ਯੁਵਕ ਮੇਲੇ ਨੌਜਵਾਨ ਪੀੜ੍ਹੀ ਨੂੰ ਮਿੱਟੀ ਨਾਲ ਜੋੜਦੇ ਹਨ: ਵੀ ਸੀ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਯੁਵਕ ਭਲਾਈ ਵਿਭਾਗ ਵੱਲੋਂ ਡਾਇਰੈਕਟਰ ਡਾ. ਭੀਮਇੰਦਰ ਸਿੰਘ ਦੀ ਅਗਵਾਈ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿੱਚ ਚਾਰ ਰੋਜ਼ਾ ਖੇਤਰੀ ਯੁਵਕ ਮੇਲੇ ਦੇ ਅੱਜ ਦੂਸਰੇ ਦਿਨ ਸ਼ੁਰੂ ਹੋਇਆ। ਕੌਂਸਲ ਸਕੱਤਰ ਜਸਵੰਤ ਸਿੰਘ ਖਹਿਰਾ ਅਤੇ ਖੇਤਰੀ ਯੁਵਕ ਮੇਲੇ ਦੇ ਕਨਵੀਨਰ ਪ੍ਰਿੰਸੀਪਲ ਡਾ. ਅਮਨਦੀਪ ਕੌਰ ਨੇ ਦੱਸਿਆ ਕਿ ਇਸ ਖੇਤਰੀ ਯੁਵਕ ਮੇਲੇ ਦਾ ਉਦਘਾਟਨ ਮੁੱਖ ਮਹਿਮਾਨ ਵਜੋਂ ਪਹੁੰਚੇ। ਉਪ ਕੁਲਪਤੀ ਡਾ. ਜਗਦੀਪ ਸਿੰਘ ਵੱਲੋਂ ਸ਼ਮਾਂ ਰੋਸ਼ਨ ਕਰਕੇ ਕੀਤਾ ਗਿਆ। ਇਸ ਮੌਕੇ ਪ੍ਰਿੰਸੀਪਲ ਤੋਂ ਇਲਾਵਾ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਡਾ. ਭੁਪਿੰਦਰ ਸਿੰਘ ਪੂਨੀਆ, ਸਕੱਤਰ ਜਸਵੰਤ ਸਿੰਘ ਖਹਿਰਾ, ਸਾਬਕਾ ਚੇਅਰਮੈਨ ਬਲਦੇਵ ਸਿੰਘ ਭੰਮਾਵੱਦੀ, ਐਡਵੋਕੇਟ ਮਨਜੀਤ ਸਿੰਘ ਬਾਲੀਆਂ, ਗੁਰਜੰਟ ਸਿੰਘ ਦੁੱਗਾਂ, ਡਾ. ਜੰਗ ਸਿੰਘ ਫੱਟੜ, ਡਾ. ਜਤਿੰਦਰ ਦੇਵ, ਡਾ. ਗੁਰਵੀਰ ਸਿੰਘ ਸੋਹੀ, ਡਾ. ਮੇਜਰ ਸਿੰਘ ਚੱਠਾ, ਡਾ. ਹਰਜਿੰਦਰ ਸਿੰਘ, ਡਾ. ਹਰਿੰਦਰ ਹੁੰਦਲ, ਲੋਕ ਗਾਇਕਾ ਸੁੱਖੀ ਬਰਾੜ, ਸਰਪੰਚ ਕੁਲਦੀਪ ਸਿੰਘ ਬੁੱਗਰਾ, ਮੰਨੂ ਬਡਰੁੱਖਾਂ, ਲਾਡੀ ਕੁਲਾਰਾਂ ਤੋਂ ਇਲਾਵਾ ਅਕਾਲ ਕਾਲਜ ਕੌਂਸਲ ਮਸਤੂਆਣਾ ਸਾਹਿਬ ਅਧੀਨ ਚੱਲ ਰਹੀਆਂ ਵਿੱਦਿਅਕ ਸੰਸਥਾਵਾਂ ਦੇ ਪ੍ਰਿੰਸੀਪਲ ਅਤੇ ਕੌਂਸਲ ਦੇ ਮੈਂਬਰ ਸ਼ਾਮਲ ਸਨ। ਇਸ ਖੇਤਰੀ ਯੁਵਕ ਮੇਲੇ ਦੇ ਅੱਜ ਦੂਸਰੇ ਦਿਨ ਵੱਖ-ਵੱਖ ਥਾਵਾਂ ਤੇ ਬਣਾਈਆਂ ਗਈਆਂ ਚਾਰ ਸਟੇਜਾਂ ’ਤੇ ਪੇਸ਼ ਕੀਤੇ ਗਏ ਲੋਕ ਨਾਚਾਂ ਨੇ ਜਿਥੇ ਦਰਸ਼ਕਾਂ ਨੂੰ ਮੰਤਰਮੁਗਧ ਕਰ ਦਿੱਤਾ, ਉਥੇ ਲੜਕੀਆਂ ਵੱਲੋਂ ਪੇਸ਼ ਲੋਕ ਨਾਚ (ਲੁੱਡੀ) ਤੇ ਮੁੰਡਿਆਂ ਵੱਲੋਂ ਪੇਸ਼ (ਝੂਮਰ) ਨੇ ਸਭ ਦੇ ਮਨ ਮੋਹ ਲਿਆ।
