ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਸੰਗਰੂਰ ਦੀ ਬਾਲੀਆਂ ਡਰੇਨ ’ਚ ਬੂਟੀ ਨੇ ਸਫ਼ਾਈ ਦੀ ਪੋਲ ਖੋਲ੍ਹੀ

ਭਾਵੇਂ ਕਿ ਸੰਗਰੂਰ-ਸੁਨਾਮ ਰੋਡ ’ਤੇ ਪਿੰਡ ਰਾਮਨਗਰ ਸਿਬੀਆਂ ਦੇ ਨਜ਼ਦੀਕ ਬਾਲੀਆਂ ਡਰੇਨ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ ਕਿਉਂਕਿ ਪਿੰਡ ਰਾਮਨਗਰ ਸਿਬੀਆਂ ’ਚ ਡਰੇਨ ਦਾ ਪਾਣੀ ਦਾਖਲ ਹੋ ਗਿਆ ਸੀ ਅਤੇ ਪਿੰਡ ਵਾਸੀਆਂ ਨੇ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ...
ਸੰਗਰੂਰ ਸ਼ਹਿਰ ਨੇੜੇ ਬਾਲੀਆਂ ਡਰੇਨ ’ਚ ਖੜ੍ਹੀ ਬੂਟੀ।
Advertisement

ਭਾਵੇਂ ਕਿ ਸੰਗਰੂਰ-ਸੁਨਾਮ ਰੋਡ ’ਤੇ ਪਿੰਡ ਰਾਮਨਗਰ ਸਿਬੀਆਂ ਦੇ ਨਜ਼ਦੀਕ ਬਾਲੀਆਂ ਡਰੇਨ ਦੀ ਸਫ਼ਾਈ ਕਰਵਾ ਦਿੱਤੀ ਗਈ ਹੈ ਕਿਉਂਕਿ ਪਿੰਡ ਰਾਮਨਗਰ ਸਿਬੀਆਂ ’ਚ ਡਰੇਨ ਦਾ ਪਾਣੀ ਦਾਖਲ ਹੋ ਗਿਆ ਸੀ ਅਤੇ ਪਿੰਡ ਵਾਸੀਆਂ ਨੇ ਸੜਕ ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਗਾਇਆ ਸੀ ਪਰ ਪਿੱਛੋਂ ਬਾਲੀਆਂ ਡਰੇਨ ਦੀ ਹੋਈ ਸਫ਼ਾਈ ਕਿਤੋਂ ਵੀ ਨਜ਼ਰ ਨਹੀਂ ਆ ਰਹੀ। ਥਾਂ ਥਾਂ ਡਰੇਨ ਜਲ-ਬੂਟੀ ਨਾਲ ਭਰਿਆ ਪਿਆ ਹੈ ਜਿਸ ਨਾਲ ਡਰੇਨਾਂ ਦੀ ਸਫ਼ਾਈ ਉਪਰ ਸਵਾਲ ਖੜ੍ਹੇ ਹੋ ਰਹੇ ਹਨ। ਬਾਲੀਆਂ ਡਰੇਨ ਜਿਥੇ ਪਿੰਡ ਮੰਗਵਾਲ ਨਜ਼ਦੀਕ ਓਵਰਫਲੋਅ ਹੋ ਚੁੱਕਿਆ ਹੈ ਅਤੇ ਪਾਣੀ ਪਿੰਡ ਮੰਗਵਾਲ ਦੇ ਨਾਲ ਲੱਗ ਚੁੱਕਿਆ ਹੈ। ਅੱਜ ਸੁਨਾਮ ਰੋਡ ’ਤੇ ਬਾਲੀਆਂ ਡਰੇਨ ਮੁੜ ਓਵਰਫਲੋਅ ਹੋ ਗਿਆ ਸੀ ਜਿਸ ਦਾ ਪਾਣੀ ਨਿਊ ਬਸੰਤ ਬਿਹਾਰ ਕਲੋਨੀ ਵਿਚ ਦਾਖਲ ਹੋ ਗਿਆ ਸੀ। ਅੱਜ ਪਿੰਡ ਬਾਲੀਆਂ ਨਜ਼ਦੀਕ ਲੱਗਦੇ ਡਰੇਨ ਦਾ ਦੌਰਾ ਕਰਕੇ ਵੇਖਿਆ ਗਿਆ ਜਿਸ ਵਿਚ ਵੱਡੀ ਪੱਧਰ ’ਤੇ ਜਲ-ਬੂਟੀ ਜਿਉਂ ਦੀ ਤਿਉਂ ਪਈ ਹੈ। ਕਿਸਾਨ ਦਿਲਪ੍ਰੀਤ ਸਿੰਘ ਨੇ ਦੱਸਿਆ ਕਿ ਸੜਕ ਨੇੜੇ ਪੁਲ ਦੇ ਆਲੇ ਦੁਆਲੇ ਡਰੇਨ ਦੀ ਸਫ਼ਾਈ ਵੀ ਕਿਸਾਨਾਂ ਨੇ ਖੁਦ ਕੀਤੀ ਹੈ ਜਦੋਂ ਕਿ ਵਿਭਾਗ ਵਲੋਂ ਕੋਈ ਸਫ਼ਾਈ ਨਹੀਂ ਕਰਵਾਈ ਗਈ ਜਿਸ ਕਾਰਨ ਪਾਣੀ ਓਵਰਫਲੋ ਹੋ ਕੇ ਖੇਤਾਂ ਵਿਚ ਦਾਖਲ ਹੋਇਆ ਸੀ। ਇਹ ਡਰੇਨ ਗੁਰਦੁਆਰਾ ਨਾਨਕਿਆਣਾ ਸਾਹਿਬ ਦੇ ਪਿੱਛਲੇ ਪਾਸੇ ਤੋਂ ਲੰਘਦਾ ਹੈ ਜੋ ਕਿ ਓਵਰਫਲੋਅ ਹੋ ਚੁੱਕਿਆ ਹੈ ਜਿਸ ਦਾ ਪਾਣੀ ਆਲੇ ਦੁਆਲੇ ਖੇਤਾਂ ਤੋਂ ਇਲਾਵਾ ਪਿੰਡ ਮੰਗਵਾਲ ਦੇ ਨਜ਼ਦੀਕ ਜ਼ਮੀਨ ਵਿਚ ਛੱਪੜ ਦਾ ਰੂਪ ਧਾਰਨ ਕਰ ਚੁੱਕਿਆ ਹੈ। ਮੰਗਵਾਲ ਨਜ਼ਦੀਕ ਸੜਕ ਦੇ ਪੁਲ ਦੇ ਆਲੇ ਦੁਆਲੇ ਡਰੇਨ ਵਿਚ ਜਲ ਬੂਟੀ ਹੀ ਨਜ਼ਰ ਆ ਰਹੀ ਹੈ ਜੋ ਕਿ ਸਫ਼ਾਈ ਪ੍ਰਬੰਧਾਂ ਦੀਆਂ ਧੱਜੀਆਂ ਉਡਾਉਂਦੀ ਨਜ਼ਰ ਆਉਂਦੀ ਹੈ। ਆਫ਼ੀਸਰ ਕਲੋਨੀ ਦੇ ਨਜ਼ਦੀਕ ਵੀ ਇਹੋ ਹਾਲ ਹੈ। ਕਿਸਾਨ ਗੋਬਿੰਦ ਸਿੰਘ ਨੇ ਦੱਸਿਆ ਕਿ ਪੁਲ ਦੇ ਨੇੜਿਓਂ ਵੀ ਨਰੇਗਾ ਮਜ਼ਦੂਰਾਂ ਨੇ ਜਲ ਬੂਟੀ ਕੱਢੀ ਹੈ ਜਦੋਂ ਕਿ ਬਾਕੀ ਸਾਰੀ ਡਰੇਨ ਜਲ ਬੂਟੀ ਨਾਲ ਭਰਿਆ ਪਿਆ ਹੈ ਅਤੇ ਵਿਚਕਾਰ ਘਾਹ ਫੂਸ ਅਤੇ ਦਰੱਖਤ ਤੱਕ ਵੀ ਡਿੱਗੇ ਪਏ ਹਨ। ਅੱਗੇ ਸ਼ਹਿਰ ਦੇ ਯਾਦਵਿੰਦਰਾ ਹੋਟਲ ਨੇੜੇ ਪਟਿਆਲਾ ਰੋਡ ਟੀ-ਪੁਆਇੰਟ ਤੋਂ ਸੋਹੀਆਂ ਰੋਡ ਤੱਕ ਵੀ ਸਫ਼ਾਈ ਪ੍ਰਬੰਧਾਂ ਦਾ ਮਾੜਾ ਹਾਲ ਹੈ। ਇਸ ਜਗਾਹ ਅੱਜ ਇੱਕ ਜੇਸੀਬੀ ਮਸ਼ੀਨ ਜਲ ਬੂਟੀ ਕੱਢਣ ਜ਼ਰੂਰ ਲੱਗੀ ਹੋਈ ਸੀ ਜਦੋਂ ਕਿ ਇਹ ਕੰਮ ਮੌਨਸੂਨ ਤੋਂ ਪਹਿਲਾਂ ਹੋਣਾ ਚਾਹੀਦਾ ਸੀ। ਸੋਹੀਆਂ ਰੋਡ ਤੋ ਮਹਿਲਾਂ ਰੋਡ ਅਤੇ ਅੱਗੇ ਸੁਨਾਮ ਤੱਕ ਜਾਂਦੇ ਬਾਲੀਆਂ ਡਰੇਨ ਵਿਚ ਜਲ-ਬੂਟੀ ਦੀ ਭਰਮਾਰ ਹੈ ਅਤੇ ਸਰਕੜੇ ਦੇ ਬੂਟੇ ਵੀ ਖੜ੍ਹੇ ਹਨ। ਇਸ ਵਿਚ ਕੋਈ ਸ਼ੱਕ ਨਹੀਂ ਕਿ ਡਰੇਨਾਂ ਦੀ ਸਫ਼ਾਈ ਲਈ ਸਰਕਾਰ ਤੋਂ ਫੰਡ ਜਾਰੀ ਨਾ ਕੀਤੇ ਹੋਣ ਪਰੰਤੂ ਇਸਦੇ ਬਾਵਜੂਦ ਸਫ਼ਾਈ ਪ੍ਰਬੰਧਾਂ ਦਾ ਇਹ ਹਾਲ ਹੋਣਾ, ਇੱਕ ਵੱਡੀ ਲਾਪ੍ਰਵਾਹੀ ਨੂੰ ਦਰਸਾਉਂਦਾ ਹੈ। ਉਧਰ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਦਾ ਕਹਿਣਾ ਹੈ ਕਿ ਉਸਦੀ ਕਲੋਨੀ ਅੱਗੇ ਡਰੇਨ ’ਚ ਪਈਆਂ ਪਾਈਪਾਂ ਤਾਂ ਕਢਵਾ ਦਿੱਤੀਆਂ ਗਈਆਂ ਪਰ ਡਰੇਨ ਦੀ ਸਫ਼ਾਈ ਸਮੇਂ ਸਿਰ ਨਹੀਂ ਕਰਵਾਈ ਗਈ। ਉਨ੍ਹਾਂ ਕਿਹਾ ਕਿ ਚਲੋ ਵਹਿਮ ਨਿੱਕਲ ਗਿਆ ਕਿ ਸ਼ਾਇਦ ਡਰੇਨ ਓਵਰਫਲੋ ਲਈ ਇਹ ਪਾਈਪਾਂ ਹੀ ਜ਼ਿੰਮੇਵਾਰ ਸੀ। ਹੁਣ ਵੀ ਅੱਗੇ ਪਾਣੀ ਪੁਲਾਂ ਨਾਲ ਲੱਗਿਆ ਖੜ੍ਹਾ ਹੈ, ਕੀ ਹੁਣ ਅੱਗੇ ਪੁਲ ਵੀ ਤੁੜਵਾਏ ਜਾਣਗੇ। ਡਰੇਨੇਜ ਵਿਭਾਗ ਸੰਗਰੂਰ ਦੇ ਐਕਸੀਅਨ ਬੂਟਾ ਸਿੰਘ ਨੇ ਸੰਪਰਕ ਕਰਨ ’ਤੇ ਕਿਹਾ ਕਿ ਉਹ ਘੱਗਰ ’ਤੇ ਮੌਜੂਦ ਹਨ, ਉਸ ਕੋਲ ਗੱਲ ਕਰਨ ਦਾ ਸਮਾਂ ਨਹੀਂ ਹੈ।

Advertisement
Advertisement
Show comments