ਨਾਲੇ ਦੀ ਸਫ਼ਾਈ ਨਾ ਹੋਣ ਕਾਰਨ ਖੇਤਾਂ ’ਚ ਪਾਣੀ ਦਾਖ਼ਲ
ਇੱਥੋਂ ਨੇੜਲੇ ਪਿੰਡ ਭੱਟੀਵਾਲ ਖੁਰਦ ਦੇ ਖੇਤਾਂ ਵਿੱਚੋਂ ਲੰਘਦੇ ਬਰਸਾਤੀ ਨਾਲੇ ਦੀ ਸਫਾਈ ਨਾ ਹੋਣ ਕਾਰਨ ਮੀਂਹ ਦਾ ਪਾਣੀ ਖੇਤਾਂ ਵਿੱਚ ਭਰ ਗਿਆ ਹੈ ਤੇ ਝੋਨੇ ਦੀ ਫਸਲ ਡੁੱਬ ਗਈ ਹੈ। ਇਸ ਸਬੰਧੀ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਸੀਨੀਅਰ ਮੀਤ ਪ੍ਰਧਾਨ ਗੁਰਮੀਤ ਸਿੰਘ ਭੱਟੀਵਾਲ ਅਤੇ ਸਾਬਕਾ ਸਰਪੰਚ ਧਨਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਥੰਮ੍ਹਣ ਸਿੰਘ ਵਾਲਾ ਅਤੇ ਫਤਿਹਗੜ੍ਹ ਛੰਨਾਂ ਤੋਂ ਆਉਂਦੇ ਬਰਸਾਤੀ ਨਾਲੇ ਦੀ ਮਹਿਕਮੇ ਵੱਲੋਂ ਬਿਲਕੁਲ ਸਫ਼ਾਈ ਨਹੀਂ ਕੀਤੀ ਗਈ ਜਿਸ ਕਾਰਨ ਇਹ ਨਾਲਾ ਜਲ ਬੂਟੀ ਅਤੇ ਘਾਹ ਫੂਸ ਨਾਲ ਭਰਿਆ ਪਿਆ ਹੈ। ਉਨ੍ਹਾਂ ਦੱਸਿਆ ਕਿ ਸਫ਼ਾਈ ਨਾ ਹੋਣ ਕਾਰਨ ਪਿਛਲੇ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਦਾ ਪਾਣੀ ਦਾ ਨਿਕਾਸ ਨਹੀਂ ਹੋ ਰਿਹਾ ਅਤੇ ਨਾਲੇ ਦਾ ਪਾਣੀ ਓਵਰਫਲੋਅ ਹੋ ਕੇ ਖੇਤਾਂ ਵਿੱਚ ਭਰ ਗਿਆ। ਇਸ ਪਾਣੀ ਨਾਲ ਕਿਸਾਨਾਂ ਦੇ ਝੋਨੇ ਦੀ ਫ਼ਸਲ ਦਾ ਭਾਰੀ ਨੁਕਸਾਨ ਹੋ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਕਿ ਇਸ ਨਾਲ਼ੇ ਵਿੱਚ ਪਿੰਡ ਫਤਿਹਗੜ੍ਹ ਛੰਨਾਂ ਦੇ ਪਿੰਡ ਦੇ ਸੀਵਰੇਜ਼ ਦਾ ਗੰਦਾ ਪਾਣੀ ਵੀ ਪੈ ਰਿਹਾ ਹੈ,ਜੋ ਕਿ ਫਸਲਾਂ ਦੇ ਨੁਕਸਾਨ ਤੋਂ ਇਲਾਵਾ ਜ਼ਮੀਨ ਦੀ ਉਪਜਾਊ ਸ਼ਕਤੀ ਨੂੰ ਖਤਮ ਕਰ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਨਾਲੇ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ ਅਤੇ ਨਾਲ਼ੇ ਵਿੱਚ ਪੈ ਰਿਹਾ ਸੀਵਰੇਜ ਦਾ ਪਾਣੀ ਬੰਦ ਕੀਤਾ ਜਾਵੇ।