ਬਾਲੀਆਂ ਤੇ ਮੂਲੋਵਾਲ ਵਿੱਚ ਜਲ ਸਪਲਾਈ ਪ੍ਰਾਜੈਕਟ ਸ਼ੁਰੂ
ਵਿਧਾਨ ਸਭਾ ਹਲਕਾ ਧੂਰੀ ਦੇ ਪਿੰਡ ਬਾਲੀਆਂ ਅਤੇ ਮੂਲੋਵਾਲ ਵਿੱਚ ਲੋਕਾਂ ਨੂੰ ਸ਼ੁੱਧ ਤੇ ਸਾਫ਼ ਪਾਣੀ ਮੁਹੱਈਆ ਕਰਵਾਉਣ ਲਈ 3.69 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਜਲ ਸਪਲਾਈ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ ਗਈ। ਦੋਵੇਂ ਕੰਮਾਂ ਦੀ ਸ਼ੁਰੂਆਤ ਮੁੱਖ ਮੰਤਰੀ ਦੇ ਓ ਐੱਸ ਡੀ ਸੁਖਵੀਰ ਸਿੰਘ ਅਤੇ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਦੇ ਚੇਅਰਮੈਨ ਦਲਵੀਰ ਸਿੰਘ ਢਿੱਲੋਂ ਨੇ ਕਰਵਾਈ। ਓ ਐੱਸ ਡੀ ਸੁਖਵੀਰ ਸਿੰਘ ਅਤੇ ਦਲਵੀਰ ਸਿੰਘ ਢਿੱਲੋਂ ਨੇ ਦੱਸਿਆ ਕਿ ਭਾਵੇਂਕਿ ਇਨ੍ਹਾਂ ਦੋਵਾਂ ਪਿੰਡਾਂ ਵਿੱਚ ਸ਼ੁੱਧ ਪੀਣ ਵਾਲੇ ਪਾਣੀ ਦੀ ਸਹੂਲਤ ਤਾਂ ਪਹਿਲਾਂ ਹੀ ਸੀ ਪਰ ਹੁਣ ਇਨ੍ਹਾਂ ਦਾ ਦਾਇਰਾ ਹੋਰ ਵਧਾਉਣ ਦੇ ਨਾਲ ਨਾਲ ਵਿਕਸਤ ਕੀਤਾ ਜਾ ਰਿਹਾ ਹੈ ਜਿਸ ਉਪਰੰਤ ਦੋਵੇਂ ਪਿੰਡਾਂ ਦੇ 1350 ਤੋਂ ਵਧੇਰੇ ਘਰਾਂ ਨੂੰ ਨਵੇਂ ਪਾਣੀ ਦੇ ਕੁਨੈਕਸ਼ਨ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਪਿੰਡ ਬਾਲੀਆਂ ਵਿੱਚ 2.17 ਕਰੋੜ ਰੁਪਏ ਦੀ ਲਾਗਤ ਨਾਲ 11 ਕਿਲੋਮੀਟਰ ਲੰਮੀ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ 200 ਮੀਟਰ 2 ਡੂੰਘੇ ਟਿਊਬਵੈੱਲ ਲਗਾਏ ਜਾ ਰਹੇ ਹਨ। ਇਸੇ ਤਰ੍ਹਾਂ ਪਿੰਡ ਮੂਲੋਵਾਲ ਵਿੱਚ ਵੀ 1.52 ਕਰੋੜ ਰੁਪਏ ਦੀ ਲਾਗਤ ਨਾਲ 11 ਕਿਲੋਮੀਟਰ ਲੰਮੀ ਪਾਈਪਲਾਈਨ ਪਾਈ ਜਾ ਰਹੀ ਹੈ ਅਤੇ 150 ਮੀਟਰ ਡੂੰਘੇ ਟਿਊਬਵੈੱਲ ਲਗਾਏ ਜਾ ਰਹੇ ਹਨ। ਦੋਵੇਂ ਪਿੰਡਾਂ ਵਿੱਚ ਨਵੀਆਂ ਪਾਣੀ ਦੀਆਂ ਟੈਂਕੀਆਂ ਵੀ ਉਸਾਰੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਹ ਦੋਵੇਂ ਪ੍ਰਾਜੈਕਟ ਇੱਕ ਸਾਲ ਵਿੱਚ ਮੁਕੰਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨੂੰ ਬੁਨਿਆਦੀ ਸਹੂਲਤਾਂ ਦੇਣ ਲਈ ਵਚਨਬੱਧ ਹੈ।