੂੰ ਦੇਖਦਿਆਂ ਨੱਬਵਿਆਂ ਦੇ ਅੱਧ ਵਿੱਚ ਉਨ੍ਹਾਂ ਦੀ ਜੋੜੀ ਨੇ ਇੱਕ ਸਾਲ ਵਿੱਚ ਦੋ-ਦੋ ਛਣਕਾਟੇ ਕੱਢਣੇ ਸ਼ੁਰੂ ਕੀਤੇ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਾਢੇ ਛਣਕਾਟਾ ਰੱਖਿਆ ਜਾਣ ਲੱਗਾ ਜਿਵੇਂ ਕਿ ‘ਛਣਕਾਟਾ 97-1/2’
ਚਲੰਤ ਮਾਮਲਿਆਂ ’ਤੇ ਕਰਾਰੀ ਚੋਟ ਛਣਕਾਟੇ ਦੀ ਜਿੰਦਜਾਨ ਹੁੰਦੀ ਸੀ। ਕਈ ਵਾਰ ਦੂਹਰੇ ਅਰਥਾਂ ਵਾਲੀ ਕਾਮੇਡੀ ਕਾਰਨ ਆਲੋਚਨਾ ਦਾ ਵੀ ਸਾਹਮਣਾ ਕਰਨਾ ਪੈਂਦਾ, ਪਰ ਸਮਾਜਿਕ ਅਲਾਮਤਾਂ ’ਤੇ ਤਿੱਖੇ ਵਿਅੰਗ ਛਣਕਾਟੇ ਦਾ ਹਾਸਲ ਹੁੰਦੇ ਸਨ। ਭਰੂਣ ਹੱਤਿਆ ਦੀ ਸਮਾਜਿਕ ਅਲਾਮਤ ਖਿਲਾਫ਼ ਜਸਵਿੰਦਰ ਭੱਲਾ ਨੇ ਬਹੁਤ ਪਹਿਲਾਂ ਹੀ ‘ਮਾਸੀ ਨੂੰ ਤਰਸਣਗੇ’ ਰਾਹੀਂ ਤਕੜੀ ਸੱਟ ਮਾਰੀ ਸੀ। ਜਸਵਿੰਦਰ ਭੱਲਾ ਦੀ ਕਾਮੇਡੀ ਵਿੱਚ ਪੰਜਾਬੀ ਸੱਭਿਆਚਾਰ ਦਾ ਚਿਹਰਾ ਮੋਹਰਾ ਝਲਕਦਾ ਸੀ। ਠੇਠ ਤੇ ਮੁਹਾਵਰੇਦਾਰ ਸ਼ਬਦਾਵਲੀ ਤੋਂ ਇਲਾਵਾ ਪੰਜਾਬੀ ਵਿਰਸੇ ਤੇ ਸੱਭਿਆਚਾਰ ਦੀਆਂ ਅਮੀਰ ਬਾਤਾਂ ਰਾਹੀਂ ਉਹ ਵੱਡੀ ਤੋਂ ਵੱਡੀ ਗੱਲ ਵਿਅੰਗ ਰਾਹੀਂ ਥੋੜ੍ਹੇ ਸ਼ਬਦਾਂ ਵਿੱਚ ਕਹਿਣ ਦੀ ਸਮਰੱਥਾ ਰੱਖਦਾ ਸੀ। ਆਪਣੇ ਨਾਲ ਹੋਈ ਕਿਸੇ ਲਾਹ ਪਾਹ ਨੂੰ ਉਹ ਕਾਮੇਡੀ ਵਿੱਚ ਸ਼ਾਮਲ ਕਰ ਲੈਂਦਾ ਸੀ। ਵੱਡੇ ਕਾਮੇਡੀਅਨ (ਵਿਅੰਗਕਾਰ) ਦੀ ਇਹੋ ਨਿਸ਼ਾਨੀ ਹੁੰਦੀ ਹੈ। ਛਣਕਾਟਿਆਂ ਦੀ ਸਕਰਿਪਟ ਵਿੱਚ ਲੁਧਿਆਣਾ ਕੇਂਦਰ ਬਿੰਦੂ ਹੁੰਦਾ ਸੀ। ਇਸੇ ਲਈ ਛਣਕਾਟੇ ਵਿੱਚ ਭਾਰਤ ਨਗਰ, ਆਰਤੀ ਚੌਕ, ਭਾਈ ਬਾਲਾ ਚੌਕ ਅਤੇ ਚੌੜਾ ਬਾਜ਼ਾਰ ਆਦਿ ਅਕਸਰ ਸੁਣਨ ਨੂੰ ਮਿਲਦੇ।
ਜਸਵਿੰਦਰ ਭੱਲੇ ਦੀ ਕਾਮੇਡੀ ਦੇ ਪਾਤਰ ਆਮ ਜ਼ਿੰਦਗੀ ਵਿੱਚੋਂ ਹੁੰਦੇ ਸਨ। ਸਾਥੀ ਕਲਾਕਾਰਾਂ ਉੱਪਰ ਅਕਸਰ ਵਿਅੰਗ ਸੁਣਨ ਨੂੰ ਮਿਲਦਾ ਜਿਨ੍ਹਾਂ ਵਿੱਚ ਹੰਸ ਰਾਜ ਹੰਸ, ਸੁਰਿੰਦਰ ਛਿੰਦਾ ਆਦਿ ਪ੍ਰਮੁੱਖ ਹੁੰਦੇ। ਸਿਆਸਤਦਾਨਾਂ ਸਮੇਤ ਹਰ ਵਰਗ ਉੱਪਰ ਵਿਅੰਗ ਆਮ ਗੱਲ ਸੀ। ਛਣਕਾਟੇ ਵਿੱਚ ਪੰਜਾਬੀ ਮੇਲਿਆਂ ਦੇ ਬਾਦਸ਼ਾਹ ਜਗਦੇਵ ਸਿੰਘ ਜੱਸੋਵਾਲ ਤੇ ਕਵੀ ਗੁਰਭਜਨ ਗਿੱਲ ਜਿਹੀਆਂ ਸ਼ਖ਼ਸੀਅਤਾਂ ਦੀ ਵੀ ਆਪਣੇ ਅੰਦਾਜ਼ ’ਚ ਹਾਜ਼ਰੀ ਲਗਾ ਦੇਣੀ। ‘ਛਣਕਾਟਾ 90’ ਵਿੱਚ ‘ਜੱਟਾਂ ਦੇ ਪੰਜ ਖੱਖੇ’, ‘ਛਣਕਾਟਾ 95’ ਵਿੱਚ ‘ਪ੍ਰਸਿੰਨੀਏ ਖਾ ਕੇਲਾ’ ਬਹੁਤ ਮਕਬੂਲ ਹੋਇਆ। ਬਠਿੰਡੇ ਵਾਲਿਆਂ ਦੇ ਕੇਲਾ ਖਾਣ ਦੀ ਆਦਤ ਉੱਪਰ ਭੱਲੇ ਦੇ ਵਿਅੰਗ ਲੋਕ ਅਖਾਣ ਹੀ ਬਣ ਗਿਆ। ਸਮੇਂ ਦੇ ਬਦਲਾਅ ਨਾਲ ਛਣਕਾਟੇ ਦਾ ਫਿਲਮਾਂਕਣ ਹੋਣ ਲੱਗਾ ਤਾਂ ਭੱਲੇ ਤੇ ਬਾਲੇ ਦੀ ਜੋੜੀ ਨਾਲ ਨੀਲੂ ਅਤੇ ਗਾਇਕ ਸੁਖਵਿੰਦਰ ਸੁੱਖੀ ਵੀ ਜੁੜ ਗਏ। ਫਿਰ ਛਣਕਾਟੇ ਦੇ ਨਾਲ ਨਵੇਂ ਟਾਈਟਲ ਆਉਣ ਲੱਗੇ ਜਿਵੇਂ ‘ਜੜ ’ਤੇ ਕੋਕੇ’, ‘ਚਾਚਾ ਸੁਧਰ ਗਿਆ’ ਆਦਿ।
