ਨਰਸੀ ਨਾਮਦੇਵ ਤੋਂ ਸੁਨਾਮ ਪੁੱਜੇ ਸਾਈਕਲਿਸਟਾਂ ਦਾ ਸਵਾਗਤ
ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਲਈ ਸ਼੍ਰੋਮਣੀ ਭਗਤ ਨਾਮਦੇਵ ਦੇ ਮਹਾਰਾਸ਼ਟਰ ਵਿੱਚ ਸਥਿਤ ਜਨਮ ਅਸਥਾਨ ਨਰਸੀ ਨਾਮਦੇਵ ਤੋਂ ਚੱਲੇ ਸਾਇਕਲਿਸਟਾਂ ਦਾ ਸੁਨਾਮ ਪਹੁੰਚਣ ’ਤੇ ਪ੍ਰਬੰਧਕ ਕਮੇਟੀ ਗੁਰਦੁਆਰਾ ਸਾਹਿਬ ਬਾਬਾ ਨਾਮਦੇਵ ਜੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਸਾਇਕਲ ਯਾਤਰਾ ਨਰਸੀ ਨਾਮਦੇਵ ਤੋਂ ਸ਼ੁਰੂ ਹੋਕੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਸਥਿਤ ਕਸਬਾ ਘੁਮਾਣ ਵਿੱਚ ਪੁੱਜੇਗੀ। ਭਗਤ ਨਾਮਦੇਵ ਜੀ ਨੇ ਇਸ ਜਗ੍ਹਾ ’ਤੇ ਆਪਣੀ ਉਮਰ ਦੇ ਅੰਤਲੇ ਦਿਨ ਬਿਤਾਏ ਅਤੇ ਇੱਥੇ ਹੀ ਜੋਤੀ ਜੋਤਿ ਸਮਾਏ ਸਨ। ਇਸ ਮੌਕੇ ਸਾਈਕਲ ਯਾਤਰਾ ਵਿੱਚ ਸ਼ਾਮਲ ਸੂਰਿਆ ਕਾਂਤ, ਹਰਸ਼ਲ ਸਰੋਦੇ ਅਤੇ ਰਾਜਿੰਦਰ ਕੁਸ਼ ਕਾਵਸੇ ਨੇ ਆਖਿਆ ਕਿ ਭਗਤ ਨਾਮਦੇਵ ਨੇ ਆਪਣੇ ਜੀਵਨ ਦੌਰਾਨ ਸਮੁੱਚੀ ਮਾਨਵਤਾ ਨੂੰ ਸਾਂਝੀਵਾਲਤਾ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਹੈ। ਉਨ੍ਹਾਂ ਵੱਲੋਂ ਦਿਖਾਏ ਰਸਤੇ ’ਤੇ ਚੱਲਦਿਆਂ ਸੰਗਤ ਨੂੰ ਸੁਨੇਹਾ ਦੇਣ ਲਈ ਹਰ ਸਾਲ ਭਗਤ ਨਾਮਦੇਵ ਦੇ ਜਨਮ ਅਸਥਾਨ ਨਰਸੀ ਨਾਮਦੇਵ ਤੋਂ ਸਾਈਕਲ ਯਾਤਰਾ ਕੀਤੀ ਜਾਂਦੀ ਹੈ। ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਤਰਲੋਚਨ ਸਿੰਘ ਮੋਹਲ ਅਤੇ ਮੁੱਖ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ ਨੇ ਦੱਸਿਆ ਕਿ ਮਹਾਰਾਸ਼ਟਰ ਤੋਂ ਚੱਲੀ ਸਾਈਕਲ ਯਾਤਰਾ ਵਿੱਚ ਸ਼ਾਮਲ ਵਿਅਕਤੀਆਂ ਨੂੰ ਸਨਮਾਨਿਤ ਕੀਤਾ ਗਿਆ ਹੈ। ਇਸ ਮੌਕੇ ਗੁਰਦੁਆਰਾ ਪ੍ਰਧਾਨ ਤਰਲੋਚਨ ਸਿੰਘ ਮੋਹਲ, ਮੀਤ ਪ੍ਰਧਾਨ ਲੱਕੀ ਜੱਸਲ, ਜਨਰਲ ਸਕੱਤਰ ਕੁਲਵਿੰਦਰ ਸਿੰਘ ਮੋਹਲ, ਮਹਿੰਦਰ ਸਿੰਘ ਜੌੜਾ, ਦਰਸ਼ਨ ਸਿੰਘ ਔਲਖ, ਬੰਤ ਸਿੰਘ ਰਾਏ, ਆਸ਼ਾ ਸਿੰਘ ਰਾਏ, ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਜਗਮੇਲ ਸਿੰਘ ਛਾਜਲਾ, ਬੀਬੀ ਸੁਖਵੰਤ ਕੌਰ, ਲਵਪ੍ਰੀਤ ਕੌਰ, ਬਲਵਿੰਦਰ ਕੌਰ ਔਲਖ, ਵਿੱਕੀ ਮੋਹਲ ਸਣੇ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।
