ਪੰਜਾਬ ਦੀ ਇੱਕ ਇੰਚ ਉਪਜਾਊ ਧਰਤੀ ਸਰਕਾਰ ਨੂੰ ਨਹੀਂ ਖੋਹਣ ਦੇਵਾਂਗੇ: ਡੱਲੇਵਾਲ
ਸੰਯੁਕਤ ਕਿਸਾਨ ਮੋਰਚਾ (ਸਿੱਧੂਪੁਰ) ਆਗੂ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਨੇੜਲੇ ਪਿੰਡ ਜੋਧਾਂ ਵਿਚ ਜ਼ਮੀਨ ਬਚਾਉ ਰੈਲੀ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਜੇ ਸਰਕਾਰਾਂ ਨੇ ਜ਼ਮੀਨ ਖੋਹ ਕੇ ਪਿੰਡਾਂ ਦੀ ਹੋਂਦ ਨੂੰ ਖ਼ਤਮ ਕਰਨ ਦਾ ਏਜੰਡਾ ਵਾਪਸ ਨਾ ਲਿਆ ਤਾਂ ਹਿੰਦੁਸਤਾਨ ਦੇ ਸਮੂਹ ਕਿਸਾਨਾਂ ਤੇ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਰੈਲੀ ਵਿਚ ਪੰਜਾਬ ਤੋਂ ਇਲਾਵਾ ਹਰਿਆਣਾ, ਰਾਜਸਥਾਨ, ਮਹਾਰਾਸ਼ਟਰ, ਕਰਨਾਟਕ ਤੇ ਤਾਮਿਲ ਨਾਡੂ ਤੋਂ ਕਿਸਾਨ ਸ਼ਾਮਲ ਹੋਏ। ਰੈਲੀ ਵਿਚ ਵੱਡੀ ਗਿਣਤੀ ’ਚ ਕਿਸਾਨ ਬੀਬੀਆਂ ਵੀ ਸ਼ਾਮਲ ਹੋਈਆਂ।
ਡੱਲੇਵਾਲ ਨੇ ਰੈਲੀ ਤੋਂ ਇਕਪਾਸੇ ਟ੍ਰਿਬਿਊਨ ਨਾਲ ਵੱਖਰੇ ਤੌਰ ’ਤੇ ਗੱਲ ਕਰਦਿਆਂ ਚਿਤਾਵਨੀ ਦਿੱਤੀ ਕਿ ਉਹ ਕਿਸੇ ਵੀ ਹਾਲਤ ਵਿੱਚ ਪੰਜਾਬ ਦੀ ਇੱਕ ਇੰਚ ਥਾਂ ਸਰਕਾਰ ਨੂੰ ਨਹੀਂ ਖੋਹਣ ਦੇਣਗੇ।
ਉਨ੍ਹਾਂ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਲੁਕਵੇਂ ਢੰਗ ਤਰੀਕੇ ਨਾਲ ਕੇਂਦਰ ਸਰਕਾਰ ਦੇ ਉਸ ਹੱਥ-ਠੋਕੇ ਵਜੋਂ ਕੰਮ ਕਰਦੀ ਰਹੀ ਹੈ ਜਿਸ ਨੇ ਤਿੰਨ ਕਿਸਾਨ ਵਿਰੋਧੀ ਖੇਤੀਬਾੜੀ ਕਾਨੂੰਨਾਂ ਰਾਹੀਂ ਕਿਸਾਨਾਂ ਦੇ ਨਾਲ ਨਾਲ ਮਜ਼ਦੂਰਾਂ ਤੇ ਛੋਟੇ ਵਪਾਰੀਆਂ ਦੇ ਹੱਕਾਂ ’ਤੇ ਵੀ ਡਾਕਾ ਮਾਰਨ ਦੀ ਕੋਸ਼ਿਸ਼ ਕੀਤੀ ਸੀ।।