ਸਮਾਰਟ ਸੀਡਰ ਨਾਲ ਕਣਕ ਬਿਜਾਈ ਦੀ ਪ੍ਰਦਰਸ਼ਨੀ
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ, ਸੰਗਰੂਰ ਵੱਲੋਂ ਨੇੜਲੇ ਪਿੰਡ ਪੰਨਵਾਂ ਵਿੱਚ ਕਿਸਾਨ ਮੇਹਰ ਚੰਦ ਦੇ ਖੇਤ ਵਿੱਚ ਸਮਾਰਟ ਸੀਡਰ ਨਾਲ ਝੋਨੇ ਦੀ ਪਰਾਲੀ ਨੂੰ ਬਿਨਾਂ ਅੱਗ ਲਗਾਏ ਕਣਕ ਦੀ ਬਿਜਾਈ ਸਬੰਧੀ ਖੇਤ ਪ੍ਰਦਰਸ਼ਨੀ ਲਗਾਈ ਗਈ।
ਇਸ ਮੌਕੇ ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਵੱਲੋਂ ਡਾ. ਮਨਦੀਪ ਸਿੰਘ ਅਤੇ ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ ਮੌਜੂਦ ਸਨ। ਪ੍ਰਦਰਸ਼ਨੀ ਦੌਰਾਨ ਪੀ ਏ ਯੂ ਲੁਧਿਆਣਾ ਦੇ ਪੇਂਡੂ ਖੇਤੀਬਾੜੀ ਕਾਰਜ ਤਜਰਬਾ ਪ੍ਰੋਗਰਾਮ ਅਧੀਨ ਟਰੇਨਿੰਗ ਪ੍ਰਾਪਤ ਕਰ ਰਹੇ ਬੀ ਐੱਸ ਸੀ ਐਗਰੀਕਲਚਰ ਆਖਰੀ ਸਾਲ ਦੇ ਵਿਦਿਆਰਥੀਆਂ ਨੇ ਵੀ ਭਾਗ ਲਿਆ।
ਡਾ. ਮਨਦੀਪ ਸਿੰਘ ਨੇ ਕਿਸਾਨਾਂ ਅਤੇ ਵਿਦਿਆਰਥੀਆਂ ਨੂੰ ਪਰਾਲੀ ਨੂੰ ਖੇਤ ਵਿੱਚ ਹੀ ਸੰਭਾਲਣ ਦੇ ਫਾਇਦਿਆਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਤਰੀਕਾ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਂਦਾ ਹੈ ਅਤੇ ਹਵਾ ਪ੍ਰਦੂਸ਼ਣ ਤੋਂ ਬਚਾਉਂਦਾ ਹੈ। ਡਾ. ਸੁਨੀਲ ਕੁਮਾਰ ਨੇ ਸਮਾਰਟ ਸੀਡਰ ਨਾਲ ਬਿਜਾਈ ਦੀ ਤਕਨੀਕ ਬਾਰੇ ਦੱਸਿਆ ਤੇ ਮਸ਼ੀਨ ਨਾਲ ਖੇਤ ਵਿੱਚ ਕਣਕ ਦੀ ਬਿਜਾਈ ਵੀ ਕਰਵਾਈ। ਇਸ ਮੌਕੇ ਮੇਹਰ ਚੰਦ, ਰਜਿੰਦਰ ਸਿੰਘ, ਦਰਸ਼ਨ ਦਾਸ, ਸੁਖਦੇਵ ਸਿੰਘ, ਟੇਕ ਸਿੰਘ ਹਾਜ਼ਰ ਸਨ।
