ਹੜ੍ਹ ਮਗਰੋਂ ਕਿਸਾਨਾਂ ਲਈ ਮੁਸੀਬਤ ਬਣੀ ਜਲ ਬੂਟੀ
ਲਹਿਰਾਗਾਗਾ ਨੇੜਲੇ ਪਿੰਡਾਂ ਆਲਮਪੁਰ ਤੇ ਕੋਟੜਾ ਲਹਿਲ ਆਦਿ ਵਿੱਚ ਕਈ ਏਕੜ ਫ਼ਸਲਾਂ ਡਰੇਨਾਂ ਓਵਰਫਲੋਅ ਹੋਣ ਕਾਰਨ ਡੁੱਬ ਗਈਆਂ ਸਨ। ਭਾਵੇਂ ਖੇਤਾਂ ’ਚ ਹੁਣ ਹੜ੍ਹ ਦਾ ਪਾਣੀ ਨਹੀਂ ਹੈ ਪਰ ਜਲ ਬੂਟੀ ਖੇਤਾਂ ’ਚ ਭਰੀ ਪਈ ਹੈ ਅਤੇ ਝੋਨੇ ਦੀ ਫ਼ਸਲ ਬਰਬਾਦ ਹੋ ਚੁੱਕੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਜਲ ਬੂਟੀ ਉਨ੍ਹਾਂ ਲਈ ਮੂਸੀਬਤ ਬਣ ਗਈ ਹੈ। ਬੀਕੇਯੂ ਸਿੱਧੂਪੁਰ ਦੇ ਪ੍ਰੈੱਸ ਸਕੱਤਰ ਜਤਿੰਦਰ ਜਲੂਰ ਨੇ ਕਿਹਾ ਕਿ ਹਲਕੇ ਦੇ ਕਈ ਪਿੰਡਾਂ ਵਿੱਚ ਲੰਘਦੀਆਂ ਡਰੇਨਾਂ ਦੀ ਸਫ਼ਾਈ ਨਾ ਹੋਣ ਕਾਰਨ ਫ਼ਸਲਾਂ ਤਬਾਹ ਹੋ ਗਈਆਂ ਹਨ। ਸੁਰਜੀਤ ਸਿੰਘ ਆਲਮਪੁਰ ਸਮੇਤ ਇਕੱਤਰ ਹੋਏ ਦਰਜਨਾਂ ਕਿਸਾਨਾਂ ਨੇ ਦੱਸਿਆ ਕਿ ਡਰੇਨਾਂ ਓਵਰਫਲੋਅ ਹੋਣ ਤੋਂ ਬਾਅਦ ਜਲ ਬੂਟੀ ਖੇਤਾਂ ਵਿੱਚ ਪਹੁੰਚ ਗਈ ਸੀ ਜਿਸ ਕਾਰਨ ਕਿਸਾਨਾਂ ਦਾ ਨੁਕਸਾਨ ਹੋਇਆ ਹੈ। ਜੇਕਰ ਸਮਾਂ ਰਹਿੰਦਿਆਂ ਸਫਾਈ ਦਾ ਕੰਮ ਮੁਕੰਮਲ ਹੁੰਦਾ ਤਾਂ ਅੱਜ ਇਹ ਹਾਲਾਤ ਨਹੀਂ ਹੋਣੇ ਸਨ। ਕਿਸਾਨਾਂ ਨੇ ਦੱਸਿਆ ਕਿ 20 ਕਿੱਲੇ ਝੋਨੇ ਦੀ ਫਸਲ ਬਿਲਕੁਲ ਖਤਮ ਹੋ ਚੁੱਕੀ ਹੈ ਅਤੇ ਬਾਕੀਆਂ ਵਿੱਚ 50 ਤੋਂ 60 ਫੀਸਦੀ ਨੁਕਸਾਨ ਹੈ। ਖੇਤਾਂ ਵਿੱਚ 90 ਮਣ ਪ੍ਰਤੀ ਏਕੜ ਝੋਨਾ ਨਿਕਲਦਾ ਸੀ ਜੋ ਸਿਰਫ 30-40 ਮਣ ਤੱਕ ਹੀ ਰਹਿ ਜਾਵੇਗਾ। ਇੱਕ ਪੀੜਿਤ ਕਿਸਾਨ ਨੇ ਦੱਸਿਆ ਕਿ ਉਸ ਨੇ ਸਾਢੇ ਤਿੰਨ ਏਕੜ ਜ਼ਮੀਨ 84 ਲੱਖ ਰੁਪਏ ਪ੍ਰਤੀ ਸਾਲ ਠੇਕੇ ’ਤੇ ਲਈ ਸੀ ਹੁਣ ਤੱਕ ਲਵਾਈ, ਕੱਦੂ, ਖਾਦ ਤੇ ਸਪਰੇਅ ਲਾ ਕੇ ਇਕ ਲੱਖ ਰੁਪਏ ਤੋਂ ਉੱਪਰ ਖਰਚਾ ਹੋ ਚੁੱਕਿਆ ਹੈ। ਫ਼ਸਲ ਵਿਕਣ ’ਤੇ ਕਿਸ਼ਤਾਂ ਭਰਨੀਆਂ ਸਨ ਅਤੇ ਘਰ ਦੀ ਮੁਰੰਮਤ ਕਰਵਾਉਣ ਸੀ ਪਰ ਹੁਣ ਆਸਾਂ ’ਤੇ ਪਾਣੀ ਫਿਰ ਗਿਆ। ਲਹਿਰਾ ਲਿੰਕ ਤੇ ਲਹਿਰਾ ਮੇਨ ਡਰੇਨ ਦੀ ਸਫਾਈ ਅਗਸਤ ਮਹੀਨੇ ਤੱਕ ਵੀ ਨਹੀਂ ਹੋਈ ਸੀ ਜੋ ਕਿ ਮਈ ਦੇ ਅਖੀਰ ਤੱਕ ਕੀਤੀ ਜਾਣੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਨਿਗੂਣਾ ਮੁਆਵਜ਼ਾ ਪ੍ਰਤੀ ਏਕੜ ਐਲਾਨਿਆ ਹੈ। ਘੱਟੋ-ਘੱਟ ਲੱਖ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਵੇ ਤੇ ਡਰੇਨਾਂ ਦੀ ਸਫ਼ਾਈ ਨਾ ਕਰਵਾਉਣ ਵਾਲੇ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਤੇ ਤਨਖਾਹਾਂ ਕੱਟ ਕੇ ਪੀੜਤ ਕਿਸਾਨਾਂ ਨੂੰ ਦਿੱਤੀਆਂ ਜਾਣ।