ਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਸਾਡੇ ਵਿਹੜੇ ਲੱਗ ਗਿਆ ਇੱਕ ਅੰਬ ਸੰਧੂਰੀ...

ਵਰਿੰਦਰ ਸਿੰਘ ਨਿਮਾਣਾ ਬਚਪਨ ਦੇ ਦਿਨੀਂ ਪਿੰਡ ਵਿੱਚ ਮੀਹਾਂ ਦੀ ਰੁੱਤੇ ਪੱਕਣ ਵਾਲੇ ਅੰਬਾਂ, ਜਾਮਣਾਂ ਤੇ ਅਮਰੂਦਾਂ ਵਾਲੇ ਰੁੱਖਾਂ ਦੀ ਭਰਮਾਰ ਰਿਹਾ ਕਰਦੀ ਸੀ। ਪਿੰਡ ਦੀ ਜਿਹੜੀ ਮਰਜ਼ੀ ਦਿਸ਼ਾ ਵੱਲ ਚਲੇ ਜਾਣਾ, ਹਰ ਪਾਸੇ ਵੱਖ ਵੱਖ ਮੌਸਮਾਂ ’ਚ ਕੁਦਰਤੀ...
Advertisement

ਵਰਿੰਦਰ ਸਿੰਘ ਨਿਮਾਣਾ

Advertisement

ਬਚਪਨ ਦੇ ਦਿਨੀਂ ਪਿੰਡ ਵਿੱਚ ਮੀਹਾਂ ਦੀ ਰੁੱਤੇ ਪੱਕਣ ਵਾਲੇ ਅੰਬਾਂ, ਜਾਮਣਾਂ ਤੇ ਅਮਰੂਦਾਂ ਵਾਲੇ ਰੁੱਖਾਂ ਦੀ ਭਰਮਾਰ ਰਿਹਾ ਕਰਦੀ ਸੀ। ਪਿੰਡ ਦੀ ਜਿਹੜੀ ਮਰਜ਼ੀ ਦਿਸ਼ਾ ਵੱਲ ਚਲੇ ਜਾਣਾ, ਹਰ ਪਾਸੇ ਵੱਖ ਵੱਖ ਮੌਸਮਾਂ ’ਚ ਕੁਦਰਤੀ ਨਿਆਮਤਾਂ ਦੇ ਇਹ ਖ਼ਜ਼ਾਨੇ ਧਰਤੀ ਮਾਂ ਦੇ ਸੀਨੇ ’ਤੇ ਉਲੱਦੇ ਹੋਏ ਘੁੱਗ ਵਸਦੀ ਜ਼ਿੰਦਗੀ ਦੀਆਂ ਬਰਕਤਾਂ ਵਧਾਉਂਦੇ ਨਜ਼ਰ ਆਇਆ ਕਰਦੇ ਸਨ। ਜੇਠ ਮਹੀਨੇ ਦੀਆਂ ਤਿੱਖੜ ਦੁਪਹਿਰਾਂ ਤੋਂ ਬਾਅਦ ਜਦੋਂ ਹਾੜ ਮਹੀਨੇ ਦੇ ਮੀਂਹ ਦਾ ਦੌਰ ਸ਼ੁਰੂ ਹੁੰਦਾ ਤਾਂ ਪਿੰਡ ਦੀਆਂ ਵੱਖ ਵੱਖ ਦਿਸ਼ਾਵਾਂ ਵਿੱਚ ਵਿਸ਼ਾਲ ਕਾਇਆ ਵਾਲੇ ਅੰਬਾਂ ਨੂੰ ਲੱਗਿਆ ਫ਼ਲ ਟਪਕਣ ਲੱਗ ਪੈਂਦਾ।

ਇਨ੍ਹਾਂ ਦਰੱਖਤਾਂ ’ਤੇ ਪੱਕ ਰਹੇ ਅੰਬਾਂ ਦੀ ਮੌਜੂਦਗੀ ਤੇ ਦਿਲ ਨੂੰ ਧੂਹ ਪਾਉਣ ਵਾਲੀ ਮਹਿਕ ਇਨ੍ਹਾਂ ਕੋਲੋਂ ਲੰਘਦੇ ਹਰ ਸ਼ਖ਼ਸ ਨੂੰ ਆਪਣੇ ਵੱਲ ਖਿੱਚਦੀ ਮਹਿਸੂਸ ਹੋਇਆ ਕਰਦੀ ਸੀ। ਇਨ੍ਹਾਂ ਖੁਸ਼ਬੋਦਾਰ ਦਰੱਖਤਾਂ ਦੁਆਲੇ ਬਚਪਨ ਦੀਆਂ ਮੌਜ ਬਹਾਰਾਂ ਮਾਣ ਰਹੇ ਤੇ ਛੋਟੀਆਂ ਛੋਟੀਆਂ ਖੇਡਾਂ ਖੇਡਦੇ ਨਿਆਣਿਆਂ ਲਈ ਇਨ੍ਹਾਂ ਰਸੀਲੇ ਤੇ ਮਹਿਕਾਂ ਛੱਡਦੇ ਫ਼ਲਾਂ ਤੱਕ ਪਹੁੰਚਣਾ ਬੜਾ ਔਖਾ ਕੰਮ ਹੁੰਦਾ ਸੀ। ਕਾਰਨ ਇਹ ਕਿ ਅੰਬਾਂ ਦੇ ਦਰੱਖਤਾਂ ’ਤੇ ਲੱਗਾ ਫ਼ਲ ਜਦੋਂ ਹੀ ਪੱਕਣ ਦੀ ਤਿਆਰੀ ਕਰਦਾ ਤਾਂ ਦਰੱਖਤਾਂ ਦੇ ਮਾਲਕਾਂ ਵੱਲੋਂ ਫ਼ਲਾਂ ਦੀ ਰਾਖੀ ਲਈ ਦਰੱਖਤਾਂ ਹੇਠ ਆਰਜ਼ੀ ਕੁੱਲੀਆਂ ਪਾ ਕੇ ਸਖ਼ਤ ਨਿਗਰਾਨੀ ਸ਼ੁਰੂ ਕਰ ਦਿੱਤੀ ਜਾਂਦੀ ਸੀ। ਸਾਡੇ ਘਰ ਦੇ ਨੇੜੇ ਪਿੰਡ ਦੇ ਚੜ੍ਹਦੇ ਪਾਸੇ ਲਾਗਲੇ ਪਿੰਡ ਦੀ ਜ਼ਮੀਨ ਵਿੱਚ ਰਾਹ ਦੇ ਕੰਢੇ ਹੀ ਦੋ ਵੱਡ ਆਕਾਰੀ ਅੰਬਾਂ ਨੂੰ ਹਰ ਸਾਲ ਭਰਵਾਂ ਫ਼ਲ ਲੱਗਿਆ ਕਰਦਾ।