ਜਸਵਿੰਦਰ ਭੱਲਾ ਨੇ ਕੈਸੇਟ ਕਲਚਰ ਤੇ ਸਟੈਂਡ ਅੱਪ ਕਾਮੇਡੀ ਵਿੱਚ ਪੱਕੇ ਪੈਰੀਂ ਹੋਣ ਤੋਂ ਬਾਅਦ 1998 ਵਿੱਚ ਫਿਲਮੀ ਜੀਵਨ ਵਿੱਚ ਪੈਰਾ ਧਰਿਆ ਜਦੋਂ ਉਨ੍ਹਾਂ ਆਪਣੀ ਫਿਲਮ ‘ਦੁੱਲਾ ਭੱਟੀ’ ਕੀਤੀ। ਉਸ ਤੋਂ ਬਾਅਦ ਜਸਪਾਲ ਭੱਟੀ ਦੀ ਫਿਲਮ ‘ਮਾਹੌਲ ਠੀਕ ਹੈ’ ਵਿੱਚ ਇੰਸਪੈਕਟਰ ਦਾ ਯਾਦਗਾਰੀ ਰੋਲ ਕੀਤਾ। ਉਸ ਨੇ ਆਪਣੇ ਕਰੀਅਰ ਵਿੱਚ 70 ਤੋਂ ਵੱਧ ਫਿਲਮਾਂ ਕੀਤੀਆਂ ਜਿਨ੍ਹਾਂ ਵਿੱਚ ਕਈ ਯਾਦਗਾਰੀ ਰੋਲ ਕੀਤੇ। ਉਸ ਦੀਆਂ ਹਿੱਟ ਫਿਲਮਾਂ ਵਿੱਚ ‘ਕੈਰੀ ਆਨ ਜੱਟਾ’, ‘ਜੱਟ ਐਂਡ ਜੂਲੀਅਟ’, ‘ਮੇਲ ਕਰਾਦੇ ਰੱਬਾ’, ‘ਜੀਹਨੇ ਮੇਰਾ ਦਿਲ ਲੁੱਟਿਆ’, ‘ਡੈਡੀ ਕੂਲ ਮੁੰਡੇ ਫੂਲ’, ‘ਪਾਵਰ ਕੱਟ’ ਆਦਿ ਸ਼ਾਮਲ ਹਨ। ਜਸਵਿੰਦਰ ਭੱਲਾ ਦੇ ਫਿਲਮਾਂ ਦੇ ਡਾਇਲਾਗ ਵੀ ਅਖਾਣਾਂ-ਮੁਹਾਵਰਿਆਂ ਵਾਂਗ ਮਕਬੂਲ ਹੋਏ ਜੋ ਕਿ ਹਰ ਇੱਕ ਜ਼ੁਬਾਨ ਉੱਪਰ ਚੜ੍ਹ ਜਾਂਦੇ ਸਨ। ਇਸ ਤੋਂ ਇਲਾਵਾ ਜਸਵਿੰਦਰ ਭੱਲਾ ਦਾ ਅੰਦਾਜ਼ ਏ ਬਿਆਨ ਬਹੁਤ ਕਮਾਲ ਸੀ। ਉਹ ਇਕੱਲਾ ਕੈਸੇਟ ਜਾਂ ਫਿਲਮ ਵਿੱਚ ਹੀ ਆਪਣੀ ਕਾਮੇਡੀ ਨਾਲ ਨਹੀਂ ਜਾਣਿਆ ਜਾਂਦਾ ਸੀ ਸਗੋਂ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਵੀ ਗੱਲਬਾਤ ਤੇ ਮੋਬਾਈਲ ਉਤੇ ਜਵਾਬੀ ਮੈਸੇਜ ਲਿਖਦਿਆਂ ਸਹਿ-ਸੁਭਾਅ ਹੀ ਕਾਮੇਡੀ ਝਲਕਦੀ ਸੀ।
