ਜਲ ਸਰੋਤ ਮੰਤਰੀ ਵੱਲੋਂ ਨੌਂ ਕਰੋੜ ਨਾਲ ਬਣਨ ਵਾਲੇ ਪ੍ਰਾਜੈਕਟਾਂ ਦਾ ਨੀਂਹ ਪੱਥਰ
ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਹਲਕੇ ਵਿੱਚ ਲਗਪਗ 9 ਕਰੋੜ ਰੁਪਏ ਦੀ ਲਾਗਤ ਨਾਲ ਕਰਵਾਏ ਜਾਣ ਵਾਲੇ ਵਿਕਾਸ ਪ੍ਰਾਜੈਕਟਾਂ ਦਾ ਨੀਂਹ ਰੱਖਿਆ। ਇਸ ਦੌਰਾਨ ਸ੍ਰੀ ਗੋਇਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਕਾਸ ਲਈ ਦਿਨ-ਰਾਤ ਇੱਕ ਕਰ ਰਹੀ ਹੈ। ਇਸੇ ਲੜੀ ਤਹਿਤ ਵਿਧਾਨ ਸਭਾ ਹਲਕਾ ਲਹਿਰਾਗਾਗਾ ’ਚ ਵਿਕਾਸ ਕਾਰਜ ਜੰਗੀ ਪੱਧਰ ’ਤੇ ਜਾਰੀ ਹਨ ਤੇ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਜਾਣਕਾਰੀ ਅਨੁਸਾਰ ਕੈਬਨਿਟ ਮੰਤਰੀ ਗੋਇਲ ਨੇ ਪਿੰਡ ਗੁਰਨੇ ਕਲਾਂ ਅਤੇ ਲਹਿਲ ਕਲਾਂ ਦੀਆਂ ਸੜਕਾਂ ਦੀ ਲਗਪਗ 4 ਕਰੋੜ ਰੁਪਏ ਨਾਲ ਕਾਇਆਕਲਪ ਕਰਨ ਅਤੇ ਖਨੌਰੀ ਤੇ ਮੂਣਕ ਵਿੱਚ ਕਰੀਬ 5 ਕਰੋੜ ਦੀ ਲਾਗਤ ਨਾਲ ਪੀਣ ਲਈ ਟਰੀਟ ਕੀਤਾ ਨਹਿਰੀ ਪਾਣੀ ਘਰ-ਘਰ ਪੁੱਜਦਾ ਕਰਨ ਹਿੱਤ ਪਾਈਪਲਾਈਨਾਂ ਪਾਉਣ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕਰਵਾਈ।
ਇਸ ਦੇ ਨਾਲ ਹੀ ਬਰਿੰਦਰ ਗੋਇਲ ਨੇ ਪਿੰਡ ਲਹਿਲ ਕਲਾਂ ਵਿੱਚ ਲਹਿਲ ਕਲਾਂ ਤੋਂ ਭੁਟਾਲ ਖੁਰਦ ਤੱਕ ਦੀ ਲਗਪਗ 3.5 ਕਿਲੋਮੀਟਰ ਸੜਕ ਦੀ ਕਰੀਬ 1 ਕਰੋੜ 88 ਲੱਖ ਰੁਪਏ ਦੀ ਲਾਗਤ 10 ਫੁੱਟ ਤੋਂ 18 ਫੁੱਟ ਕਰ ਕੇ ਨਵੀਨੀਕਰਨ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ-ਨਾਲ 60 ਲੱਖ ਰੁਪਏ ਦੀ ਲਾਗਤ ਪਿੰਡ ਲਹਿਲ ਕਲਾਂ ਦੀਆਂ ਹੋਰਨਾਂ ਸੜਕਾਂ ਦੀ ਕਾਇਆ ਕਲਪ ਦੇ ਕੰਮ ਦੀ ਸ਼ੁਰੂਆਤ ਵੀ ਕਰਵਾਈ ਗਈ ਹੈ। ਇਸ ਮੌਕੇ ਮੀਡੀਆ ਵੱਲੋਂ ਪੰਜਾਬ ਦੇ ਦਰਿਆਈ ਪਾਣੀਆਂ ਅਤੇ ਸੰਭਾਵੀ ਹੜ੍ਹਾਂ ਦੀ ਰੋਕਥਾਮ ਸਬੰਧੀ ਪੁੱਛੇ ਸਵਾਲ ਦੇ ਜਵਾਬ ਵਿੱਚ ਕੈਬਨਿਟ ਮੰਤਰੀ ਨੇ ਕਿਹਾ ਕਿ ਇਹ ਪੰਜਾਬ ਦੀ ਤ੍ਰਾਸਦੀ ਹੈ ਕਿ ਪੰਜਾਬ ਦੇ ਦਰਿਆਈ ਪਾਣੀ ਹੋਰ ਸੂਬੇ ਵਰਤਦੇ ਹਨ ਤੇ ਹੜ੍ਹਾਂ ਦੀ ਮਾਰ ਸਿਰਫ਼ ਪੰਜਾਬ ਝੱਲਦਾ ਹੈ। ਪੰਜਾਬ ਸਰਕਾਰ ਪੰਜਾਬ ਦੇ ਪਾਣੀਆਂ ਦੀ ਡੱਟ ਕੇ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਇਹ ਵੀ ਗੱਲ ਆਖੀ ਕਿ ਕੇਂਦਰ ਸਰਕਾਰ ਆਪਣੇ ਆਖੇ ਮੁਤਾਬਕ ਸਿੰਧ ਜਲ ਸੰਧੀ ਰੱਦ ਕਰਨ ਦੀ ਗੱਲ ’ਤੇ ਕਾਇਮ ਰਹੇ ਅਤੇ ਸਿੰਧ ਜਲ ਸੰਧੀ ਨਾਲ ਸਬੰਧਤ ਦਰਿਆਵਾਂ ਦਾ ਪਾਣੀ ਪੰਜਾਬ ਨੂੰ ਮਿਲੇ ਅਤੇ ਪੰਜਾਬ ਦੀ ਲੋੜ ਪੂਰਤੀ ਉਪਰੰਤ ਵਾਧੂ ਪਾਣੀ ਹਰਿਆਣਾ ਨੂੰ ਦਿੱਤਾ ਜਾਵੇ, ਜਿਸ ਨਾਲ ਦੋਵੇਂ ਸੂਬਿਆਂ ਦੇ ਕਿਸਾਨ ਖੁਸ਼ਹਾਲ ਹੋਣਗੇ। ਸ੍ਰੀ ਗੋਇਲ ਨੇ ਦੱਸਿਆ ਕਿ ਸੂਬੇ ਵਿੱਚ ਮੌਜੂਦਾ ਸਰਕਾਰ ਬਣਨ ਤੱਕ ਪੰਜਾਬ ਦੇ ਹਿੱਸੇ ਦਾ ਤੀਜਾ ਹਿੱਸਾ ਪਾਣੀ ਵਰਤਿਆ ਹੀ ਨਹੀਂ ਜਾ ਰਿਹਾ ਸੀ ਕਿਉਂਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੇ ਨਹਿਰੀ ਪ੍ਰਬੰਧ ਨੂੰ ਠੀਕ ਕਰਨ ਵੱਲ ਧਿਆਨ ਨਹੀਂ ਦਿੱਤਾ ਸੀ ਪਰ ਮੌਜੂਦਾ ਸਰਕਾਰ ਦੇ ਯਤਨਾਂ ਸਦਕਾ ਨਹਿਰੀ ਪਾਣੀ ਦੀ ਵਰਤੋਂ 62 ਫ਼ੀਸਦ ਤੋਂ 86 ਫ਼ੀਸਦ ਤਕ ਪੁੱਜ ਗਈ ਹੈ। ਇਸ ਮੌਕੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਹਲਕੇ ਦੇ ਵੱਡੀ ਗਿਣਤੀ ਪਿੰਡਾਂ ਵਿੱਚ ਨਹਿਰੀ ਪਾਣੀ ਦੀਆਂ ਪਾਈਪ ਲਾਈਨਾਂ ਪਾਉਣ ਦਾ ਕੰਮ ਜੰਗੀ ਪੱਧਰ ’ਤੇ ਜਾਰੀ ਹੈ, ਜਿਸ ਨਾਲ ਹਲਕੇ ਦੇ ਵੱਡੇ ਖੇਤਰ ਨੂੰ ਨਹਿਰੀ ਪਾਣੀ ਦੀ ਸਹੂਲਤ ਮਿਲੇਗੀ।
ਸੂਬੇ ਨੂੰ ਹੜ੍ਹਾਂ ਦੀ ਮਾਰ ਤੋਂ ਬਚਾਉਣ ਲਈ ਪੁਖਤਾ ਪ੍ਰਬੰਧਾਂ ਦਾ ਦਾਅਵਾ
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਦਰਿਆਵਾਂ ’ਚ ਪਾਣੀ ਦੇ ਪੱਧਰ ਦੀ ਨਿਗਰਾਨੀ ਲਗਾਤਾਰ ਕੀਤੀ ਜਾ ਰਹੀ ਹੈ। ਹੜ੍ਹਾਂ ਦੀ ਰੋਕਥਾਮ ਲਈ ਪੰਜਾਬ ਸਰਕਾਰ ਵੱਲੋਂ ਦਰਿਆਵਾਂ ਦੇ ਕੰਢੇ ਚੌੜੇ ਤੇ ਮਜ਼ਬੂਤ ਕੀਤੇ ਗਏ ਹਨ, ਜਿਸ ਨਾਲ ਇਕ ਤਾਂ ਪਾੜ ਪੈਣ ਦੀ ਸੰਭਾਵਨਾ ਬਹੁਤ ਘੱਟ ਗਈ ਹੈ, ਦੂਜਾ ਜੇਕਰ ਲੋੜ ਪੈਂਦੀ ਹੈ ਤਾਂ ਦਰਿਆਵਾਂ ਦੇ ਕੰਢੇ ’ਤੇ ਮਸ਼ੀਨਰੀ ਸੌਖੇ ਤਰੀਕੇ ਨਾਲ ਚੱਲ ਸਕਦੀ ਹੈ। ਪ੍ਰਸ਼ਾਸਨ ਵੱਲੋਂ ਰੇਤੇ ਦੇ ਲੋੜੀਂਦੇ ਗੱਟੇ ਤਿਆਰ ਰੱਖੇ ਗਏ ਹਨ। ਇਸ ਦੇ ਨਾਲ-ਨਾਲ ਲੋਹੇ ਦੇ ਜਾਲਾਂ ਦਾ ਵੀ ਪੂਰਾ ਪ੍ਰਬੰਧ ਕੀਤਾ ਗਿਆ ਹੈ। ਸੂਬੇ ਵਿੱਚ ਵੱਖੋ-ਵੱਖ ਕੰਟਰੋਲ ਰੂਮ ਸਥਾਪਤ ਕੀਤੇ ਜਾ ਚੁੱਕੇ ਹਨ।