ਹਾੜ ਦੇ ਅੱਧ ਤੋਂ ਬਾਅਦ ਪੱਕਣ ਵਾਲਾ ਛੱਲੀ ਵਰਗਾ ਲੰਮੂਤਰਾ ਜਿਹਾ ਅੰਬ ਬਹੁਤ ਹੀ ਸੁਆਦੀ ਤੇ ਮਹਿਕਦਾਰ ਹੁੰਦਾ ਤੇ ਦੂਜਾ ਸਾਉਣ ਬੀਤ ਜਾਣ ਤੋਂ ਬਾਅਦ ਭਾਦੋਂ ਦੇ ਮਹੀਨੇ ਜਾ ਪੱਕਦਾ, ਜਿਹਨੂੰ ਲੋਕ ਭਦਵਾੜਾ ਅੰਬ ਕਿਹਾ ਕਰਦੇ ਸਨ। ਰਾਹ ਕੋਲੋਂ ਲੰਘਣ ਵਾਲੇ ਹਰ ਸ਼ਖ਼ਸ ਨੂੰ ਦੋਹਾਂ ’ਚੋਂ ਪਹਿਲਾਂ ਪੱਕਣ ਵਾਲੇ ਛੱਲੀ ਅੰਬ ਦੇ ਸੁਆਦ ਤੇ ਪੱਕਣ ਵਾਲੇ ਸਮੇਂ ਵਾਰੇ ਪੂਰੀ ਜਾਣਕਾਰੀ ਹੁੰਦੀ ਤੇ ਬਹੁਤੇ ਬੰਦੇ ਇਸ ਦਾ ਸੁਆਦ ਮਾਣਨ ਲਈ ਮੂੰਹ ਹਨੇਰੇ ਹੀ ਇਹਦੇ ਵੱਲ ਆਪਣਾ ਦਾਅ ਲਾਉਣ ਦੀ ਕੋਸ਼ਿਸ਼ ਕਰਦੇ, ਕਿਉਂਕਿ ਦਿਨ ਚੜ੍ਹਨ ਤੱਕ ਤਾਂ ਅੰਬਾਂ ਦੀ ਰਾਖੀ ਕਰਨ ਵਾਲਾ ਮੁੰਡਾ ਇੱਥੇ ਪਹੁੰਚ ਕੇ ਕਿਸੇ ਨੂੰ ਅੰਬਾਂ ਦੇ ਨੇੜੇ ਨਹੀਂ ਸੀ ਫਟਕਣ ਦਿੰਦਾ। ਜਿੱਦਣ ਕਿਤੇ ਅੰਬਾਂ ਦਾ ਰਾਖਾ ਮੁੰਡਾ ਘਰੋਂ ਆਉਣ ਵਿੱਚ ਕੁਝ ਦੇਰ ਕਰ ਦਿੰਦਾ ਤਾਂ ਰਾਹੇ ਕੰਢੇ ਪੈਂਦੇ ਅੰਬਾਂ ਦੇ ਦਰੱਖਤਾਂ ਤੋਂ ਅੰਬਾ ਦੇ ਸ਼ੌਕੀਨ ਰਾਤ ਦੇ ਡਿੱਗੇ ਅੰਬ ਮੂੰਹ ਹਨੇਰੇ ਹੀ ਚੋਰੀ ਚੁੱਕ ਦਰੱਖਤ ਦਾ ਥੱਲਾ ਸਾਫ਼ ਕਰ ਦਿੰਦੇ, ਜਿਸ ਕਰਕੇ ਅੰਬਾਂ ਦੀ ਰਾਖੀ ਕਰਨ ਵਾਲੇ ਮੁੰਡੇ ਦਾ ਅੜਬ ਪਿਓ ਫ਼ਲਾਂ ਦੀ ਰਾਖੀ ਨਾ ਕਰ ਸਕਣ ਕਰਕੇ ਉਸ ਦੀ ਚੰਗੀ ਛਾਮਤ ਲਿਆਉਂਦਾ।

ਹਾਲਾਂਕਿ ਅੰਬਾਂ ਦੀ ਰਾਖੀ ਕਰਨ ਵਾਲਾ ਮੁੰਡਾ ਸਾਡੇ ਸਕੂਲ ਹੀ ਪੜ੍ਹਦਾ ਹੋਣ ਕਰਕੇ ਸਾਡਾ ਵੀ ਚੰਗਾ ਵਾਕਿਫ ਹੁੰਦਾ, ਪਰ ਆਪਣੇ ਬੂਟਿਆਂ ਤੋਂ ਪੱਕੇ ਅੰਬ ਚੁਪਾਉਣ ਦੇ ਮਾਮਲੇ ਵਿੱਚ ਪੂਰੀ ਤਰ੍ਹਾਂ ਕੋਰਾ ਤੇ ਬੇਲਿਹਾਜ਼ੀ ਦਿਖਾਇਆ ਕਰਦਾ। ਜੇ ਕਿੱਧਰੇ ਅੰਬਾਂ ਨੂੰ ਦਾਅ ਲਾਉਣ ਲਈ ਅਸੀਂ ਦੋ ਤਿੰਨ ਜਣੇ ਉਸ ਨੂੰ ਗੱਲਾਂ ਵਿੱਚ ਫਸਾਉਣ ਜਾਂ ਕਿਸੇ ਖੇਡ ਵਿੱਚ ਉਲਝਾਉਣ ਦੀ ਕੋਸ਼ਿਸ਼ ਵੀ ਕਰਦੇ ਤਾਂ ਉਹ ਮੰਡਾ ਆਪਣੇ ਕੰਮ ਵਿੱਚ ਮੁਸ਼ਤੈਦੀ ਦਿਖਾਉਂਦਿਆਂ ਆਪਣੇ ਅੜਬ ਪਿਓ ਨੂੰ ਸਾਡੀ ਸ਼ਿਕਾਇਤ ਲਾ ਕੇ ਛਿੱਤਰ ਪਰੇਡ ਕਰਾਉਣ ਦੀ ਧਮਕੀ ਦਿੰਦਾ ਰਹਿੰਦਾ ਤੇ ਅੰਬ ਚੂਪਣ ਦੀਆਂ ਸਾਡੀਆਂ ਸਾਰੀਆਂ ਸਕੀਮਾਂ ’ਤੇ ਪਾਣੀ ਫੇਰਦਿਆਂ ਕਹਿੰਦਾ, ‘‘ਭਾਪਾ ਕਹਿੰਦਾ ਸੀ ਅੰਬ ਉਤੋਂ ਨਹੀਂ ਲਾਹੁਣੇ, ਜੇ ਕੋਈ ਜ਼ਬਰਦਸਤੀ ਕਰੂ ਤਾਂ ਮੈਨੂੰ ਦੱਸਣਾ, ਮੈਂ ਬਣਾਊਂ ਉਨ੍ਹਾਂ ਨੂੰ ਬੰਦੇ ਦੇ ਪੁੱਤ।’’ ਇਸ ਤਰ੍ਹਾਂ ਹਰ ਸਾਲ ਮੀਹਾਂ ਦੀ ਰੁੱਤੇ ਘਰ ਦੇ ਨੇੜੇ ਹੀ ਮਹਿਕਦੀਆਂ ਇਨ੍ਹਾਂ ਕੁਦਰਤੀ ਦਾਤਾਂ ਨੂੰ ਮਾਣਨ ਲਈ ਮਨ ਹਮੇਸ਼ਾਂ ਤਾਂਘਦਾ ਰਹਿੰਦਾ ਅਤੇ ਦਾਅ ਲੱਗਦਿਆਂ ਹੀ ਇਨ੍ਹਾਂ ਨੂੰ ਹਾਸਲ ਕਰਕੇ ਜ਼ਿੰਦਗੀ ਦੀ ਵੱਡੀ ਖ਼ੁਸ਼ੀ ਮਿਲ ਗਈ ਸਮਝਿਆ ਕਰਦਾ ਸੀ।

ਇਸ ਤਰ੍ਹਾਂ ਹੀ ਸਕੂਲ ਵਾਲੇ ਰਾਹ ’ਤੇ ਆਪਣੇ ਹੀ ਨੇੜਲੇ ਰਿਸ਼ਤੇਦਾਰਾਂ ਦੇ ਖੇਤਾਂ ’ਚ ਰਾਹ ਦੇ ਨਾਲ ਨਾਲ 6-7 ਅੰਬਾਂ ਦੇ ਬੂਟਿਆਂ ਦੀ ਲੰਮੀ ਪਾਲ ਦੇ ਅੰਬ ਜਦੋਂ ਪੱਕਣੇ ਸ਼ੁਰੂ ਹੋ ਜਾਂਦੇ ਤਾਂ ਇਨ੍ਹਾਂ ਫ਼ਲਾਂ ਦਾ ਖੁਸ਼ਬੋਦਾਰ ਸੁਆਦ ਮਾਣਨ ਲਈ ਮਨ ਵਿੱਚ ਕਈ ਤਰਕੀਬਾਂ ਬਣਦੀਆਂ ਰਹਿੰਦੀਆਂ ਸਨ। ਭਾਵੇਂ ਇਨ੍ਹਾਂ ਕੁਦਰਤੀ ਸੌਗਾਤਾਂ ਦੇ ਮਾਲਕ ਤਾਂ ਆਪਣੇ ਰਿਸ਼ਤੇਦਾਰ ਹੀ ਹੁੰਦੇ ਸਨ, ਪਰ ਪਿੰਡ ਦੇ ਬਾਕੀ ਨਿਆਣਿਆਂ ਵਾਂਗ ਇਨ੍ਹਾਂ ਪੱਕਦੇ ਫ਼ਲਾਂ ਦੇ ਸੁਆਦ ਨੂੰ ਮਾਣਨ ਦੀ ਕਦੇ ਖੁੱਲ੍ਹ ਨਹੀਂ ਸੀ ਮਿਲੀ। ਰਿਸ਼ਤੇਦਾਰਾਂ ਦੇ ਸਾਡੀ ਉਮਰ ਦੇ ਨਿਆਣਿਆਂ ਨਾਲ ਸਾਡਾ ਬਹੁਤਿਆਂ ਦਾ ਅੰਬਾਂ ਥੱਲੇ ਖੇਡਣ ਜਾਣ ਦਾ ਮੁੱਖ ਮਕਸਦ ਤਾਂ ਦਾਅ ਲੱਗਣ ’ਤੇ ਪੱਕੇ ਅੰਬਾਂ ਦੇ ਸੁਆਦ ਨੂੰ ਮਾਣਨਾ ਹੀ ਹੁੰਦਾ ਸੀ। ਅੰਬਾਂ ਦੇ ਮਾਲਕ ਦਰੱੱਖਤਾਂ ਹੇਠ ਖੇਡਦੇ ਨਿਆਣਿਆਂ ਦੀ ਹਰ ਹਰਕਤ ’ਤੇ ਕਰੜੀ ਨਜ਼ਰ ਰੱਖਿਆ ਕਰਦੇ ਅਤੇ ਜਦੋਂ ਕੋਈ ਨਿਆਣਾ ਅੰਬ ਤੋੜਨ ਜਾਂ ਤਾੜਨ ਦੀ ਕੋਸ਼ਿਸ਼ ਕਰਦਾ ਤਾਂ ਅੰਬ ਮਾਲਕਾਂ ਦੀ ਅਸਮਾਨ ’ਚ ਕੜਕਦੀ ਬਿਜਲੀ ਵਾਂਗ ਵੱਜਦੀ ਝਿੜਕ ਸੁਆਦੀ ਅੰਬਾਂ ਨੂੰ ਤਾਂਘ ਰਹੇ ਨਿਆਣਿਆਂ ਦੀ ਹਰ ਹਸਰਤ ਨੂੰ ਪਲਾਂ ਵਿੱਚ ਮਿੱਟੀ ਕਰ ਦਿਆ ਕਰਦੀ।