ਇਸ ਦੌਰਾਨ ਸਟੇਜ ਨੰਬਰ 2 ’ਤੇ ਪੱਛਮੀ ਗਾਇਨ, ਪੱਛਮੀ ਸਾਜ਼ ਅਤੇ ਪੱਛਮੀ ਸਮੂਹ ਗਾਇਨ ਅਤੇ ਸਟੇਜ ਨੰਬਰ 3 ਤੇ ਪੰਜਾਬੀ ਲੋਕਧਾਰਾ ਕੁਇੱਜ਼ ਅਤੇ ਲਘੂ ਫਿਲਮ ਦੇ ਮੁਕਾਬਲੇ ਕਰਵਾਏ ਗਏ। ਸਟੇਜ ਨੰਬਰ 4 ’ਤੇ ਕੋਮਲ ਕਲਾਵਾਂ ਅਤੇ ਸਟੇਜ ਨੰਬਰ 5 ’ਤੇ ਨੁੱਕੜ ਨਾਟਕ ਅਤੇ ਭੰਡ ਦੇ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਵੱਲੋਂ ਵਧ-ਚੜ੍ਹ ਕੇ ਭਾਗ ਲਿਆ ਗਿਆ। ਇਸ ਮੌਕੇ ਮੁੱਖ ਮਹਿਮਾਨ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ਵਿੱਚ ਬੱਚਿਆਂ ਨੂੰ ਆਪਣੇ ਸੱਭਿਆਚਾਰ ਤੇ ਪੁਰਖਿਆਂ ਦੀ ਵਿਰਾਸਤ ਨਾਲ ਜੋੜਨਾ ਜ਼ਰੂਰੀ ਹੈ। ਉਨ੍ਹਾਂ ਅਕਾਲ ਕਾਲਜ ਕੌਂਸਲ ਵੱਲੋਂ ਸੱਭਿਆਚਾਰਕ ਮੇਲੇ ਦੀ ਪਰੰਪਰਾ ਨੂੰ ਜਾਰੀ ਰੱਖਣ ਲਈ ਕੀਤੀ ਜਾ ਰਹੀ ਮਿਹਨਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਆਪਣੀ ਮਿੱਟੀ ਨਾਲ ਜੋੜਦੇ ਹਨ ਤੇ ਪੰਜਾਬੀ ਸੱਭਿਆਚਾਰ ਨੂੰ ਹੋਰ ਮਜ਼ਬੂਤ ਕਰਦੇ ਹਨ। ਇਸ ਮੌਕੇ ਵਿਸ਼ੇਸ਼ ਮਹਿਮਾਨ ਅਮਨਵੀਰ ਸਿੰਘ ਚੈਰੀ ਨੇ ਵੀ ਵਿਦਿਆਰਥੀਆਂ ਵੱਲੋਂ ਪੇਸ਼ ਕੀਤੀਆਂ ਪੇਸ਼ਕਾਰੀਆਂ ਦੀ ਸ਼ਲਾਘਾ ਕੀਤੀ। ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਸਤਨਾਮ ਸਿੰਘ ਪੰਜਾਬੀ ਵੱਲੋਂ ਸਾਇਰੋ ਸ਼ਾਇਰੀ ਨਾਲ ਬਾਖੂਬੀ ਕਰਨ ਉਪਰੰਤ ਆਏ ਮਹਿਮਾਨਾਂ ਨੂੰ ਲੋਈਆਂ ਅਤੇ ਯਾਦਗਾਰ ਚਿੰਨ੍ਹ ਦੇ ਕੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ।
 
 
             
            