ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਕਣਕ ਦਾ ਬੀਜ ਤੇ ਤੂੜੀ ਭੇਜੀ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਅੱਜ ਲੜੀਵਾਰ ਪੰਜਵੀਂ ਖੇਪ ਹੜ੍ਹ ਪੀੜਤਾਂ ਲਈ ਭੇਜੀ ਗਈ। ਜ਼ਿਲ੍ਹਾ ਸੰਗਰੂਰ ਤੋਂ ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵੱਲੋਂ ਟਰੱਕਾਂ ਨੂੰ ਰਵਾਨਾ ਕੀਤਾ ਗਿਆ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਅਤੇ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਦੀ ਅਗਵਾਈ ਹੇਠ ਰਵਾਨਾ ਕੀਤੇ ਟਰੱਕਾਂ ਵਿਚ ਲਗਪਗ 3 ਹਜ਼ਾਰ ਏਕੜ ਦਾ ਸੋਧਿਆ ਹੋਇਆ ਕਣਕ ਦਾ ਬੀਜ ਖਰੀਦ ਕੇ ਭੇਜਿਆ ਗਿਆ ਹੈ ਜਦੋਂ ਕਿ ਪਸ਼ੂਆਂ ਲਈ 12 ਭੂੰਗ ਤੂੜੀ ਦੇ ਭਰ ਕੇ ਭੇਜੇ ਗਏ ਹਨ। ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾਨ ਨੇ ਕਿਹਾ ਕਿ ਪੰਜਾਬ ਵਿਚ ਆਏ ਹੜ੍ਹਾਂ ਕਾਰਨ ਵੱਖ-ਵੱਖ ਜ਼ਿਲ੍ਹਿਆਂ ਵਿਚ ਕਿਸਾਨਾਂ-ਮਜ਼ਦੂਰਾਂ ਅਤੇ ਹੋਰ ਕਿੱਤਾਕਾਰ ਲੋਕਾਂ ਦੀ ਜਾਨ-ਮਾਲ, ਫਸਲਾਂ ਅਤੇ ਪਸ਼ੂਆਂ ਦਾ ਕਾਫ਼ੀ ਨੁਕਸਾਨ ਹੋਇਆ ਹੈ ਜਿਸ ਦੀ ਭਰਪਾਈ ਲਈ ਪੂਰੇ ਦੇਸ਼ ਵਿੱਚੋਂ ਬਹੁਤ ਸਾਰੇ ਲੋਕਾਂ ਵੱਲੋ ਵੱਡੀ ਮਦਦ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀ ਲਗਾਤਾਰ ਹੜ੍ਹ ਪ੍ਰਭਾਵਿਤ ਜ਼ਿਲ੍ਹਿਆਂ ਦੇ ਵਿੱਚ ਕਣਕ, ਤੂੜੀ, ਨਵੇਂ ਸੂਟ , ਕੱਪੜੇ , ਬਿਸਤਰਿਆਂ ਸਮੇਤ ਵੱਖ-ਵੱਖ ਤਰ੍ਹਾਂ ਦਾ ਸਾਮਾਨ ਭੇਜਿਆ ਹੈ। ਆਗੂਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਹੜ੍ਹਾਂ ਨਾਲ ਖਰਾਬ ਹੋਈ ਫ਼ਸਲ ਦਾ ਮੁਆਵਜ਼ਾ 70 ਹਜ਼ਾਰ ਰੁਪਏ ਪ੍ਰਤੀ ਏਕੜ, ਢਹਿ ਗਏ ਮਕਾਨਾਂ ਦਾ 10 ਲੱਖ ਪ੍ਰਤੀ ਮਕਾਨ ਅਤੇ ਹੋਰ ਪਸ਼ੂਆਂ ਅਤੇ ਹੋਰ ਮਾਲੀ ਨੁਕਸਾਨ ਦੀ ਭਰਪਾਈ ਕੀਤੀ ਜਾਵੇ। ਇਸ ਮੌਕੇ ਮਨਜੀਤ ਸਿੰਘ ਘਰਾਚੋਂ , ਜਗਤਾਰ ਸਿੰਘ ਲੱਡੀ, ਕਰਮਜੀਤ ਸਿੰਘ ਮੰਗਵਾਲ ਤੇ ਬਲਵਿੰਦਰ ਸਿੰਘ ਘਨੌੜ ਆਦਿ ਹਾਜ਼ਰ ਸਨ।