ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਿੱਕ ਦੇ ਜ਼ੋਰ ’ਤੇ ਗਾਉਣ ਵਾਲੀ ਜੋੜੀ

ਮੇਜਰ ਸਿੰਘ ਜਖੇਪਲ ਜਿਹੜਾ ਵੀ ਪ੍ਰਾਣੀ ਇਸ ਧਰਤੀ ਉੱਪਰ ਆਇਆ ਹੈ, ਆਖਰ ਨੂੰ ਉਸ ਨੇ ਤੁਰ ਹੀ ਜਾਣਾ ਹੈ, ਪਰ ਉਨ੍ਹਾਂ ਵਿਅਕਤੀਆਂ ਦੇ ਤੁਰ ਜਾਣ ਦੀ ਟੀਸ ਹਮੇਸ਼ਾਂ ਦਿਲ ’ਚ ਰੜਕਦੀ ਰਹਿੰਦੀ ਹੈ ਜੋ ਸਮੇਂ ਤੋਂ ਪਹਿਲਾਂ ਇਸ ਰੰਗਲੇ ਸੰਸਾਰ...
Advertisement

ਮੇਜਰ ਸਿੰਘ ਜਖੇਪਲ

ਜਿਹੜਾ ਵੀ ਪ੍ਰਾਣੀ ਇਸ ਧਰਤੀ ਉੱਪਰ ਆਇਆ ਹੈ, ਆਖਰ ਨੂੰ ਉਸ ਨੇ ਤੁਰ ਹੀ ਜਾਣਾ ਹੈ, ਪਰ ਉਨ੍ਹਾਂ ਵਿਅਕਤੀਆਂ ਦੇ ਤੁਰ ਜਾਣ ਦੀ ਟੀਸ ਹਮੇਸ਼ਾਂ ਦਿਲ ’ਚ ਰੜਕਦੀ ਰਹਿੰਦੀ ਹੈ ਜੋ ਸਮੇਂ ਤੋਂ ਪਹਿਲਾਂ ਇਸ ਰੰਗਲੇ ਸੰਸਾਰ ਤੋਂ ਰੁਖ਼ਸਤ ਹੋ ਜਾਂਦੇ ਹਨ। ਗੱਲ ਪੰਜਾਬੀ ਸੰਗੀਤ ਦੀ ਕਰਦੇ ਹਾਂ। ਇਸ ਵਿੱਚ ਅਮਰ ਸਿੰਘ ਚਮਕੀਲਾ, ਅਮਰਜੋਤ ਤੇ ਦਿਲਸ਼ਾਦ ਅਖ਼ਤਰ ਅਜਿਹੇ ਕਲਾਕਾਰ ਸਨ, ਜਿਨ੍ਹਾਂ ਦੀ ਮੌਤ ਆਪਣੀ ਕਰਮ ਭੂਮੀ ਵਿੱਚ ਸਮੇਂ ਤੋਂ ਪਹਿਲਾਂ ਹੋਈ ਹੈ। ਇਨ੍ਹਾਂ ਵਿੱਚੋਂ ਅੱਜ ਚਮਕੀਲਾ-ਅਮਰਜੋਤ ਦੇ ਸੰਗੀਤਕ ਸਫ਼ਰ ਦੀ ਗੱਲ ਕਰਦੇ ਹਾਂ।

