ਯੁੱਧ ਨਸ਼ਿਆਂ ਵਿਰੁੱਧ: ਨਾਟਕ ‘ਇਹ ਕੈਸੀ ਰੁੱਤ ਆਈ ਵੇ ਲੋਕੋ’ ਖੇਡਿਆ
ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਸ਼ੁਰੂ ਕੀਤੀ ਗਈ ਮੁਹਿੰਮ ‘ਯੁੱਧ ਨਸ਼ਿਆਂ ਵਿਰੁੱਧ’ ਤਹਿਤ ਪਿੰਡਾਂ ਦੇ ਨੌਜਵਾਨਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ। ਇਸ ਸਬੰਧੀ ਯੁਵਕ ਸੇਵਾਵਾਂ ਵਿਭਾਗ ਪੰਜਾਬ ਵੱਲੋਂ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਸੰਗਰੂਰ ਅਰੁਣ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਯੁਵਕ ਸੇਵਾਵਾਂ ਕਲੱਬ ਦੇ ਸਹਿਯੋਗ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਲਾਂ ਵਿੱਚ ਨਸ਼ਿਆਂ ਵਿਰੁੱਧ ਨੁੱਕੜ ਨਾਟਕ ‘‘ਇਹ ਕੈਸੀ ਰੁੱਤ ਆਈ ਵੇ ਲੋਕੋ’’ ਖੇਡਿਆ ਗਿਆ। ਇਸ ਨਾਟਕ ਦੌਰਾਨ ਸਕੂਲ ਦੇ ਵਿਦਿਆਰਥੀਆਂ ਅਤੇ ਪਿੰਡ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਨਾਟਕ ਦੌਰਾਨ ਜਿੱਥੇ ਇੱਕ ਨੌਜਵਾਨ ਸਿਆਸੀ ਸਰਪ੍ਰਸਤੀ ਵਿੱਚ ਨਸ਼ਿਆਂ ਦੀ ਗ੍ਰਿਫਤ ਦੇ ਵਿੱਚ ਆ ਜਾਂਦਾ ਹੈ ਅਤੇ ਉਹ ਆਪਣਾ ਸਾਰਾ ਕੁੱਝ ਜ਼ਮੀਨ ਜਾਇਦਾਦ ਵੇਚ ਦਿੰਦਾ ਅਤੇ ਨਾਲ ਹੀ ਉਹ ਆਪਣੀ ਪਤਨੀ ਦੇ ਗਰਭ ਵਿੱਚ ਪਲ ਰਹੀ ਕੰਨਿਆ ਦੀ ਵੀ ਹੱਤਿਆ ਕਰਾਉਣੀਂ ਚਾਹੁੰਦਾ ਹੈ ਪਰ ਉਸਦੇ ਦਾਦੇ ਵੱਲੋਂ ਇਸ ਭਰੂਣ ਹੱਤਿਆ ਨੂੰ ਰੋਕ ਦਿੱਤਾ ਜਾਂਦਾ ਹੈ ਜੋ ਕਿ ਬਾਅਦ ਵਿੱਚ ਚੰਗੇ ਨੰਬਰ ਹਾਸਲ ਕਰਕੇ ਪਰਿਵਾਰ ਦਾ ਨਾਮ ਰੌਸ਼ਨ ਕਰਦੀ ਹੈ। ਇਸ ਮੌਕੇ ਸਕੂਲ ਪ੍ਰਿੰਸੀਪਲ ਨਵਰਾਜ ਕੌਰ ਅਤੇ ਰਾਜੇਸ਼ ਕੁਮਾਰ ਨੇ ਨੌਜਵਾਨ ਵਿਦਿਆਰਥੀਆਂ ਨੂੰ ਨਸ਼ਿਆਂ ਤੋਂ ਬਚ ਕੇ ਸਮਾਜ ਸੇਵਾ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਰਪੰਚ ਰਵਿੰਦਰ ਸਿੰਘ ਮਾਨ, ਗੁਰਦੀਪ ਸਿੰਘ ਸਰਪੰਚ ਮਾਡਲ ਟਾਊਨ, ਮੇਜਰ ਸਿੰਘ, ਰਜਿੰਦਰ ਸਿੰਘ, ਜੋਗਿੰਦਰ ਸਿੰਘ ਤੇ ਜਰਨੈਲ ਸਿੰਘ ਆਦਿ ਮੌਜੂਦ ਸਨ ਇਸ ਮੌਕੇ ਸਮੂਹ ਪਤਵੰਤੇ ਸੱਜਣਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।