ਯੁੱਧ ਨਸ਼ਿਆਂ ਵਿਰੁੱਧ: ਨਟਾਸ ਵੱਲੋਂ ਜਾਗਰੂਕਤਾ ਨਾਟਕ ਮੇਲਾ ਸ਼ੁਰੂ
ਪਟਿਆਲਾ, 26 ਮਈ
ਨੈਸ਼ਨਲ ਥੀਏਟਰ ਆਰਟਸ ਸੋਸਾਇਟੀ (ਨਟਾਸ) ਪਦਮਸ੍ਰੀ ਪ੍ਰਾਣ ਸਭਰਵਾਲ ਤੇ ਸੁਨੀਤਾ ਸਭਰਵਾਲ ਵੱਲੋਂ ਆਰੰਭੀ ‘ਯੁੱਧ ਨਸ਼ਿਆਂ ਵਿਰੁੱਧ’ ਜਾਗਰੂਕਤਾ ਥੀਏਟਰ ਮੁਹਿੰਮ ਤਹਿਤ 12ਵਾਂ ਸਫਲ ਨਾਟਕ ਮੇਲਾ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਸਿਵਲ ਲਾਈਨਜ਼ ਵਿੱਚ ਪ੍ਰਿੰਸੀਪਲ ਸੀਮਾ ਉੱਪਲ ਦੀ ਰਹਿਨੁਮਾਈ ਹੇਠ ਸਾਹਿਤਕਾਰ ਬੀਐੱਸ ਰਤਨ ਆਈਆਰਐੱਸ ਸਾਬਕਾ ਇਨਕਮ ਟੈਕਸ ਕਮਿਸ਼ਨਰ ਭਾਰਤ ਸਰਕਾਰ ਅਤੇ ਉੱਦਮੀ ਸਹਿਜਦੀਪ ਸਿੰਘ ਐੱਮਡੀ ਜੱਗੀ ਸਵੀਟਸ ਪ੍ਰਾਈਵੇਟ ਦੇ ਸਹਿਯੋਗ ਨਾਲ ਕੀਤਾ ਗਿਆ। ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਥੇੜ੍ਹੀ ਦੀ ਉੱਦਮੀ ਪ੍ਰਿੰਸੀਪਲ ਪੂਜਾ ਗੁਪਤਾ ਅਤੇ ਨਾਮਵਰ ਸ਼ਖ਼ਸੀਅਤਾਂ ਵਿਸ਼ਵ ਗਲੋਬਲ ਚਿੰਤਕ ਐਵਾਰਡੀ ਡਾ: ਸਵਰਾਜ ਸਿੰਘ, ਸਤੀਸ਼ ਚੰਦਰ ਬਰਾਂਚ ਮੈਨੇਜਰ ਐਸਬੀਆਈ ਥੇੜ੍ਹੀ ਬਰਾਂਚ ਅਤੇ ਗੌਰਵ ਚੌਹਾਨ ਐਮਡੀ ਮਾਂ ਲਕਸ਼ਮੀ ਜਿਊਲਰਜ਼ ਦੇ ਸਹਿਯੋਗ ਨਾਲ ਪੇਸ਼ 13ਵਾਂ ਨਾਟਕ ਮੇਲੇ ਨੇ ਵਾਹ ਵਾਹ ਖੱਟੀ। ਪੇਸ਼ ਨਾਟਕਾਂ ਅਜਮੇਰ ਸਿੰਘ ਔਲਖ ਦੀ ‘ਸੁੱਕੀ ਕੁੱਖ’ , ‘ਅਵੇਸਲੇ ਯੁੱਧਾਂ ਦੀ ਨਾਇਕਾ’ ਅਤੇ ‘ਵਾਤਾਵਰਣ ਸੰਭਾਲ’ , ‘ਸਵੱਛਤਾ ਅਭਿਆਨ’, ‘ਪਾਣੀ ਹੈ ਤੇ ਪ੍ਰਾਣੀ ਹੈ’, ‘ਬਿਰਖ ਉਗਾਓ- ਬਿਰਖ ਬਚਾਓ’, ‘ਖੇਤਾਂ ਚ ਸ਼ੌਚ ਨਹੀਂ’ ਅਤੇ ਗੀਤ ਸੰਗੀਤ ਵਿੱਚ ਭਾਗ ਲੈਣ ਵਾਲੇ ਨਾਮੀ ਕਲਾਕਾਰਾਂ ਗਾਇਕ, ਕੰਮਪੋਜਰ-ਅਦਾਕਾਰ ਗਿੱਲ ਦੀਪ (ਟਿੱਮੀ), ਸੁਭਾਸ਼ ਭਗਤ, ਪਰਮਜੀਤ ਕੌਰ, ਸਿਮਰਨਜੀਤ ਕੌਰ ਸਰਨਾ, ਬਲਜੀਤ ਚੰਦ, ਬਲਵਿੰਦਰ ਸਿੰਘ, ਟੈਕਨੀਕਲ ਅਤੇ ਪ੍ਰਬੰਧਕੀ ਟੀਮ ਨੂੰ ਭਰਵਾਂ ਹੁੰਗਾਰਾ ਮਿਲਿਆ। ਨਟਾਸ ਵੱਲੋਂ ਉਪਰੋਕਤ ਹਸਤੀਆਂ ਨੂੰ ‘ਸਾਹਿਤ-ਕਲਾ ਸਰਪ੍ਰਸਤ ਅਵਾਰਡ ਆਫ਼ ਆਨਰ’, ਮੋਮੈਂਟੋ, ਸ਼ਾਲ, ਬੁੱਕੇ ਅਤੇ ਉਪਹਾਰ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਨਟਾਸ ਪ੍ਰਧਾਨ ਜੀਐਸ ਕੱਕੜ ਨੇ ਉਪਰੋਕਤ ਸ਼ਖ਼ਸੀਅਤਾਂ, ਕਲਾਕਾਰਾਂ ਵਿਸ਼ੇਸ਼ ਤੌਰ ’ਤੇ ਪਟਿਆਲਾ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਆਈਏਐੱਸ ਵੱਲੋਂ ਮਿਲੀ ਰਹਿਨੁਮਾਈ, ਸਹਿਯੋਗ ਅਤੇ ਸਰਪ੍ਰਸਤੀ ਲਈ ਧੰਨਵਾਦ ਕੀਤਾ।