Advertisement

ਚਮਕੀਲਾ-ਅਮਰਜੋਤ ਦੀ ਜੋੜੀ ਨੂੰ ਵਿੱਛੜਿਆਂ 36 ਸਾਲ ਹੋ ਗਏ ਹਨ, ਪਰ ਉਨ੍ਹਾਂ ਦੀ ਆਵਾਜ਼ ਤੇ ਕਲਮ ਦੀ ਮਹਿਕ ਅਜੇ ਵੀ ਜਿਉਂ ਦੀ ਤਿਉਂ ਕਾਇਮ ਹੈ। ਚਮਕੀਲਾ ਆਪਣੇ ਸਮੇਂ ਦਾ ਸਭ ਤੋਂ ਮਹਿੰਗਾ ਕਲਾਕਾਰ ਸੀ। ਫਿਲਮ ਵਾਲਿਆਂ ਨੇ ਉਸ ਨੂੰ ‘ਪਟੋਲਾ’ ਫਿਲਮ ਵਿੱਚ ਇੱਕ ਗੀਤ ‘ਪਹਿਲੇ ਲਲਕਾਰੇ ਨਾਲ ਮੈਂ ਡਰ ਗਈ’ ਗਾਉਣ ਦੇ ਗਿਆਰਾਂ ਹਜ਼ਾਰ ਰੁਪਏ ਦਿੱਤੇ ਸਨ। ਜੇ ਉਹ ਮੂੰਹੋਂ ਮੰਗੇ ਪੈਸੇ ਮੰਗ ਲੈਂਦਾ ਤਾਂ ਉਹ ਹੋਰ ਵੀ ਵੱਧ ਦੇਣ ਲਈ ਤਿਆਰ ਸਨ, ਜਦੋਂ ਕਿ ਚਮਕੀਲੇ ਦੇ ਆਪਣੇ ਅਖਾੜੇ ਦਾ ਰੇਟ ਉਦੋਂ 4000-4500 ਰੁਪਏ ਸੀ।

ਚਮਕੀਲਾ ਪਿੰਡ ਦੁੱਗਰੀ ਜ਼ਿਲ੍ਹਾ (ਲੁਧਿਆਣਾ) ਦਾ ਜੰਮਪਲ ਸੀ। ਉਸ ਦਾ ਪਾਲਣ-ਪੋਸ਼ਣ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਹ ਡਰਾਮੇ ਵੀ ਖੇਡਦਾ ਸੀ ਤੇ ਘਰ ਦਾ ਗੁਜ਼ਾਰਾ ਤੋਰਨ ਲਈ ਫੈਕਟਰੀਆਂ ਵਿੱਚ ਕਰੜੀ ਮਿਹਨਤ ਵੀ ਕਰਦਾ ਸੀ। ਉਹ ਪੜ੍ਹਾਈ ਵਿੱਚ ਪੰਜ ਜਮਾਤਾਂ ਹੀ ਪਾਸ ਕਰ ਸਕਿਆ, ਪਰ ਉਸ ਦੀ ਗੀਤਕਾਰੀ ਵੱਡੇ-ਪੜ੍ਹੇ ਲਿਖੇ ਗੀਤਕਾਰਾਂ ਨੂੰ ਮਾਤ ਪਾਉਂਦੀ ਸੀ। ਚਮਕੀਲੇ ਦੇ ਵਿਆਹ ਤੋਂ ਬਾਅਦ ਉਸ ਦੀ ਮਾਤਾ ਕਰਤਾਰ ਕੌਰ ਦੀ ਮੌਤ ਹੋ ਗਈ ਸੀ।

ਬਚਪਨ ਦੇ ਧਨੀ ਰਾਮ ਦੀ ਜ਼ਿੰਦਗੀ ਵਿੱਚ ਅਨੇਕਾਂ ਲੋਕ ਆਏ ਹੋਣਗੇ, ਪਰ ਉਸ ਨੂੰ ਅਮਰ ਸਿੰਘ ਚਮਕੀਲਾ ਬਣਾਉਣ ਵਿੱਚ ਉਸਤਾਦ ਸੁਰਿੰਦਰ ਛਿੰਦਾ, ਕੇਸਰ ਸਿੰਘ ਟਿੱਕੀ ਤੇ ਸਨਮੁੱਖ ਸਿੰਘ ਅਜ਼ਾਦ ਦਾ ਸਭ ਤੋਂ ਵੱਡਾ ਯੋਗਦਾਨ ਸੀ। ਛਿੰਦੇ ਨੇ ਉਸ ਨੂੰ ਸੁਰਾਂ ਸਿਖਾਈਆਂ, ਟਿੱਕੀ ਨੇ ਧਨੀ ਰਾਮ ਨੂੰ ਛਿੰਦੇ ਦੇ ਚਰਨੀ ਲਾਇਆ, ਅਮਰਜੋਤ ਨਾਲ ਵਿਆਹ ਕਰਵਾਉਣ ਵੇਲੇ ਸਾਰੇ ਪ੍ਰਬੰਧ ਤੇ ਰਸਮਾਂ ਟਿੱਕੀ ਨੇ ਆਪ ਤੇ ਉਸ ਦੇ ਪਰਿਵਾਰ ਨੇ ਨਿਭਾਈਆਂ ਸਨ। ਸਨਮੁੱਖ ਸਿੰਘ ਅਜ਼ਾਦ ਨੇ ਉਸ ਨੂੰ ਨਵਾਂ ਨਾਂ ‘ਅਮਰ ਸਿੰਘ ਚਮਕੀਲਾ’ ਦਿੱਤਾ, ਜਿਸ ਦੀ ਉਸ ਨੇ ਲਾਜ ਰੱਖ ਕੇ ਵਿਖਾਈ। ਚਮਕੀਲਾ ਆਪਣੇ ਸਮੇਂ ਦਾ ਸਭ ਤੋਂ ਵੱਡਾ ਗਾਇਕ, ਗੀਤਕਾਰ ਤੇ ਕੰਪੋਜ਼ਰ ਸੀ। ਢੋਲਕ, ਹਾਰਮੋਨੀਅਮ ਤੇ ਤੂੰਬੀ ਦੀਆਂ ਸੁਰਾਂ ਉਸ ਦੇ ਪੋਟਿਆਂ ’ਤੇ ਨੱਚਦੀਆਂ ਸਨ।

