ਫ਼ਸਲਾਂ ਤੇ ਖਰਾਬੇ ਦਾ ਢੁੱਕਵਾਂ ਮੁਆਵਜ਼ਾ ਦੇਵਾਂਗੇ: ਚੀਮਾ
ਇਸ ਸਬੰਧੀ ਡਿਪਟੀ ਕਮਿਸ਼ਨਰ ਦੀ ਅਗਵਾਈ ਵਿੱਚ ਕਾਰਵਾਈ ਜਾਰੀ ਹੈ। ਉਨ੍ਹਾਂ ਪਿੰਡ ਸੰਗਤਪੁਰਾ ਵਿੱਚ ਖੇਤਾਂ ’ਚੋਂ ਪਾਣੀ ਕੱਢਣ ਲਈ ਕਿਸਾਨਾਂ ਨੂੰ ਨਿੱਜੀ ਤੌਰ ’ਤੇ 50 ਹਜ਼ਾਰ ਰੁਪਏ ਦੀ ਮੌਕੇ ’ਤੇ ਮਦਦ ਕੀਤੀ। ਸਰਪੰਚ ਹਰਪਾਲ ਸਿੰਘ ਸੰਗਤਪੁਰਾ ਨੇ ਆਖਿਆ ਕਿ ਉਹ ਵੀ ਆਪਣੇ ਕੋਲੋਂ 21 ਹਜ਼ਾਰ ਰੁਪਏ ਦੀ ਮਦਦ ਕਰਨਗੇ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਅਤੇ ਜਵਾਨਾਂ ਨੇ ਦੇਸ਼ ਲਈ ਔਖੇ ਸਮੇਂ ਵਡਮੁੱਲਾ ਯੋਗਦਾਨ ਪਾਇਆ ਹੈ। ਹੁਣ ਹੜ੍ਹਾਂ ਦੇ ਸੰਕਟ ਸਮੇਂ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਲਈ ਵਿਸ਼ੇਸ਼ ਆਰਥਿਕ ਪੈਕੇਜ ਜਾਰੀ ਕਰੇ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕੁੱਝ ਪਿੰਡਾਂ ’ਚ ਡਰੇਨਾਂ ਦੀ ਸਫ਼ਾਈ ਸਹੀ ਢੰਗ ਨਾਲ ਨਾ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਹਨ। ਇਲਾਕੇ ਦੇ ਡਰੇਨ ਵਿਭਾਗ ਦੇ ਇੱਕ ਅਧਿਕਾਰੀ ’ਤੇ ਕਾਰਵਾਈ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਕਿਤੇ ਵੀ ਅਣਗਹਿਲੀ ਕਰਨ ਵਾਲੇ ਅਧਿਕਾਰੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ ਕਿ ਅੱਗੇ ਤੋਂ ਬੁਨਿਆਦੀ ਢਾਂਚੇ ਸਬੰਧੀ ਜਿਹੜੇ ਵੀ ਵਿਕਾਸ ਕਾਰਜ ਹੋਣੇ ਹਨ, ਉਨ੍ਹਾਂ ਬਾਬਤ ਪਾਣੀ ਦੀ ਨਿਕਾਸੀ ਦਾ ਉਚੇਚਾ ਪ੍ਰਬੰਧ ਕੀਤਾ ਜਾਵੇ। ਸੜਕਾਂ ਦੇ ਨਿਰਮਾਣ ਦੌਰਾਨ ਪਾਣੀ ਦੇ ਵਹਾਅ ਲਈ ਪਾਈਪਾਂ ਦੱਬੀਆਂ ਜਾਣੀਆਂ ਯਕੀਨੀ ਬਣਾਈਆਂ ਜਾਣ। ਜੇਕਰ ਕੋਈ ਸੂਆ ਉੱਚਾ ਕਰ ਕੇ ਬਣਦਾ ਹੈ ਤਾਂ ਉਸ ਦੇ ਥੱਲਿਓਂ ਬਰਸਾਤੀ ਪਾਣੀ ਲੰਘਣ ਲਈ ਢੁੱਕਵੇਂ ਪ੍ਰਬੰਧ ਕੀਤੇ ਜਾਣੇ ਯਕੀਨੀ ਬਣਾਏ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਹਰ ਹਾਲ ਆਪਣੇ ਲੋਕਾਂ ਦੇ ਨਾਲ ਖੜ੍ਹੀ ਹੈ। ਲੋਕਾਂ ਨੂੰ ਦਰਪੇਸ਼ ਦਿੱਕਤਾਂ ਦੂਰ ਕਰਨ ਲਈ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਲਗਾਤਾਰ ਕੰਮ ਕਰ ਰਹੀਆਂ ਹਨ। ਇਸ ਮੌਕੇ ਪਨਸੀਡ ਦੇ ਚੇਅਰਮੈਨ ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਹਰਵਿੰਦਰ ਸਿੰਘ ਛਾਜਲੀ, ਓਐੱਸਡੀ ਤਪਿੰਦਰ ਸੋਹੀ, ਐਸਡੀਐਮ ਲਹਿਰਾਗਾਗਾ ਸੂਬਾ ਸਿੰਘ, ਡੀਐਸਪੀ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸਐਚਓ ਕਰਮਜੀਤ ਸਿੰਘ, ਸਰਪੰਚ ਹਰਪਾਲ ਸਿੰਘ, ਟਰੱਕ ਯੂਨੀਅਨ ਲਹਿਰਾ ਦੇ ਸਾਬਕਾ ਪ੍ਰਧਾਨ ਕੁਲਦੀਪ ਸਿੰਘ ਸੰਗਤਪੁਰਾ ਮੌਜੂਦ ਸਨ।