ਐੱਮਐੱਸਪੀ ਤੇ ਕਿਸਾਨਾਂ ਦੀ ਕਰਜ਼ਾ ਮੁਕਤੀ ਲਈ ਅੰਦੋਲਨ ਤੇਜ਼ ਕਰਾਂਗੇ: ਡੱਲੇਵਾਲ
ਸਤਨਾਮ ਸਿੰਘ ਸੱਤੀ
ਮਸਤੂਆਣਾ ਸਾਹਿਬ, 18 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੀ ਵਿਸ਼ੇਸ਼ ਮੀਟਿੰਗ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ ਮਸਤੂਆਣਾ ਸਾਹਿਬ ਵਿਖੇ ਹੋਈ। ਇਸ ਮੌਕੇ ਪੰਜਾਬ ਕਮੇਟੀ, ਵੱਖ ਵੱਖ ਜ਼ਿਲ੍ਹਿਆਂ ਅਤੇ ਬਲਾਕਾਂ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਭਾਗ ਲਿਆ। ਇਸ ਮੀਟਿੰਗ ਦੇ ਵਿੱਚ ਸ਼ੰਭੂ ਤੇ ਖਨੌਰੀ ਲਗਾਤਾਰ 13 ਮਹੀਨੇ ਚੱਲੇ ਅੰਦੋਲਨ ਦੀ ਸਮੀਖਿਆ ਕੀਤੀ ਗਈ। ਵੱਖ-ਵੱਖ ਕਿਸਾਨ ਆਗੂਆਂ ਵੱਲੋਂ ਉਸ ਮੋਰਚੇ ਦਾ ਰੀਵਿਊ ਕੀਤਾ ਗਿਆ। ਕਿਸਾਨ ਆਗੂਆਂ ਨੇ ਪੰਜਾਬ ਸਰਕਾਰ ’ਤੇ ਧੋਖੇ ਦੇ ਨਾਲ ਮੋਰਚਾ ਚੁਕਵਾਉਣ ਦਾ ਦੋ਼ਸ਼ ਲਾਉਂਦਿਆਂ ਇਸ ਕਾਰਵਾਈ ਦੀ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੀ ਇਸ ਘਟੀਆ ਕਾਰਗੁਜ਼ਾਰੀ ਦੇ ਉੱਤੇ ਹਮੇਸ਼ਾ ਸੰਯੁਕਤ ਕਿਸਾਨ ਮੋਰਚਾ (ਗ਼ੈਰ-ਸਿਆਸੀ) ਪੰਜਾਬ ਸਰਕਾਰ ਦੀਆਂ ਇਨ੍ਹਾਂ ਕਾਵਰਾਈ ਦਾ ਸਖ਼ਤ ਵਿਰੋਧ ਕਰਦਾ ਰਹੇਗਾ। ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਐਮਐਸਪੀ ਗਾਰੰਟੀ ਕਾਨੂੰਨ ਡਾ. ਸਵਾਮੀਨਾਥਨ ਦੀ ਰਿਪੋਰਟ ਤੇ ਕਿਸਾਨਾਂ ਦੀ ਸੰਪੂਰਨ ਕਰਜ਼ ਮੁਕਤੀ, ਭਾਰਤ ਡਬਲਯੂਟੀਓ ’ਚੋਂ ਬਾਹਰ ਆਵੇ, ਸਮੇਤ 13 ਮੰਗਾਂ ਨੂੰ ਲੈ ਕੇ ਇਹ ਅੰਦੋਲਨ ਜਾਰੀ ਹੈ। ਇਸ ਅੰਦੋਲਨ ਨੂੰ ਭਵਿੱਖ ਵਿੱਚ ਪੂਰੇ ਭਾਰਤ ਵਿੱਚ ਹੋਰ ਤੇਜ਼ ਕੀਤਾ ਜਾਵੇਗਾ। ਜਿਸ ਦੀ ਲੜੀ ਵਜੋਂ 21 ਜੂਨ ਨੂੰ ਯੂਪੀ ਦੇ ਅੰਦਰ ਇੱਕ ਵੱਡੀ ਕਿਸਾਨ ਮਹਾਂ ਪੰਚਾਇਤ ਅਤੇ 23 ਜੂਨ ਨੂੰ ਹਰਿਆਣੇ ਦੇ ਅੰਦਰ ਇਹ ਕਨਵੈਨਸ਼ਨ ਕੀਤੀ ਜਾਵੇਗੀ। ਇਸ ਤੋਂ ਇਲਾਵਾ ਜੁਲਾਈ ਦੇ ਪਹਿਲੇ ਹਫਤੇ ਦੱਖਣੀ ਭਾਰਤ ਦੀਆਂ ਸਾਰੀਆਂ ਜਥੇਬੰਦੀਆਂ ਦੀ ਬੰਗਲੁਰੂ ਵਿੱਚ ਮੀਟਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਅੰਦਰ ਲੈਂਡ ਪੋਲਿੰਗ ਐਕਟ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਹੜੱਪਣ ਲਈ ਜਿਸ ਤਰ੍ਹਾਂ ਦੇ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ, ਇਸਦਾ ਜਥੇਬੰਦੀ ਡੱਟ ਕੇ ਵਿਰੋਧ ਕਰੇਗੀ ਅਤੇ ਪਿੰਡ ਪਿੰਡ ਜਾ ਕੇ ਕਿਸਾਨਾਂ ਨੂੰ ਉਨ੍ਹਾਂ ਦੀ ਇਸ ਸਰਕਾਰ ਦੀ ਇਸ ਕਾਰਵਾਈ ਬਾਰੇ ਜਾਣੂ ਕਰਵਾਇਆ ਜਾਵੇਗਾ। ਕਿਸਾਨ ਆਗੂਆਂ ਨੇ ਕਿਹਾ ਕਿ ਹਰਿਆਣਾ ਸਰਕਾਰ ਵੱਲੋਂ ਅੰਦੋਲਨ ਦੌਰਾਨ ਕਿਸਾਨਾਂ ਉੱਤੇ ਮੁਕੱਦਮੇ ਦਰਜ਼ ਕੀਤੇ ਜਾਣ ਸਬੰਧੀ 19 ਜੂਨ ਨੂੰ ਐਸਕੇਐਮ ਤੇ ਕੇਐਮਐਮ ਦੀ ਮੀਟਿੰਗ ਕਰਨ ਤੋਂ ਬਾਅਦ ਕੋਈ ਵੱਡਾ ਪ੍ਰੋਗਰਾਮ ਐਲਾਨ ਕੀਤਾ ਜਾਵੇਗਾ ਤਾਂ ਕਿ ਸਰਕਾਰ ਨੂੰ ਇਸ ਇਹਨਾਂ ਹਰਕਤਾਂ ਤੋਂ ਪਿੱਛੇ ਹਟਾਇਆ ਜਾ ਸਕੇ।