ਸਰਕਾਰੀ ਹਸਪਤਾਲ ਵਿੱਚ ਵ੍ਹੀਲ ਚੇਅਰਾਂ ਟੁੱਟੀਆਂ
ਮੁੱਖ ਮੰਤਰੀ ਭਗਵੰਤ ਮਾਨ ਦੇ ਹਲਕੇ ਦੇ ਸਰਕਾਰੀ ਹਸਪਤਾਲ ਧੂਰੀ ਵਿੱਚ ਸਹੂਲਤਾਂ ਦੀ ਘਾਟ ਹੈ ਜਿਸ ਕਾਰਨ ਮਰੀਜ਼ਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਸਪਤਾਲ ਦਾਖ਼ਲ ਹੁੰਦੇ ਹੀ ਮਰੀਜ਼ਾਂ ਨੂੰ ਖਸਤਾ ਹਾਲ ਵ੍ਹੀਲ ਚੇਅਰਾਂ ਨਾਲ ਜੂਝਣਾ ਪੈਂਦਾ ਹੈ। ਜੇਕਰ ਉਹ ਕਿਸੇ ਤਰੀਕੇ ਨਾਲ ਹਸਪਤਾਲ ਦੇ ਅੰਦਰ ਪੁੱਜ ਜਾਂਦੇ ਹਨ ਤਾਂ ਉਨ੍ਹਾਂ ਨੂੰ ਮਾਹਿਰ ਡਾਕਟਰ ਨਹੀਂ ਮਿਲਦੇ। ਇਥੇ ਖੇਤਰ ਦੇ ਵੱਡੀ ਗਿਣਤੀ ਪਿੰਡਾਂ ਦੇ ਲੋਕ ਆਉਂਦੇ ਹਨ ਪਰ ਸਹੂਲਤਾਂ ਦੀ ਘਾਟ ਕਾਰਨ ਉਨ੍ਹਾਂ ਨੂੰ ਨਿਰਾਸ਼ ਪਰਤਣਾ ਪੈਂਦਾ ਹੈ। ਬੀ ਕੇ ਯੂ ਡਕੌਂਦਾ (ਬੁਰਜਗਿੱਲ) ਦੇ ਜ਼ਿਲ੍ਹਾ ਮੀਤ ਪ੍ਰਧਾਨ ਲਖਵੀਰ ਸਿੰਘ ਲੱਖਾ ਬਾਲੀਆਂ ਨੇ ਦੱਸਿਆ ਕਿ ਐਮਰਜੈਂਸੀ ਦੇ ਐਨ ਅੱਗੇ ਖੜ੍ਹੀਆਂ ਵ੍ਹੀਲ ਚੇਅਰਾਂ ’ਚੋਂ ਕਰੀਬ ਸਾਰੀਆਂ ਦੇ ਚੱਕੇ ਰਬੜ ਤੋਂ ਸੱਖਣੇ ਹਨ ਅਤੇ ਇਨ੍ਹਾਂ ਵ੍ਹੀਲ ਚੇਅਰਾਂ ’ਤੇ ਮਰੀਜ਼ ਨੂੰ ਗੇਟ ਤੋਂ ਐਮਰਜੈਂਸੀ ਤੱਕ ਲਿਜਾਣਾ ਮੁਸ਼ਕਲ ਹੋ ਜਾਂਦਾ ਹੈ। ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਜਰਨੈਲ ਸਿੰਘ ਨੇ ਦੱਸਿਆ ਕਿ ਹਸਪਤਾਲ ਵਿੱਚ ਹਾਲੇ ਵੀ ਅੱਖਾਂ ਦੇ ਮਾਹਿਰ ਡਾਕਟਰ ਦੀ ਅਸਾਮੀ ਖਾਲੀ ਹੈ ਜਦਕਿ ਪਿਛਲੇ ਲਗਪਗ ਇੱਕ ਵਰ੍ਹੇ ਤੋਂ ਈ ਐੱਨ ਟੀ ਡਾਕਟਰ ਛੁੱਟੀ ’ਤੇ ਹੋਣ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਕਿਸਾਨ ਆਗੂਆਂ ਨੇ ਸੀ ਐੱਮ ਓ ਸੰਗਰੂਰ ਕੋਲੋਂ ਲੋਕਾਂ ਦੀਆਂ ਸਮੱਸਿਆਵਾਂ ਨੂੰ ਫੌਰੀ ਹੱਲ ਕਰਨ ਲਈ ਮੰਗ ਕੀਤੀ ਹੈ।
ਧੂਰੀ ਹਸਪਤਾਲ ਅੱਗੇ ਧੀਰਾ ਮੈਡੀਕਲ ਹਾਲ ਦੇ ਮਾਲਕ ਨੇ ਰਣਧੀਰ ਸਿੰਘ ਨੇ ਦੱਸਿਆ ਕਿ ਇਕ ਵਾਰ ਸੜਕ ਤੋਂ ਲੰਘ ਰਹੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹੱਥ ਦਿੱਤਾ ਤਾਂ ਉਨ੍ਹਾਂ ਆਪਣੀ ਗੱਡੀ ਰੋਕੀ ਤੇ ਉਸ ਦੀ ਗੱਲ ਸੁਣੀ। ਉਨ੍ਹਾਂ ਹਸਪਤਾਲ ’ਚ ਬੰਦ ਪਈ ਐਕਸ-ਰੇਅ ਮਸ਼ੀਨ ਅਤੇ ਅਲਟਰਾਸਾਊਂਡ ਮਸ਼ੀਨ ਦਾ ਮਸਲਾ ਦੂਜੇ ਦਿਨ ਹੀ ਹੱਲ ਕਰ ਦਿੱਤਾ ਸੀ।
ਵ੍ਹੀਲ ਚੇਅਰਾਂ ਦੀ ਮੁਰੰਮਤ ਕਰਵਾਈ ਜਾਵੇਗੀ: ਸੀ ਐੱਮ ਓ
ਸੀ ਐੱਮ ਓ ਸੰਗਰੂਰ ਡਾ. ਅਮਰਜੀਤ ਕੌਰ ਨੇ ਸੰਪਰਕ ਕਰਨ ’ਤੇ ਆਖਿਆ ਕਿ ਇਹ ਮਸਲਾ ਉਨ੍ਹਾਂ ਦੇ ਅੱਜ ਹੀ ਧਿਆਨ ਵਿੱਚ ਆਇਆ ਸੀ ਅਤੇ ਉਨ੍ਹਾਂ ਐੱਸ ਐੱਮ ਓ ਧੂਰੀ ਨੂੰ ਵ੍ਹੀਲ ਚੇਅਰਾਂ ਦੀ ਮੁਰੰਮਤ ਕਰਵਾਉਣ ਦੀ ਹਦਾਇਤ ਕੀਤੀ ਹੈ। ਉਨ੍ਹਾਂ ਕਿਹਾ ਕਿ ਅੱਖਾਂ ਦੇ ਮਾਹਿਰ ਡਾਕਟਰ ਦੀ ਨਿਯੁਕਤੀ ਲਈ ਪੱਤਰ ਭੇਜ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਈ ਐੱਨ ਟੀ ਛੁੱਟੀ ’ਤੇ ਹੈ ਜਿਸ ਕਰਕੇ ਉਨ੍ਹਾਂ ਦੀ ਅਸਾਮੀ ਲਈ ਡਿਮਾਂਡ ਨਹੀਂ ਭੇਜੀ ਜਾ ਸਕਦੀ।