ਸਕੂਲ ਵਾਲੀ ਦਿਸ਼ਾ ਵਿੱਚ ਹੀ ਆਬਾਦੀ ਤੋਂ ਦੂਰ ਬੋਹੜ ਦੇ ਦਰੱਖਤ ਵਾਂਗ ਆਪਣੀਆਂ ਵੱਡੀਆਂ ਤੇ ਉੱਚੀਆਂ ਟਾਹਣੀਆਂ ਨਾਲ ਕੂਹਣੀ ਭਾਰ ਧਰਤੀ ਨੂੰ ਜਾ ਲੱਗੇ ‘ਕਲਮੀ ਅੰਬ’ ਦੇ ਸੁਆਦ ਤੇ ਖੁਸ਼ਬੋ ਦੀਆਂ ਗੱਲਾਂ ਵੀ ਦੂਰ ਦੂਰ ਤੱਕ ਫੈਲੀਆਂ ਹੋਈਆਂ ਸਨ। ਇਸ ਅੰਬ ਦੀਆਂ ਟਾਹਣੀਆਂ ਪੂਰੀ ਗੋਲਾਈ ਵਿੱਚ ਧਰਤੀ ਨੂੰ ਜਾ ਲੱਗੀਆਂ ਹੋਣ ਕਰਕੇ ਇਹ ਦੂਰੋਂ ਕਿਸੇ ਹਰੇ ਪਹਾੜ ਵਰਗਾ ਨਜ਼ਰ ਆਉਂਦਾ ਹੁੰਦਾ ਸੀ। ਪਿੰਡ ਦੀ ਵਸੋਂ ਤੋਂ ਦੂਰ ਹੋਣ ਕਰਕੇ ਇਸ ਅੰਬ ਦੁਆਲੇ ਕੋਈ ਬੰਦਾ ਉਦੋਂ ਹੀ ਨਜ਼ਰ ਆਉਂਦਾ ਜਦੋਂ ਇਸ ਦਰੱਖਤ ਨੂੰ ਅੰਬ ਲੱਗੇ ਹੁੰਦੇ। ਦਰੱਖਤ ਦੇ ਟਾਹਣ ਜ਼ਮੀਨ ਨਾਲ ਲੱਗੇ ਹੋਣ ਤੇ ਟਾਹਣਾਂ ਦੇ ਨਾਲ ਨਾਲ ਘਾਹ ਬੂਟੀ ਉੱਗਿਆ ਹੋਣ ਕਰਕੇ ਇਹ ਦਰੱਖਤ ਦੂਰੋਂ ਕਿਸੇ ਝਿੜੀ ਵਰਗਾ ਦਿੱਸਦਾ ਹੋਣ ਕਰਕੇ ਕੋਈ ’ਕੱਲਾ ਇਕਹਿਰਾ ਬੰਦਾ ਇਸ ਵੱਲ ਆਉਣ ਦਾ ਜੇਰਾ ਨਹੀਂ ਸੀ ਕਰਦਾ ਹੁੰਦਾ, ਕਿਉਂਕਿ ਲੋਕਾਂ ਵਿੱਚ ਇਹ ਗੱਲ ਪ੍ਰਚੱਲਿਤ ਹੁੰਦੀ ਸੀ ਕਿ ਇਸ ਵੱਡੇ ਦਰੱਖਤ ’ਤੇ ਬੋਦੀ ਵਾਲੇ ਨਾਗ ਦਾ ਵਾਸਾ ਹੈ।

ਹਾਲਾਂਕਿ ਅੰਬਾਂ ਦੀ ਰੁੱਤੇ ‘ਕਲਮੀ ਅੰਬ’ ਦਾ ਫ਼ਲ ਤੋੜਨ ਵਾਲੇ ਕਾਮੇ ਉਸ ਅੰਬ ਦੇ ਥੱਲੇ ਆਪਣਾ ਆਰਜ਼ੀ ਟਿਕਾਣਾ ਬਣਾ ਕੇ ਕਈ ਕਈ ਦਿਨ ਵੀ ਗੁਜ਼ਾਰ ਲਿਆ ਕਰਦੇ ਸਨ ਤੇ ਬੋਦੀ ਵਾਲੇ ਨਾਗ ਵੱਲੋਂ ਅੰਬਾਂ ਦੇ ਰਾਖਿਆਂ ਨੂੰ ਕੋਈ ਨੁਕਸਾਨ ਪਹੁੰਚਾਉਣ ਵਾਲੀ ਕੋਈ ਖ਼ਬਰ ਕਦੇ ਸੁਣਨ ਨੂੰ ਨਹੀਂ ਸੀ ਮਿਲੀ। ਪਿੰਡ ਤੋਂ ਇਸ ਅੰਬ ਦੀ ਦੂਰੀ ਤੇ ਸੁੰਨਸਾਨ ਪਾਸੇ ਮੌਜੂਦਗੀ ਕਰਕੇ ਹੀ ਪਿੰਡ ਦੇ ਨਿਆਣਿਆਂ ਲਈ ਇਸ ਦੇ ਫ਼ਲ ਦਾ ਸੁਆਦ ਮਾਣਨਾ ਕਿਸੇ ਵੱਡੇ ਪਹਾੜ ਦੀ ਚੋਟੀ ’ਤੇ ਚੜ੍ਹਨ ਵਾਲਾ ਮੁਸ਼ਕਿਲ ਕਾਰਜ ਹੀ ਬਣਿਆ ਰਿਹਾ ਸੀ। ਬਚਪਨ ਉਲੰਘ ਜਦੋਂ ਜ਼ਿੰਦਗੀ ਨੂੰ ਪੇਂਡੂ ਜ਼ਿੰਦਗੀ ਦੀਆਂ ਕਈ ਉਲਝਣਾਂ ਤੇ ਰਮਜਾਂ ਸਮਝਣ ਦੀ ਸੋਝੀ ਆਉਣ ਲੱਗੀ ਤਾਂ ਪਿੰਡੋਂ ਦੂਰ ਸੁੰਨਸਾਨ ਪਾਸੇ ਕਈ ਦਹਾਕੇ ਪੁਰਾਣਾ, ਲੋਕਾਂ ਦੀਆਂ ਦੰਦ ਕਥਾਵਾਂ ਦਾ ਪਾਤਰ ਰਿਹਾ ‘ਕਲਮੀ ਅੰਬ’ ਟੋਟੋ ਟੋਟੇ ਹੋ ਕੇ ਨੇੜਲੇ ਸ਼ਹਿਰ ਦੀ ਲੱਕੜ ਮੰਡੀ ਵਿੱਚ ਵਿਕਣ ਲਈ ਜਾ ਚੁੱਕਾ ਸੀ।

