ਬਾਲ ਮੇਲੇ ’ਚ ਨੰਨ੍ਹੇ ਕਲਾਕਾਰਾਂ ਨੇ ਬੰਨ੍ਹਿਆ ਰੰਗ
ਸੰਗਰੂਰ ਕਲਾ ਕੇਂਦਰ ਅਤੇ ਰੰਗਸ਼ਾਲਾ ਵੱਲੋਂ ਕਰਵਾਏ ਗਏ 31ਵੇਂ ਸਰਦਾਰ ਰਜਿੰਦਰ ਸਿੰਘ ਜਰਨਲਿਸਟ ਮੈਮੋਰੀਅਲ ਬਾਲ ਮੇਲੇ ਮੌਕੇ ਨੰਨ੍ਹੇ ਕਲਾਕਾਰਾਂ ਨੇ ਆਪਣੇ ਫਨ ਦਾ ਮੁਜ਼ਾਹਰਾ ਕੀਤਾ। ਇਸ ਬਾਲ ਮੇਲੇ ਦਾ ਆਗਾਜ਼ ਗੁਰਪਿੰਦਰ ਸਿੰਘ ਸੰਧੂ ਤੇ ਪੂਨਮ ਗਰਗ ਸੰਤੋਸ਼ ਗਰਗ ਨੇ ਕਲਾ ਦੀ ਦੇਵੀ ਸਰਸਵਤੀ ਨੂੰ ਸਮਰਪਿਤ ਜੋਤੀ ਪ੍ਰਚੰਡ ਨਾਲ ਹੋਇਆ। ਦੋ ਦਿਨ ਚੱਲੇ ਇਸ ਬਾਲ ਮੇਲੇ ਵਿਚ ਸਕੂਲਾਂ ਅਤੇ ਅਕੈਡਮੀਆਂ ਦੇ 600 ਦੇ ਕਰੀਬ ਬੱਚਿਆਂ ਨੇ ਹਿੱਸਾ ਲਿਆ। ਕਲਾ ਕੇਂਦਰ ਅਤੇ ਰੰਗਸ਼ਾਲਾ ਦੇ ਨਿਰੇਦਸ਼ਕ ਯਸ਼ ਦੀ ਅਗਵਾਈ ਵਿੱਚ ਹੋਏ ਇਸ ਬਾਲ ਮੇਲੇ ਦੇ ਪਹਿਲੇ ਦਿਨ ਗਾਇਨ ਕਲਾ, ਕਲਾਸੀਕਲ ਡਾਂਸ, ਫੋਕ ਡਾਂਸ ਅਤੇ ਭੰਗੜਾ ਦੇ ਮੁਕਾਬਲੇ ਕਰਵਾਏ ਗਏ। ਜੱਜਾਂ ਦੀ ਭੂਮਿਕਾ ਸੁਖਵਿੰਦਰ ਸਿੰਘ ਸੁੱਖੀ, ਮਨਸ਼ਾ ਅਰੋੜਾ, ਜਤਵਿੰਦਰ ਕੌਰ ਗਾਗਾ ਅਤੇ ਟੋਨੀ ਸੰਧੂ ਨੇ ਕੀਤੀ। ਮੰਚ ਦਾ ਸੰਚਾਲਨ ਸਿਮਰਨ ਅਰੋੜਾ ਅਤੇ ਮੁਸਕਾਨ ਸ਼ਰਮਾ ਨੇ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਮਨਦੀਪ ਸਿੰਘ ਅਤੇ ਜ਼ਿਲ੍ਹਾ ਪੀ ਸੀ ਆਰ ਇੰਚਾਰਜ ਇੰਸਪੈਕਟਰ ਜੋਗਿੰਦਰ ਸਿੰਘ ਪੁੱਜੇ। ਇਸ ਮੌਕੇ ਫਿਲਮੀ ਕਲਾਕਾਰ ਰਵੀ ਦਿਓਲ ਨੂੰ ਸਨਮਾਨਿਤ ਕੀਤਾ ਗਿਆ। ਦੂਜੇ ਦਿਨ ਮੁੱਖ ਮਹਿਮਾਨ ਵਜੋਂ ਉਦਯੋਗਪਤੀ ਸ਼ਿਵ ਜਿੰਦਲ ਨੇ ਸ਼ਮੂਲੀਅਤ ਕੀਤੀ।