ਉਸ ਦੀ ਕਲਮ ਕੋਲ ਕਮਾਲ ਦੇ ਮੁਹਾਵਰੇ, ਤਸ਼ਬੀਹਾਂ ਤੇ ਅਖੌਤਾਂ ਸਨ। ਬੋਲੀ ਉਸ ਦੀ ਠੇਠ ਮਲਵਈ ਸੀ। ਉਸ ਨੇ ਆਪਣੇ ਗੀਤਾਂ ਵਿੱਚ ਉਹ ਵੰਨਗੀਆਂ ਰਚੀਆਂ ਜੋ ਲੋਕ ਬੋਲੀ, ਲੋਕ ਅਖਾਣ ਬਣਨ ਦਾ ਰੁਤਬਾ ਰੱਖਦੀਆਂ ਹਨ ਜਿਵੇਂ ‘ਮੁੰਡਾ ਬੋਤਲ ’ਚੋ ਪਊਏ ਜਿਨ੍ਹਾਂ ਘਟਿਆ ਪਿਆ’, ‘ਉਹਨੇ ਦੂਣੀ ਦਾ ਪਹਾੜਾ ਪੂਰਾ ਰੱਟਿਆ ਪਿਆ’ ਅਤੇ ‘ਸੱਜਰੀ ਬਹੂ ਦੀ ਜਿਵੇਂ ਬਰੀ ਪਈ ਐ’ ਆਦਿ। ਚਮਕੀਲੇ ਦਾ ਇੱਕ ਹੋਰ ਗੀਤ ਜੋ ਰਿਕਾਰਡ ਨਹੀਂ ਹੋਇਆ ਸੀ। ਉਸ ਦੀ ਪਾਏਦਾਰ ਲੇਖਣੀ ਦਾ ਇੱਕ ਹੋਰ ਨਮੂਨਾ ਹੈ;

ਘਰ ਸਹੁਰਿਆਂ ਦੇ ਕੈਦਣ ਹੋੋ ਕੇ,

ਪੈ ਗਿਆ ਹਿਜਰ ਹੰਢਾਉਣਾ।

ਸੱਸ ਮੇਰੀ ਨੇ ਕੱਤਣ ਵਾਸਤੇ, ਦਿੱਤਾ ਸੂਤ ਪੁਰਾਣਾ।

ਚਰਖੇ ’ਤੇ ਤੰਦ ਟੁੱਟ-ਟੁੱਟ ਪੈਂਦੀ, ਚਰਖੀ ਪੈਂਦੀ ਰੋ।

ਵੇ ਰਾਹੀਆ ਦੂਰ ਦਿਆ, ਪਲ ਸਾਡੇ ਕੋਲ ਖਲੋ।

ਧਾਰਮਿਕ, ਲੋਕਤੱਥ, ਰੁਮਾਂਟਿਕ ਗੀਤਾਂ ਤੋਂ ਇਲਾਵਾ ਉਦਾਸ ਕਿਸਮ ਦੇ ਗੀਤਾਂ ਵਿੱਚ ਵੀ ਚਮਕੀਲੇ ਦਾ ਕੋਈ ਸਾਨੀ ਨਹੀਂ। ਉਸ ਦੇ ਇੱਕ ਰਿਕਾਰਡ ਗੀਤ ਦੀਆਂ ਬਾ-ਕਮਾਲ ਸਤਰਾਂ ਵੇਖੋ;