ਜਸਵਿੰਦਰ ਭੱਲਾ ਦੇ ਫਿਲਮਾਂ ਦੇ ਮਕਬੂਲ ਹੋਏ ਡਾਇਲਾਗਾਂ ਵਿੱਚ ‘ਜੀਜਾ ਜੀ’ ਟੈਲੀਫਿਲਮ ਵਿੱਚ ‘ਜੁੱਤੀ ਤੰਗ ਤੇ ਜਵਾਈ ਨੰਗ ਸਾਰੀ ਉਮਰ ਮੱਤ ਮਾਰ ਲੈਂਦੇ ਨੇ’, ‘ਕੈਰੀ ਆਨ ਜੱਟਾ’ ਵਿੱਚ ‘ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨ੍ਹੀਂ ਪਾਇਆ’ ਤੇ ‘ਗੰਦੀ ਔਲਾਦ, ਨਾ ਮਜ਼ਾ ਨਾ ਸਵਾਦ’, ‘ਜੱਟ ਐਂਡ ਜੂਲੀਅਟ’ ਵਿੱਚ ‘ਜੇ ਚੰਡੀਗੜ੍ਹ ਢਹਿਜੂ ਤਾਂ ਪਿੰਡ ਜੋਗਾ ਰਹਿਜੂ, ਜੇ ਪਿੰਡ ਢਹਿਜੂ’, ‘ਮਾਹੌਲ ਠੀਕ ਹੈ’ ਫਿਲਮ ਵਿੱਚ ‘ਮੈਂ ਤਾਂ ਪਾ ਦੂੰ ਪੜ੍ਹਨੇ’ ਆਦਿ ਸ਼ਾਮਲ ਸਨ। ਉਸ ਦੇ ਡਾਇਲਾਗਾਂ ਵਾਂਗ ਉਸ ਦੇ ਨਿਭਾਏ ਕਿਰਦਾਰ ਵੀ ਅਮਿੱਟ ਛਾਪ ਛੱਡ ਗਏ ਜਿਵੇਂ ਕਿ ਚਾਚਾ ਚਤਰਾ ਅਤੇ ਐੱਨ.ਆਰ.ਆਈ. ਨੌਜਵਾਨ ਭਾਨਾ। ਭਾਨੇ ਦਾ ਪ੍ਰਚੱਲਿਤ ਡਾਇਲਾਗ ‘ਭਾਨਾ ਯਾ..ਯਾ..’ ਬਹੁਤ ਹਿੱਟ ਹੋਇਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਰਿਟਾਇਰਡ ਪ੍ਰੋਫੈਸਰ ਡਾ. ਜਸਵਿੰਦਰ ਭੱਲਾ ਨੂੰ ਰਹਿੰਦੀ ਦੁਨੀਆ ਤੱਕ ਛਣਕਾਟੇ ਵਾਲੇ ਚਾਚੇ ਚਤਰੇ ਦੇ ਨਾਂ ਨਾਲ ਜਾਣਦੀ ਰਹੇਗੀ। ਉਸ ਨੇ ਇੱਕ ਟੀਵੀ ਸ਼ੋਅ ਵੀ ਕੀਤਾ ਜਿਸ ਦਾ ਨਾਂ ‘ਹਾਸਿਆਂ ਦਾ ਹੱਲਾ ਜਸਵਿੰਦਰ ਭੱਲਾ’ ਰੱਖਿਆ।
ਸੰਪਰਕ: 97800-36216