ਕਲਮੀ ਅੰਬ ਵਾਲੀ ਦਿਸ਼ਾ ਵੱਲ ਹੀ ਦੇਹਰੀਵਾਲ ਵਾਲਿਆਂ ਦੇ ਨਾਂ ਵੱਜਦੀ ਜ਼ਮੀਨ ਦੇ ਚੜ੍ਹਦੇ ਪਾਸੇ ਪਾਥਾ, ਸੰਧੂਰੀ ਤੇ ਸੌਫੀ ਨਾਮ ਨਾਲ ਜਾਣੇ ਜਾਂਦੇ ਅੰਬ ਵੀ ਅੰਬਾਂ ਦੀ ਰੁੱਤੇ ਪਿੰਡ ਵਾਲਿਆਂ ਲਈ ਖਿੱਚ ਦਾ ਸਬੱਬ ਬਣੇ ਰਹਿੰਦੇ ਸਨ। ਪਾਥੇ ਅੰਬ ਦੀਆਂ ਟਾਹਣੀਆਂ ਵੀ ਜ਼ਮੀਨ ਨਾਲ ਲੱਗੀਆਂ ਹੁੰਦੀਆਂ ਤੇ ਇਸ ਦੇ 8-10 ਕੱਚੇ ਅੰਬ ਹੀ ਇੱਕ ਪਰਿਵਾਰ ਲਈ ਆਚਾਰ ਬਣਾਉਣ ਲਈ ਕਾਫ਼ੀ ਹੁੰਦੇ। ਪਾਥਾ ਅੰਬ ਇਸ ਨੂੰ ਸ਼ਾਇਦ ਇਸ ਨੂੰ ਇਸ ਕਰਕੇ ਵੀ ਕਿਹਾ ਜਾਂਦਾ ਕਿ ਇਸ ਦਾ ਆਕਾਰ ਸੁਆਣੀਆਂ ਵੱਲੋਂ ਗੋਹੇ ਦੀਆਂ ਪੱਥੀਆਂ ਜਾਣ ਵਾਲੀਆਂ ਪਾਥੀਆਂ ਵਰਗਾ ਹੁੰਦਾ ਸੀ। ਇਹ ਅੰਬ ਜ਼ਿਆਦਾਤਰ ਆਚਾਰ ਬਣਾਉਣ ਲਈ ਹੀ ਵਰਤੋਂ ਵਿੱਚ ਆਉਂਦਾ। ਇਸ ਦਰੱਖਤ ਦੇ ਨਾਲ ਹੀ ਲੰਬੂਤਰਾ ਜਿਹਾ ਅਸਮਾਨ ਵੱਲ ਨੂੰ ਵਧਿਆ ਹੋਇਆ ਇੱਕ ਬੂਟਾ ਸੰਧੁੂਰੀ ਅੰਬ ਦਾ ਹੁੰਦਾ ਸੀ। ਬੂਟਾ ਕਾਫ਼ੀ ਉੱਚਾ ਹੋਣ ਕਰਕੇ ਇਸ ਦਾ ਫ਼ਲ ਆਮ ਬੰਦੇ ਦੀ ਪਹੁੰਚ ਤੋਂ ਦੂਰ ਹੁੰਦਾ ਤੇ ਸਿਰਫ਼ ਉਦੋਂ ਹੀ ਨਸੀਬ ਹੁੰਦਾ, ਜਦੋਂ ਇਹ ਪੱਕ ਕੇ ਜ਼ਮੀਨ ’ਤੇ ਡਿੱਗ ਪੈਂਦਾ। ਜਦੋਂ ਇਹ ਅੰਬ ਪੱਕਣ ਵਾਲੇ ਦਿਨੀਂ ਦਰੱਖਤ ਦੇ ਟਾਹਣ ਨਾਲ ਜ਼ਮੀਨ ਵੱਲ ਨੂੰ ਲਮਕਿਆ ਹੁੰਦਾ ਤਾਂ ਤੱਕਣ ਵਾਲੇ ਨੂੰ ਬਿਜਲੀ ਦੇ ਜਗਦੇ ਪੀਲੇ ਲਾਟੂ ਵਾਂਗ ਪ੍ਰਤੀਤ ਹੁੰਦਾ, ਜਿਸ ਦੇ ਗਲ ਵੱਲ ਕਿਸੇ ਨੇ ਸੰਧੂਰ ਛਿੜਕ ਦਿੱਤਾ ਹੋਵੇ। ਛੋਟੀ ਉਮਰ ਦੇ ਨਿਆਣੇ ਤਾਂ ਇਸ ਅੰਬ ਨੂੰ ਥੱਲਿਓਂ ਦੇਖ ਦੇਖ ਕੇ ਹੀ ਆਪਣੀ ਰੂਹ ਰਾਜ਼ੀ ਕਰਦੇ ਰਹਿੰਦੇ ਤੇ ਜੇਕਰ ਕੋਈ ਜਣਾ ਪੂਰੇ ਸੀਜ਼ਨ ਵਿੱਚ ਕਦੇ ਕਿਤੇ ਇੱਕ ਅੱਧ ਵਾਰ ਇਸ ਦਿਲਟੁੰਬਵੀਂ ਕਿਸਮ ਦੇ ਅੰਬ ਨੂੰ ਚੂਪਣ ਵਿੱਚ ਸਫਲ ਹੋ ਜਾਂਦਾ ਤਾਂ ਇਹ ਉਸ ਦੀ ਵੱਡੀ ਪ੍ਰਾਪਤੀ ਹੋ ਜਾਂਦੀ ਸੀ। ਉਹ ਬਾਲ ਕਈ ਕਈ ਦਿਨ ਸਕੂਲ ਜਾ ਕੇ ਹਾਣੀਆਂ ਨੂੰ ‘ਸੰਧੁੂਰੀ ਅੰਬ’ ਦੇ ਸੁਆਦ ਤੇ ਮਹਿਕ ਦੀਆਂ ਕਹਾਣੀਆਂ ਸੁਣਾਉਂਦਾ ਰਹਿੰਦਾ ਸੀ।