ਹੁਣ ਟੁੱਟੇ ਦਿਲ ਦੀਆਂ, ਕੌਣ ਸੁਣੂੰਗਾ ਹੂਕਾਂ ਨੀਂ।

ਪਿਆਰ ਦੀ ਵੰਝਲੀ ਟੁੱਟਗੀ, ਮਾਰੇ ਕੂਕਾਂ ਨੀਂ।

ਹੁਣ ਭਗਵਾ ਪਾ, ਚਮਕੀਲਾ ਬਣ ਕੇ ਨਿਤ ਰਾਮੇ।

ਹੱਸ-ਹੱਸ ਲਾਈਆਂ, ਰੋ ਕੇ ਸੋਹਣੀਏ ਵਿੱਛੜਾਂਗੇ।

ਚਮਕੀਲੇ ਦੇ ਰਿਕਾਰਡ ਗੀਤਾਂ ਦੀ ਗਿਣਤੀ ਸੌ ਦੇ ਨੇੜੇ ਤੇੜੇ ਹੈ, ਪਰ ਉਸ ਦਾ ਸਭ ਤੋਂ ਵੱਧ ਹਰਮਨ ਪਿਆਰਾ ਗੀਤ ‘ਕੋਈ ਲੈ ਚੱਲਿਆ ਮੁਕਲਾਵੇ’ ਸੀ। ਸੰਗੀਤਕ ਹਲਕਿਆਂ ਵਿੱਚ ਇਹ ਚਰਚਾ ਅਕਸਰ ਛਿੜਦੀ ਰਹਿੰਦੀ ਸੀ ਕਿ ਚਮਕੀਲਾ ਸਿਰਫ਼ ਦੋਗਾਣੇ ਹੀ ਗਾ ਸਕਦਾ ਹੈ, ਹੋਰ ਕੁਝ ਨਹੀਂ, ਪਰ ਜਦੋਂ ਉਸ ਨੇ ‘ਤਲਵਾਰ ਮੈਂ ਕਲਗੀਧਰ ਦੀ ਹਾਂ’, ‘ਨਾਮ ਜਪ ਲੈ’, ‘ਬਾਬਾ ਤੇਰਾ ਨਨਕਾਣਾ’, ‘ਤਾਰਿਆਂ ਦੀ ਲੋਏ-ਲੋਏ’, ‘ਸਰਹਿੰਦ ਦੀ ਦੀਵਾਰੇ’ ਤੇ ‘ਢਾਈ ਦਿਨ ਦੀ ਪ੍ਰਹੁਣੀ ਇੱਥੇ ਤੂੰ’ ਗੀਤ ਮਾਰਕੀਟ ਵਿੱਚ ਭੇਜੇ ਤਾਂ ਸਭ ਹੈਰਾਨ ਰਹਿ ਗਏ ਕਿਉਂਕਿ ਚਮਕੀਲਾ ਇਸ ਪੱਖ ਤੋਂ ਵੀ ਸਿਖਰ ’ਤੇ ਸੀ।

ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਸੁਰਿੰਦਰ ਸੋਨੀਆ ਨਾਲ ‘ਟਕੂਏ ਤੇ ਟਕੂਆ ਖੜਕੇ’ ਨਾਲ ਕੀਤੀ। ਬਾਅਦ ਵਿੱਚ ਆਪਣੀ ਪਤਨੀ ਅਮਰਜੋਤ ਨਾਲ ਸਾਰੀਆਂ ਰਿਕਾਰਡਿੰਗਾਂ ਕਰਵਾਈਆਂ। ਅਖਾੜਿਆਂ ਵਿੱਚ ਉਸ ਨੇ ਸੁਰਿੰਦਰ ਸੋਨੀਆ, ਅਮਰ ਨੂਰੀ, ਅਮਰਜੋਤ, ਹਰਨੀਤ ਨੀਤੂ ਤੇ ਊਸ਼ਾ ਕਿਰਨ ਨਾਲ ਵੀ ਗਾਇਆ।

ਅਮਰ ਸਿੰਘ ਚਮਕੀਲਾ ਕੋਈ ਰਾਤੋਂ-ਰਾਤ ਸਟਾਰ ਨਹੀਂ ਬਣਿਆ ਸੀ। ਇਸ ਪਿੱਛੇ ਉਸ ਦੀ ਕੀਤੀ ਸਖ਼ਤ ਤਪੱਸਿਆ ਤੇ ਉਸ ਅੰਦਰਲਾ ਲਟ-ਲਟ ਬਲਦਾ ਜਨੂੰਨ ਸੀ।

ਚਮਕੀਲੇ ਨਾਲ ਆਖਰੀ ਸਾਹਾਂ ਤੱਕ ਸਾਥ ਨਿਭਾਉਣ ਵਾਲੀ ਅਮਰਜੋਤ 6 ਅਕਤੂਬਰ 1960 ਨੂੰ ਡੋਗਰ ਬਸਤੀ, ਗਲੀ ਨੰ: 2 ਫ਼ਰੀਦਕੋਟ ਵਿੱਚ ਗੁਰਚਰਨ ਸਿੰਘ ਤੇ ਮਾਤਾ ਰਾਜਬੰਸ ਕੌਰ ਦੇ ਘਰ ਪੈਦਾ ਹੋਈ ਸੀ। ਪੜ੍ਹੇ-ਲਿਖੇ ਪਰਿਵਾਰ ਵਿੱਚ ਪੈਦਾ ਹੋਈ ਅਮਰਜੋਤ ਨੂੰ ਗਾਉਣ ਦੀ ਗੂੜ੍ਹਤੀ ਪਰਿਵਾਰ ਵਿੱਚੋਂ ਹੀ ਮਿਲੀ ਸੀ ਤੇ ਉਸ ਦੇ ਉਸਤਾਦ ਜਸਵੰਤ ਭੰਵਰਾ ਸਨ। ਕਮਲਾ ਨਹਿਰੂ ਜੈਨ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਫ਼ਰੀਦਕੋਟ ਤੋਂ ਉਸ ਨੇ ਮੈਟ੍ਰਿਕ ਕੀਤੀ ਸੀ। ਉਸ ਦੇ ਚਾਰ ਭਰਾ ਅਤੇ ਦੋ ਭੈਣਾਂ ਸਨ। 1979-80 ਵਿੱਚ ਅਮਰਜੋਤ ਨੇ ਗਾਇਕੀ ਦੇ ਪਿੜ ਵਿੱਚ ਪ੍ਰਵੇਸ਼ ਕੀਤਾ। ਪਹਿਲਾਂ ਉਸ ਦੇ ਗੀਤ ਪਿਆਰਾ ਸਿੰਘ ਪੰਛੀ ਤੇ ਕੁਲਦੀਪ ਮਾਣਕ ਨਾਲ ਰਿਕਾਰਡ ਹੋਏ ਸਨ। ਸਟੇਜਾਂ ’ਤੇ ਉਸ ਨੇ ਅਮੀਰ ਸਿੰਘ ਰਾਣਾ, ਪਿਆਰਾ ਸਿੰਘ ਪੰਛੀ, ਕਰਨੈਲ ਗਿੱਲ, ਧੰਨਾ ਸਿੰਘ ਰੰਗੀਲਾ, ਸੁਰਿੰਦਰ ਛਿੰਦਾ, ਸਤਿੰਦਰ ਬੀਬਾ ਤੇ ਰਣਜੀਤ ਕੌਰ ਨਾਲ ਗਾਇਆ। ਅਮਰਜੋਤ ਨੇ ਚਮਕੀਲੇ ਨਾਲ ਵਿਆਹ ਬੰਧਨ ਵਿੱਚ ਬੱਝਣ ਤੋਂ ਬਾਅਦ ਦੋ ਬੇਟਿਆਂ ਨੂੰ ਜਨਮ ਦਿੱਤਾ। ਵੱਡਾ ਬੇਟਾ ਜੈਮਨ ਚਮਕੀਲਾ ਆਪਣੀ ਪਤਨੀ ਰੀਆ ਸੰਧੂ ਨਾਲ ਦੋਗਾਣੇ ਗਾ ਕੇ ਆਪਣੇ ਮਾਤਾ-ਪਿਤਾ ਦੀ ਯਾਦ ਨੂੰ ਤਾਜ਼ਾ ਰੱਖ ਰਿਹਾ ਹੈ। ਚਮਕੀਲਾ-ਅਮਰਜੋਤ ਦੀ ਮੌਤ ਤੋਂ ਤਿੰਨ ਮਹੀਨੇ ਬਾਅਦ ਛੋਟੇ ਬੇਟੇ ਰੀਪੂ ਦੀ ਮੌਤ ਹੋ ਗਈ ਸੀ। ਚਮਕੀਲੇ ਦੀ ਪਹਿਲੀ ਪਤਨੀ ਗੁਰਮੇਲ ਕੌਰ ਨੇ ਦੋ ਧੀਆਂ ਨੂੰ ਜਨਮ ਦਿੱਤਾ। ਵੱਡੀ ਬੇਟੀ ਅਮਨਦੀਪ ਕੌਰ ਦੁੱਗਰੀ ਹੀ ਰਹਿ ਰਹੀ ਹੈ। ਛੋਟੀ ਬੇਟੀ ਕਮਲ ਚਮਕੀਲਾ ਜੋ ਚੰਗੀ ਗਾਇਕਾ ਹੈ, ਉਹ ਕੈਨੇਡਾ ਰਹਿ ਕੇ ਆਪਣੀ ਪਿਤਾ ਪੁਰਖੀ ਗਾਇਕੀ ਨੂੰ ਹੋਰ ਅੱਗੇ ਤੋਰ ਰਹੀ ਹੈ।

