ਪਹਿਲਗਾਮ ਹਮਲੇ ’ਚ ਖੁਫੀਆ ਤੰਤਰ ਦੀ ਨਾਕਾਮੀ ਲਈ ਕੌਣ ਜ਼ਿੰਮੇਵਾਰ ਸੀ: ਮੀਤ ਹੇਅਰ
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲੋਕ ਸਭਾ ਮੈਂਬਰ ਗੁਰਮੀਤ ਸਿੰਘ ਮੀਤ ਹੇਅਰ ਨੇ ਮੰਗਲਵਾਰ ਨੂੰ ਸੰਸਦ ਵਿਚ ਆਪ੍ਰੇਸ਼ਨ ਸਿੰਧੂਰ ਉੱਤੇ ਚੱਲ ਰਹੀ ਬਹਿਸ ਵਿੱਚ ਹਿੱਸਾ ਲੈਂਦਿਆਂ ਭਾਰਤ-ਪਾਕਿ ਜੰਗ ਦੌਰਾਨ ਫੇਲ੍ਹ ਸਾਬਤ ਹੋਈ ਵਿਦੇਸ਼ ਨੀਤੀ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਪਹਿਲਗਾਮ ਦਹਿਸ਼ਤੀ ਹਮਲੇ ਵਿਚ ਖੁਫ਼ੀਆ ਤੰਤਰ ਦੀ ਨਾਕਾਮੀ ਲਈ ਕੌਣ ਜ਼ਿੰਮੇਵਾਰ ਸੀ। ਉਨ੍ਹਾਂ ਕਿਹਾ ਕਿ ਕੇਂਦਰੀ ਰੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਨੇ ਲੋਕ ਸਭਾ ਵਿਚ ਆਪਣੀਆਂ ਲੰਮੀਆਂ ਤਕਰੀਰਾਂ ਦੌਰਾਨ ਇਸ ਨਾਕਾਮੀ ਲਈ ਜ਼ਿੰਮੇਵਾਰੀ ਤੱਕ ਨਹੀਂ ਕਬੂਲੀ।
ਮੀਤ ਹੇਅਰ ਨੇ ਸਭ ਤੋਂ ਪਹਿਲਾਂ ਫੌਜੀ ਸੈਨਿਕਾਂ ਨੂੰ ਸਿਜਦਾ ਕਰਦਿਆਂ ਉਨ੍ਹਾਂ ਵੱਲੋਂ ਦਿਖਾਈ ਬਹਾਦਰੀ ਨੂੰ ਯਾਦ ਕੀਤਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨਾਲ ਲੜੀ ਜਾ ਰਹੀ ਜੰਗ ਦੌਰਾਨ ਵਿਸ਼ਵ ਗੁਰੂ ਅਖਵਾਉਣ ਵਾਲੇ ਦੇਸ਼ ਦੀ ਮਦਦ ਉਤੇ ਕੋਈ ਵੀ ਮੁਲਕ ਨਹੀਂ ਆਇਆ। ਚੀਨ ਤੇ ਤੁਰਕੀ ਜਿੱਥੇ ਖੁੱਲ਼੍ਹੇਆਮ ਪਾਕਿਸਤਾਨ ਦੀ ਪਿੱਠ ਉੱਤੇ ਸਨ, ਉੱਥੇ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) ਨੇ ਪਾਕਿਸਤਾਨ ਲਈ ਉਸੇ ਵੇਲੇ ਵਿੱਤੀ ਮਦਦ ਮਨਜ਼ੂਰ ਕੀਤੀ। ਵਿਦੇਸ਼ੀ ਮੁਲਕਾਂ ਦੇ ਦੌਰੇ ਉੱਤੇ ਗਏ ਭਾਰਤੀ ਸੰਸਦ ਮੈਂਬਰਾਂ ਦੇ ਵਫ਼ਦ ਨੂੰ ਇੱਕਾ-ਦੁੱਕਾ ਮੁਲਕਾਂ ਨੂੰ ਛੱਡ ਕੇ ਬਾਕੀ ਮੁਲਕਾਂ ਦਾ ਕੋਈ ਕੈਬਨਿਟ ਮੰਤਰੀ ਵੀ ਨਹੀਂ ਮਿਲਿਆ।
ਮੀਤ ਹੇਅਰ ਨੇ ਕੇਂਦਰ ਸਰਕਾਰ ਦੀ ਗ਼ੈਰ-ਸੰਜੀਦਗੀ ਦਾ ਮਾਮਲਾ ਉਠਾਉਂਦਿਆਂ ਕਿਹਾ ਕਿ ਕਿਸੇ ਵੇਲੇ ਛੋਟਾ ਜਿਹਾ ਰੇਲ ਹਾਦਸਾ ਹੋਣ ਉੱਤੇ ਰੇਲ ਮੰਤਰੀ ਨੈਤਿਕ ਆਧਾਰ ਉਤੇ ਅਸਤੀਫਾ ਦੇ ਦਿੰਦਾ ਸੀ, ਪਰ ਭਾਰਤੀ ਖੁਫੀਆ ਤੰਤਰ ਦੀ ਲਾਪਰਵਾਹੀ ਤੇ ਨਾਕਾਮੀ ਨਾਲ ਇੰਨੇ ਵੱਡੇ ਦਹਿਸ਼ਤੀ ਹਮਲੇ ਵਿੱਚ 26 ਜਾਨਾਂ ਚਲੀਆਂ ਗਈਆਂ ਪਰ ਸਰਕਾਰ ਵਿੱਚ ਕਿਸੇ ਦਾ ਅਸਤੀਫਾ ਤਾਂ ਦੂਰ ਦੀ ਗੱਲ ਕਿਸੇ ਨੇ ਜ਼ਿੰਮੇਵਾਰੀ ਤੱਕ ਨਾ ਕਬੂਲੀ।
ਮੀਤ ਹੇਅਰ ਨੇ ਕਿਹਾ ਕਿ ਰੱਖਿਆ ਮੰਤਰੀ ਤੇ ਗ੍ਰਹਿ ਮੰਤਰੀ ਦੀਆਂ ਲੰਮੀਆਂ ਤਕਰੀਰਾਂ ਵਿੱਚ ਦੇਸ਼ ਦੇ ਆਮ ਲੋਕਾਂ ਵੱਲੋਂ ਉਠਾਏ ਜਾ ਰਹੇ ਕਿਸੇ ਵੀ ਸਵਾਲ ਦਾ ਜਵਾਬ ਤੱਕ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਮੁਲਕ ਨੇ ਤਾਂ ਸੋਸ਼ਲ ਮੀਡੀਆ ਜਾਂ ਟੀਵੀ ਉਪਰ ਜੰਗ ਦੇ ਹਾਲਾਤ ਦੇਖੇ ਪਰ ਬਾਰਡਰ ਸੂਬੇ ਪੰਜਾਬ ਦੇ ਲੋਕਾਂ ਨੇ ਹਰ ਦਿਨ ਡਰੋਨ ਹਮਲਿਆਂ, ਸਾਇਰਨਾਂ ਤੇ ਬਲੈਕ ਆਊਟ ਦੇ ਸਾਏ ਹੇਠ ਗੁਜ਼ਾਰਿਆ ਸੀ।