ਪਿੰਡ ਦੇ ਲਹਿੰਦੇ ਪਾਸੇ ਪੈਂਦੇ ਸੰਤਾਂ ਦੇ ਡੇਰੇ ਵਿੱਚ ਅੰਬਾਂ ਵਾਲੇ ਝੰਡ ਦੇ ਅੰਬ ਜਦੋਂ ਪੱਕਣ ਲੱਗਦੇ ਤਾਂ ਪਿੰਡ ਦੇ ਬਹੁਤ ਸਾਰੇ ਬੰਦਿਆਂ ਤੇ ਨਿਆਣਿਆਂ ਦੇ ਗੇੜੇ ਇਸ ਪਾਸੇ ਵਧਣੇ ਸ਼ੁਰੂ ਹੋ ਜਾਂਦੇ। ਡੇਰੇ ਵਿੱਚ ਰਹਿੰਦੇ ਸੰਤਾਂ ਤੇ ਸਾਧੂਆਂ ਦੀ ਨਿਆਣਿਆਂ ਨਾਲ ਬਹੁਤੀ ਜਾਣ ਪਛਾਣ ਨਾ ਹੋਣ ਕਰਕੇ ਬਹੁਤੇ ਨਿਆਣੇ ਡੇਰੇ ਦੇ ਅੰਦਰ ਜਾਣ ਤੋਂ ਝਿਜਕਦੇ ਤੇ ਡਰਦੇ ਰਹਿੰਦੇ ਸਨ। ਕਿਸੇ ਇੱਕ ਅੱਧੇ ਸਾਥੀ ਦੀ ਬੇਨਤੀ ’ਤੇ ਜੇਕਰ ਡੇਰੇ ਅੰਦਰ ਚੁੱਪਚਾਪ ਤੇ ਕੋਈ ਸ਼ਰਾਰਤ ਨਾ ਕਰਨ ਦੀ ਸ਼ਰਤ ’ਤੇ ਦਰੱਖਤਾਂ ਥੱਲਿਓਂ ਸੰਤਾਂ ਕੋਲੋਂ ਪੱਕੇ ਅੰਬ ਚੁੱਕਣ ਦੀ ਆਗਿਆ ਮਿਲ ਜਾਣੀ ਤਾਂ ਨਿਆਣੇ ਮੂੰਹਾਂ ’ਤੇ ਉਂਗਲ ਰੱਖ, ਦੱਬੇ ਦੱਬੇ ਪੈਰੀਂ ਬਿਨਾਂ ਕੋਈ ਖੜਾਕ ਕੀਤਿਆਂ ਪੱਕੇ ਪੱਕੇ ਅੰਬ ਆਪਣੇ ਭਾਂਡਿਆਂ ਵਿੱਚ ਪਾ ਕੇ ਪਿੰਡ ਵੱਲ ਨੂੰ ਇਸ ਤਰ੍ਹਾਂ ਦੌੜਦੇ ਜਿਵੇਂ ਕੋਈ ਬਹੁਤ ਵੱਡਾ ਖ਼ਜ਼ਾਨਾ ਲੱਭ ਲਿਆਏ ਹੋਣ। ਇਸ ਤਰ੍ਹਾਂ ਪੇਂਡੂ ਰਹਿਤਲ ਦੀਆਂ ਨਿਆਮਤਾਂ ਮਾਣਨ ਤੋਂ ਬਾਅਦ ਜ਼ਿੰਦਗੀ ਜਦੋਂ ਸਕੂਲੀ ਪੜ੍ਹਾਈਆਂ ਖ਼ਤਮ ਕਰਕੇ ਕਾਲਜਾਂ ਦੀਆਂ ਚਾਰਦੀਵਾਰੀਆਂ ਵਿੱਚ ਆਪਣੇ ਸੁਪਨਿਆਂ ਦੇ ਆਲ੍ਹਣਿਆਂ ਨੂੰ ਬੁਣਨ ਲੱਗੀ ਤਾਂ ਪੜ੍ਹਾਈਆਂ ਦੇ ਨਾਲ ਘਰੇਲੂ ਜ਼ਿੰਮੇਵਾਰੀਆਂ ਦੀਆਂ ਉਲਝਣਾਂ ਵੀ ਵਧਣ ਲੱਗ ਪਈਆਂ ਸਨ।

ਹੁਣ ਪਿੰਡ ਵਿੱਚ ਚੋਰੀ ਜਾਂ ਸਾਧੀਂ ਅੰਬ ਚੁੂਪਣ, ਜਾਮਣਾ ’ਤੇ ਚੜ੍ਹਨ ਤੇ ਅਸਮਾਨ ਨੂੰ ਛੂੰਹਦੀਆਂ ਖਜ਼ੂਰਾਂ ਲਾਹੁਣ ਦੀਆਂ ਮੌਜਾਂ ’ਤੇ ਇੱਕ ਤਰ੍ਹਾਂ ਵਿਰਾਮ ਲੱਗਣਾ ਸ਼ੁਰੂ ਹੋ ਗਿਆ ਸੀ। ਅੰਬ ਟਪਕਣ ਦੀ ਰੁੱਤੇ ਕਾਲਜਾਂ ਦੀਆਂ ਨਵੀਆਂ ਜਮਾਤਾਂ ਸ਼ੁਰੂ ਹੋ ਜਾਂਦੀਆਂ ਅਤੇ ਕਾਲਜ ਤੋਂ ਬਾਅਦ ਆਥਣੇ ਘਰ ਆ ਕੇ ਬਾਪੂ ਦੇ ਪਸ਼ੂ ਡੰਗਰਾਂ ਲਈ ਗੱਡਾ ਪੱਠਿਆਂ ਦਾ ਵੱਢਣਾ, ਹਨ੍ਹੇਰਾ ਹੁੰਦੇ ਘਰ ਆ ਕੇ ਕੁਤਰਨਾ ਤੇ ਫਿਰ ਖੁਰਲੀਆਂ ਵਿੱਚ ਸੁੱਟਣ ਦੇ ਕੰਮ ਤੋਂ ਬਾਅਦ ਜਦੋਂ ਥੋੜ੍ਹੀ ਵਿਹਲ ਮਿਲਣੀ ਤਾਂ ਡੀਡੀ ਨੇੈਸ਼ਨਲ ਤੋਂ ਅੱਠ ਚਾਲੀ ਵਾਲੀਆਂ ਖ਼ਬਰਾਂ ਵੀ ਖ਼ਤਮ ਹੋ ਗਈਆਂ ਹੁੰਦੀਆਂ। ਇਸ ਤਰ੍ਹਾਂ ਜ਼ਿੰਦਗੀ ਸੰਵਾਰਨ ਲਈ ਕਈ ਸਾਲਾਂ ਦੀ ਜੱਦੋਜਹਿਦ ਦੌਰਾਨ ਮੀਹਾਂ ਦੀ ਰੁੱਤੇ ਪਤਾ ਹੀ ਨਾ ਲੱਗਦਾ ਕਿ ਕਦੋਂ ਦਰੱਖਤਾਂ ’ਤੇ ਅੰਬ ਪੱਕ ਗਏ, ਕਦੋਂ ਲੋਕਾਂ ਨੇ ਪੱਕੀਆਂ ਜਾਮਣਾਂ ਨਾਲ ਆਪਣੀਆਂ ਜੀਭਾਂ ਜਾਮਣੀ ਕਰਵਾ ਲਈਆਂ ਤੇ ਕੱਚੇ ਪੱਕੇ ਅਮਰੂਦ ਖਾ ਕੇ ਮਲੇਰੀਆ ਬੁਖਾਰ ਚੜ੍ਹਵਾ ਲਿਆ।

ਕਾਲਜਾਂ ਦੀਆਂ ਪੜ੍ਹਾਈਆਂ, ਕੱਚੀਆਂ ਪੱਕੀਆਂ ਨੌਕਰੀਆਂ ਲਈ ਜੱਦੋਜਹਿਦ ਤੇ ਬਾਪੂ ਦੀਆਂ ਕਬੀਲਦਾਰੀਆਂ ਨਜਿੱਠਦਿਆਂ ਕਰੀਬ ਇੱਕ ਦਹਾਕੇ ਦੇ ਸਮੇਂ ’ਚ ਪਤਾ ਹੀ ਨਹੀਂ ਲੱਗਾ ਕਿ ਕਦੋਂ ਗੁਆਂਢ ’ਚ ਨੇੜਲੇ ਪਿੰਡ ਵਾਲਿਆਂ ਦੀ ਜ਼ਮੀਨ ਵਿੱਚ ਭਦਵਾੜਾ ਤੇ ਦੂਜਾ ਮਿੱਠਾ ਛੱਲੀ ਅੰਬ ਮਾਲਕਾਂ ਨੇ ਆਪਣੇ ਨਿਆਣਿਆਂ ਦੇ ਵਿਆਹਾਂ ਦੇ ਖ਼ਰਚੇ ਪੂਰੇ ਕਰਨ ਲਈ ਵੇਚ ਵੱਟ ਲਏ। ਪਿੰਡੋਂ ਦੂਰ ਪੈਂਦਾ ਕਲਮੀ, ਪਾਥਾ ਤੇ ਸੰਧੂਰੀ ਅੰਬਾਂ ਨੂੰ ਵੱਢ ਟੁੱਕ ਕੇ ਮਾਲਕਾਂ ਨੇ ਦਰੱਖਤਾਂ ਵਾਲੀਆਂ ਥਾਵਾਂ ਪੱਧਰੀਆਂ ਕਰਕੇ ਆਪਣੀਆਂ ਵਗਦੀਆਂ ਜ਼ਮੀਨਾਂ ’ਚ ਰਲਾ ਲਈਆਂ ਤੇ ਅੰਬਾਂ ਦੀ ਰੁੱਤੇ ਆਪਣੇ ਸੁਆਦ ਤੇ ਖੁਸ਼ਬੋਆਂ ਨਾਲ ਨਿਆਣੇ ਸਿਆਣਿਆਂ ਨੂੰ ਸੈਨਤਾਂ ਮਾਰਨ ਵਾਲੇ ਕੁਦਰਤੀ ਖ਼ਜ਼ਾਨਿਆਂ ਨੂੰ ਸਦਾ ਸਦਾ ਲਈ ਉਜਾੜ ਕੇ ਰੱਖ ਦਿੱਤਾ। ਪਿੰਡ ਦੇ ਆਸੇ ਪਾਸੇ ਤੇ ਹੋਰ ਕਈ ਥਾਈਂ ਅੰਬ ਤੇ ਹੋਰ ਪੁਰਾਣੇ ਦਰੱਖਤ ਜ਼ਮੀਨੀ ਪਾਣੀ ਦਾ ਪੱਧਰ ਡੂੰਘਾ ਹੋਣ ਕਰਕੇ ਸੁੱਕੇ ਪਿੰਜਰ ਜਿਹੇ ਬਣ ਗਏ, ਜਿਨ੍ਹਾਂ ਨੂੰ ਲੋਕਾਂ ਨੇ ਬਾਲਣ ਬਣਾ ਬਣਾ ਆਪਣੇ ਚੁੱਲ੍ਹਿਆਂ ’ਚ ਬਾਲ ਲਿਆ।