ਪੰਜਾਬੀਆਂ ਦੀ ਇਹ ਮਹਿਬੂਬ ਦੋਗਾਣਾ ਜੋੜੀ ਅੱਠ ਕੁ ਸਾਲ ਲੋਕਾਂ ਦੇ ਦਿਲਾਂ ’ਤੇ ਰਾਜ ਕਰਦੀ ਰਹੀ। ਆਖਰਕਾਰ ਇੱਕ ਵਿਆਹ ਸਮਾਗਮ ਦੌਰਾਨ 8 ਮਾਰਚ 1988 ਨੂੰ ਜਲੰਧਰ ਜ਼ਿਲ੍ਹੇ ਦੇ ਪਿੰਡ ਮਹਿਸਮਪੁਰ ਵਿੱਚ ਹੋਣੀ ਨੇ ਚਮਕੀਲਾ, ਅਮਰਜੋਤ, ਢੋਲਕ ਵਾਦਕ ਬਲਦੇਵ ਦੇਬੂ ਅਤੇ ਹਾਰਮੋਨੀਅਮ ਵਾਦਕ ਹਰਜੀਤ ਗਿੱਲ ਨੂੰ ਸਾਡੇ ਕੋਲੋਂ ਸਦਾ ਲਈ ਖੋਹ ਲਿਆ। ਹੁਣ ਚਮਕੀਲਾ-ਅਮਰਜੋਤ ਭਾਵੇਂ ਸਰੀਰਕ ਤੌਰ ’ਤੇ ਸਾਡੇ ਵਿੱਚ ਨਹੀਂ ਹਨ, ਪਰ ਉਨ੍ਹਾਂ ਦੀਆਂ ਆਵਾਜ਼ਾਂ ਅੱਜ ਵੀ ਪੰਜਾਬ ਦੀ ਫ਼ਿਜ਼ਾ ਵਿੱਚ ਗੂੰਜ ਰਹੀਆਂ ਹਨ। 8 ਮਾਰਚ ਨੂੰ ਚਮਕੀਲੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਦੀ 37ਵੀਂ ਬਰਸੀ ਮਨਾਈ ਜਾ ਰਹੀ ਹੈ।

ਸੰਪਰਕ: 94631-28483

Advertisement