ਵਾਟਰ ਸਪਲਾਈ ਤੇ ਸੀਵਰੇਜ ਬੋਰਡ ਯੂਨੀਅਨ ਵੱਲੋਂ ਚੀਮਾ ਨਾਲ ਮੀਟਿੰਗ
ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਐਂਪਲਾਈਜ਼ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੂਬਾਈ ਵਫ਼ਦ ਵੱਲੋਂ ਕੈਬਨਿਟ ਸਬ-ਕਮੇਟੀ ਦੇ ਚੇਅਰਮੈਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ ਗਈ ਜਿਸ ਵਿੱਚ ਮੰਗਾਂ ਬਾਰੇ ਕਰੀਬ ਅੱਧਾ-ਘੰਟਾ ਵਿਚਾਰ-ਚਰਚਾ ਕੀਤੀ ਗਈ। ਇਥੇ ਇਹ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸ਼ੇਰ ਸਿੰਘ ਖੰਨਾ ਨੇ ਦੱਸਿਆ ਕਿ ਵਫਦ ਵਿਚ ਗੁਰਵਿੰਦਰ ਸਿੰਘ ਧਾਲੀਵਾਲ ਅਤੇ ਗਗਨਦੀਪ ਸਿੰਘ ਸੁਨਾਮ ਆਦਿ ਆਗੂ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਥੇਬੰਦੀ ਨਾਲ ਤਕਰੀਬਨ ਅੱਧਾ ਘੰਟਾ ਚੱਲੀ ਮੀਟਿੰਗ ਦੌਰਾਨ ਕਿਹਾ ਕਿ ਸਬ ਕਮੇਟੀ ਵੱਲੋਂ ਇਨ੍ਹਾਂ ਦਾ ਸਬੰਧਤ ਵਿਭਾਗ ਸੀਵਰੇਜ ਬੋਰਡ ਦੇ ਨਾਲ ਪਰਸੋਨਲ ਵਿਭਾਗ, ਵਿੱਤ ਵਿਭਾਗ ਅਤੇ ਯੋਜਨਾ,ਕਿਰਤ ਵਿਭਾਗ ਆਦਿ ਨਾਲ ਮੀਟਿੰਗਾ ਕਰਨ ਤੋਂ ਬਾਅਦ ਪਾਲਿਸੀ ਅਮਲ ਵਿੱਚ ਲਿਆਂਦੀ ਜਾਵੇਗੀ। ਇਸ ਤੋਂ ਪਹਿਲਾਂ ਵੀ ਮੁੱਖ ਕਾਰਜਕਾਰੀ ਅਫਸਰ ਦੀਪਤੀ ਉੱਪਲ ਅਤੇ ਸਾਰੇ ਅਧਿਕਾਰੀਆਂ ਵਲੋਂ ਪੂਰੇ ਪੰਜਾਬ ਦੇ ਵਿੱਚ ਠੇਕੇਦਾਰਾਂ ਸੁਸਾਇਟੀਆਂ ਤੇ ਕੰਪਨੀਆਂ ਰਾਹੀਂ ਰੱਖੇ ਮੁਲਜ਼ਮਾਂ ਦੀਆਂ ਹੁਣ ਫਿਰ ਤੋਂ ਸੂਚੀਆਂ ਮੰਗੀਆਂ ਗਈਆਂ ਹਨ। ਇਸ ਤੋਂ ਪਹਿਲਾਂ ਵੀ 2018 ਵਿੱਚ ਇਸ ਜਥੇਬੰਦੀ ਵੱਲੋਂ ਪੂਰੇ ਪੰਜਾਬ ਵਿੱਚੋਂ ਸੂਚੀਆਂ ਭੇਜੀਆਂ ਗਈਆਂ ਸਨ। ਉਨ੍ਹਾਂ ਕਿਹਾ ਜਿਵੇਂ ਹੁਣ ਸਥਾਨਕ ਸਰਕਾਰਾਂ ਵਿਭਾਗ ਦੇ ਵਿੱਚ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਿੱਧਾ ਵਿਭਾਗ ਵਿਚ ਕੀਤਾ ਜਾ ਰਿਹਾ ਹੈ। ਉਸੇ ਤਰ੍ਹਾਂ ਸੀਵਰੇਜ ਬੋਰਡ ਦੇ ਵਿੱਚ ਪੰਪ ਅਪਰੇਟਰ, ਫਿਟਰ, ਮਾਲੀ ਕੰਮ/ਚੌਕੀਦਾਰ ਡਰਾਈਵਰ, ਬਿੱਲ ਕਲਰਕ, ਬਿੱਲ ਡਿਸਟਰੀਬਿਊਟਰ, ਬੇਲਦਾਰ ਆਦਿ ਅਸਾਮੀਆਂ ’ਤੇ ਕੰਮ ਕਰਦੇ ਮੁਲਜ਼ਮਾਂ ਨੂੰ ਸੀਵਰੇਜ ਬੋਰਡ ਵਿੱਚ ਮਰਜ ਕਰਨ ਲਈ ਤਜਵੀਜ਼ ਬਣਾਈ ਜਾ ਰਹੀ ਹੈ । ਸਬ ਕਮੇਟੀ ਦੇ ਚੇਅਰਮੈਨ ਹਰਪਾਲ ਚੀਮਾ ਨੇ ਕਿਹਾ ਇਸ ਜਥੇਬੰਦੀ ਦੇ ਆਗੂਆਂ ਨੂੰ 6 ਅਗਸਤ ਦੀ ਪੰਜਾਬ ਭਵਨ ਚੰਡੀਗੜ੍ਹ ਵਿੱਚ ਮੀਟਿੰਗ ਲਈ ਸੱਦਾ ਭੇਜਿਆ ਜਾਵੇਗਾ। ਇਸ ਮੌਕੇ ਆਈਏਐੱਸ ਦੀਪਤੀ ਉੱਪਲ ਤੇ ਤਕਨੀਕੀ ਸਲਾਹਕਾਰ ਮੁਕੇਸ਼ ਗਰਗ ਆਦਿ ਹਾਜ਼ਰ ਸਨ।