ਜ਼ਿੰਦਗੀ ਦੀ ਗੱਡੀ ਤੋਰਦਿਆਂ ਤੇ ਆਪਣੇ ਰੁਜ਼ਗਾਰ ਦਾ ਆਹਰ ਕਰਦਿਆਂ ਫਿਰ ਕੁਝ ਸਾਲ ਪਹਿਲਾਂ ਆਪਣੇ ਬਚਪਨ ਦੇ ਇੱਕ ਆੜੀ ਤੇ ਬਾਗਬਾਨੀ ਵਿਭਾਗ ਦੇ ਵੱਡੇ ਅਫ਼ਸਰ ਦੀ ਸੰਗਤ ਕਰਨ ਦਾ ਮੌਕਾ ਮਿਲਿਆ। ਉਨ੍ਹਾਂ ਦੇ ਵਿਭਾਗ ਵੱਲੋਂ ਬਾਗਬਾਨੀ ਨੂੰ ਉਤਸ਼ਾਹਿਤ ਕਰਨ ਲਈ ਚਲਾਈਆਂ ਜਾਂਦੀਆਂ ਸਕੀਮਾਂ ਤੇ ਪ੍ਰੋਗਰਾਮਾਂ ਨੂੰ ਨੇੜਿਓਂ ਤੱਕਣ ਤੇ ਸਮਝਦਿਆਂ ਫ਼ਲਾਂ ਤੇ ਬਾਗ਼ਾਂ ਨਾਲ ਲਗਾਓ ਜਿਹਾ ਪੈਦਾ ਹੋ ਗਿਆ। ਹੌਲੀ ਹੌਲੀ ਇਹ ਵੀ ਪਤਾ ਲੱਗਾ ਕਿ ਉਨ੍ਹਾਂ ਦੇ ਵਿਭਾਗ ਵੱਲੋਂ ਆਪਣੇ ਇਲਾਕੇ ਦੇ ਦੇਸੀ ਅੰਬਾਂ ਦੀਆਂ ਕਈ ਕਿਸਮਾਂ ਨੂੰ ਆਪਣੇ ਖੋਜ ਕੇਂਦਰਾਂ ਵਿੱਚ ਸੰਭਾਲਿਆ ਵੀ ਜਾ ਚੁੱਕਾ ਹੈ ਤੇ ਆਪਣੇ ਇਲਾਕੇ ਦੇ ਅੰਬਾਂ ਦੀਆਂ ਦੇਸੀ ਲੋਪ ਹੋ ਰਹੀਆਂ ਕਿਸਮਾਂ ਦੇ ਨਵੇਂ ਪੌਦੇ ਤਿਆਰ ਵੀ ਹੋ ਜਾਂਦੇ ਹਨ। ਕੁਝ ਸੁਹਿਰਦ ਦੋਸਤਾਂ ਨੇ ਸਲਾਹ ਕੀਤੀ ਕਿ ਮੀਹਾਂ ਦੇ ਦਿਨੀਂ ਜੇ ਨਵੇਂ ਬੂਟੇ ਲਾਉਣ ਦੀ ਮੁਹਿੰਮ ਚਲਾਉਣੀ ਹੈ ਤਾਂ ਦੋਸਤਾਂ ਮਿੱਤਰਾਂ ਦੇ ਬਗੀਚਿਆਂ ਜਾਂ ਖੇਤਾਂ ਵਿੱਚ ਸਿਰਫ਼ ਦੇਸੀ ਅੰਬ ਹੀ ਲਵਾਏ ਜਾਣ ਤਾਂ ਜੋ ਇਲਾਕੇ ਦੇ ਵਿਰਾਸਤੀ ਰੁੱਖਾਂ ਦੀ ਨਸਲ ਨੂੰ ਬਚਾਇਆ ਜਾ ਸਕੇ। ਪਿਛਲੇ ਸੱਤ ਅੱਠ ਸਾਲਾਂ ਤੋਂ ਅੰਬਾਂ ਦੇ ਨਵੇਂ ਬੂਟੇ ਲਵਾਉਣ ਤੇ ਵੰਡਣ ਦੀਆਂ ਕੋਸ਼ਿਸ਼ਾਂ ਦੀ ਬਦੌਲਤ ਬਹੁਤ ਸਾਰੇ ਦੋਸਤਾਂ ਮਿੱਤਰਾਂ ਤੇ ਜਾਣਕਾਰਾਂ ਦੇ ਬਗੀਚਿਆਂ ਵਿੱਚ ਇਲਾਕੇ ’ਚੋਂ ਲੋਪ ਹੋ ਰਹੀਆਂ ਕਿਸਮਾਂ ਦੇ ਅੰਬਾਂ ਦੀ ਮਹਿਕ ਮੁੜ ਰੂਹ ਨੂੰ ਤਾਜ਼ਗੀ ਤੇ ਅੱਖਾਂ ਲਈ ਸਕੂਨ ਦਾ ਸਬੱਬ ਬਣਨ ਲੱਗ ਪਈ ਹੈ। ਬਹੁਤ ਸਾਰੇ ਦੋਸਤ ਅੰਬਾਂ ਦੇ ਨਵੇਂ ਬੂਟੇ ਲਾਉਣ ਲਈ ਅੰਬਾਂ ਦੀਆਂ ਕਿਸਮਾਂ ਤੇ ਢੁੱਕਵੇਂ ਮੌਸਮ ਵਾਰੇ ਵੀ ਜਾਣਕਾਰੀ ਲੈਂਦੇ ਰਹਿੰਦੇ ਹਨ। ਲਾਏ ਬੂਟੇ ਨੂੰ ਫ਼ਲ ਲੱਗਣ ’ਤੇ ਉਸ ਦੇ ਸੁਆਦ, ਆਕਾਰ ਤੇ ਖੁਸ਼ਬੋ ਵਾਰੇ ਵੀ ਜਾਣਕਾਰੀ ਸਾਂਝੀ ਕਰ ਦਿੱੱਤੀ ਜਾਂਦੀ ਹੈ।

ਪੰਜ ਕੁ ਸਾਲ ਪਹਿਲਾਂ ਘਰ ਦੇ ਵਿਹੜੇ ’ਚ ਬੀਜੀ ਅੰਬ ਦੀ ਗਿਟਕ ਤੋਂ ਤਿਆਰ ਬੂਟੇ ਨੂੰ ਪਿਉਂਦ ਕਰਾਈ ਗਈ ਸੀ, ਇਸ ਸਾਲ ਉਸ ਬੂਟੇ ’ਤੇ ਜਿਹੜੇ ਅੰਬ ਲੱਗੇ ਉਹ ਕੁਦਰਤੀ ਉਸ ਸੰਧੂਰੀ ਅੰਬ ਵਰਗੇ ਨਿਕਲੇ ਜੋ ਕਦੇ ਬਚਪਨ ਵਿੱਚ ਉੱਚੇ ਲੰਮੇਂ ਦਰੱਖਤ ’ਤੇ ਆਪਣੇ ਅਦਭੁੱਤ ਰੰਗ ਤੇ ਖੁਸ਼ਬੋ ਕਾਰਨ ਬਚਪਨ ਦੀਆਂ ਝੇਡਾਂ ਨੂੰ ਮਹਿਕਾ ਜਾਂਦਾ ਸੀ ਤੇ ਅਕਸਰ ਸਾਡੀ ਪਹੁੰਚ ਤੋਂ ਦੂਰ ਹੁੰਦਾ ਸੀ। ਘਰ ਵਾਲੇ ਰਾਹ ਤੋਂ ਲੰਘਣ ਵਾਲੇ ਹਰ ਕਿਸੇ ਨੂੰ ਸੈਨਤ ਮਾਰ ਰਹੇ ਇਸ ਸੰਧੂਰੀ ਅੰਬ ਦੀ ਕਿਸਮ ਤੇ ਖੂਬਸੂਰਤੀ ਨੂੰ ਦੇਖ ਕੇ ਖ਼ੁਸ਼ ਹੋ ਜਾਂਦੇ ਹਨ। ਕੁਦਰਤ ਨੂੰ ਨੀਝ ਨਾਲ ਤੱਕਣ ਤੇ ਕੁਦਰਤ ਦੀਆਂ ਬੇਹਿਸਾਬ ਮੌਸਮੀ ਰਹਿਮਤਾਂ ਨਾਲ ਮੋਹ ਰੱਖਣ ਦਾ ਹੀ ਅਸਰ ਇਹ ਹੋਇਆ ਹੈ ਕਿ ਬਚਪਨ ਦੇ ਦੌਰ ਦੀ ਉਹ ਮਹਿਕ ਜੋ ਵਕਤ ਦੀਆਂ ਪੈੜਾਂ ’ਚ ਕਿਧਰੇ ਗੁਆਚ ਗਈ ਸੀ, ਘਰ ਦੇ ਵਿਹੜੇ ’ਚ ਹੀ ‘ਸੰਧੂਰੀ ਅੰਬ’ ਦੀ ਖੁਸ਼ਬੋ ਬਣ ਕੇ ਜ਼ਿੰਦਗੀ ਦੇ ਕਈ ਉਦਰੇਵਿਆਂ ਦੀ ਦਵਾ ਬਣਦੀ ਮਹਿਸੂਸ ਹੋਣ ਲੱਗ ਪਈ ਹੈ।

Advertisement