ਵਕੀਲ ਦੇ ਪਲਾਟ ਅੱਗੇ ਕੰਧ ਦਾ ਵਿਵਾਦ: ਵਕੀਲਾਂ ਨੇ ਵਿੱਤ ਮੰਤਰੀ ਦੀ ਗੱਡੀ ਘੇਰੀ
ਸ਼ਹਿਰ ਦੇ ਇੱਕ ਵਕੀਲ ਦੇ ਪਲਾਟ ਸਾਹਮਣੇ ਕੰਧ ਦੇ ਮਾਮਲੇ ਨੂੰ ਲੈ ਕੇ ਪੈਦਾ ਹੋਏ ਵਿਵਾਦ ਕਾਰਨ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਅਗਵਾਈ ਹੇਠ ਵਕੀਲਾਂ ਵੱਲੋਂ ਹਲਕਾ ਵਿਧਾਇਕ ਅਤੇ ਪੁਲੀਸ ਦੀ ਭੂਮਿਕਾ ਖ਼ਿਲਾਫ਼ ਦਿੱਲੀ-ਲੁਧਿਆਣਾ ਹਾਈਵੇਅ-11 ’ਤੇ ਪੂਨੀਆਂ ਟਾਵਰ ਟੀ-ਪੁਆਇੰਟ ’ਤੇ ਆਵਾਜਾਈ ਠੱਪ ਕਰਕੇ ਧਰਨਾ ਦਿੱਤਾ ਗਿਆ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਰੋਸ ਧਰਨੇ ਦੌਰਾਨ ਵਕੀਲਾਂ ਵਲੋਂ ਨੇੜਿਓਂ ਲੰਘ ਰਹੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੀਆਂ ਗੱਡੀਆਂ ਦੇ ਕਾਫ਼ਲੇ ਨੂੰ ਰੋਕ ਲਿਆ ਅਤੇ ਵਿੱਤ ਮੰਤਰੀ ਦੀ ਗੱਡੀ ਦਾ ਘਿਰਾਓ ਵੀ ਕੀਤਾ ਗਿਆ। ਵਿੱਤ ਮੰਤਰੀ ਨੇ ਗੱਡੀ ਵਿਚੋਂ ਉਤਰ ਕੇ ਵਕੀਲਾਂ ਦੀ ਗੱਲ ਸੁਣੀ ਅਤੇ ਮਸਲੇ ਦੇ ਹੱਲ ਦਾ ਭਰੋਸਾ ਦਿੱਤਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਸੁਖਜਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਵਕੀਲਾਂ ਵਲੋਂ ਸ਼ਹਿਰ ਵਿਚ ਰੋਸ ਮਾਰਚ ਕਰਦਿਆਂ ਪੁਲੀਸ ਥਾਣਾ ਸਿਟੀ ਅੱਗੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਥਾਣਾ ਸਿਟੀ ਇੰਚਾਰਜ ’ਤੇ ਪੱਖਪਾਤੀ ਭੂਮਿਕਾ ਨਿਭਾਉਣ ਦੇ ਦੋਸ਼ ਲਾਉਂਦਿਆਂ ਨਾਅਰੇਬਾਜ਼ੀ ਕੀਤੀ। ਇਸ ਮਗਰੋਂ ਵਕੀਲਾਂ ਵਲੋਂ ਸਟੇਟ ਹਾਈਵੇਅ-11 ਉਪਰ ਆਵਾਜਾਈ ਠੱਪ ਕਰਕੇ ਰੋਸ ਧਰਨਾ ਲਗਾ ਦਿੱਤਾ। ਇਸ ਮੌਕੇ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ ਅਤੇ ਸਕੱਤਰ ਸਿਮਰਜੀਤ ਸਿੰਘ ਬਲੱਗਣ ਨੇ ਕਿਹਾ ਕਿ ਐਸੋਸੀਏਸ਼ਨ ਦੇ ਮੈਂਬਰ ਇੱਕ ਵਕੀਲ ਦਾ ਪਲਾਟ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਦੀ ਰਿਹਾਇਸ਼ ਵਾਲੀ ਗਲੀ ਵਿੱਚ ਸਥਿਤ ਹੈ। ਉਨ੍ਹਾਂ ਦੱਸਿਆ ਕਿ ਪਲਾਟ ਦੇ ਗੇਟ ਨੂੰ ਲੈ ਕੇ ਮਾਮਲਾ ਅਦਾਲਤ ਵਿਚ ਵਿਚਾਰ ਅਧੀਨ ਹੈ ਅਤੇ ਮਾਨਯੋਗ ਅਦਾਲਤ ਵਲੋਂ ਸਟੇਟਸ-ਕੋ ਦੇ ਆਦੇਸ਼ ਦਿੱਤੇ ਹੋਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਕੁਝ ਵਿਅਕਤੀਆਂ ਵਲੋਂ ਪਲਾਟ ਅੱਗੇ ਜਬਰੀ ਕੰਧ ਕੱਢੀ ਜਾ ਰਹੀ ਹੈ। ਇਸ ਸਬੰਧੀ ਉਨ੍ਹਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਕੀਤੀ ਸੀ ਪਰ ਵਕੀਲਾਂ ਦੀ ਮੰਗ ਨੂੰ ਗੰਭੀਰਤਾ ਨਾਲ ਨਹੀਂ ਲਿਆ ਗਿਆ। ਉਨ੍ਹਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕ ਖੁਦ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਮੈਂਬਰ ਹੋਣ ਕਾਰਨ ਵਕੀਲਾਂ ਦੀ ਗੱਲ ਸੁਣਨ ਦੀ ਬਜਾਏ ਕਥਿਤ ਰੂਪ ਵਿਚ ਧੱਕੇਸ਼ਾਹੀ ਕਰਵਾ ਰਹੀ ਹੈ। ਵਕੀਲਾਂ ਨੇ ਮੰਗ ਕੀਤੀ ਕਿ ਥਾਣਾ ਸਿਟੀ ਇੰਚਾਰਜ ਦਾ ਤੁਰੰਤ ਤਬਾਦਲਾ ਕੀਤਾ ਜਾਵੇ, ਅਦਾਲਤ ਦੇ ਹੁਕਮਾਂ ਦੀ ਉਲੰਘਣਾ ਨਾ ਹੋਵੇ, ਸ਼ੋਸ਼ਲ ਮੀਡੀਆ ਤੇ ਵੀਡੀਓ ਅਪਲੋਡ ਕਰਕੇ ਵਕੀਲਾਂ ਦੇ ਅਕਸ ਨੂੰ ਢਾਹ ਲਾਉਣ ਵਾਲੀ ਮਹਿਲਾ ਖ਼ਿਲਾਫ਼ ਕੇਸ ਦਰਜ ਕੀਤਾ ਜਾਵੇ। ਡੀਐੱਸਪੀ ਸੁਖਦੇਵ ਸਿੰਘ ਵਲੋਂ ਵਕੀਲਾਂ ਦੁਆਰਾ ਗਠਿਤ ਕਮੇਟੀ ਨਾਲ ਗੱਲਬਾਤ ਰਾਹੀਂ ਮਾਮਲਾ ਸ਼ਾਂਤ ਕਰਦਿਆਂ ਦਸ ਦਿਨਾਂ ਦੇ ਅੰਦਰ ਥਾਣਾ ਸਿਟੀ ਦੇ ਐੱਸ ਐੱਚ ਓ ਦਾ ਤਬਾਦਲਾ ਕਰਨ, ਅਦਾਲਤੀ ਹੁਕਮਾਂ ਨੂੰ ਬਰਕਰਾਰ ਰੱਖਣ ਅਤੇ ਵੀਡੀਓ ਅਪਲੋਡ ਕਰਨ ਵਾਲੀ ਮਹਿਲਾ ਖਿਲਾਫ਼ ਕਾਰਵਾਈ ਦਾ ਭਰੋਸਾ ਦਿਵਾਇਆ। ਵਕੀਲਾਂ ਨੇ ਚਿਤਾਵਨੀ ਦਿੱਤੀ ਕਿ ਜੇ ਮੰਗਾਂ ਦਾ ਹੱਲ ਨਾ ਹੋਇਆ ਤਾਂ ਪੰਜਾਬ ਭਰ ਦੇ ਡੀ ਐੱਸ ਪੀ ਦਫ਼ਤਰ ਦਾ ਘਿਰਾਓ ਕਰਨਗੇ।
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਦੋਸ਼ ਨਕਾਰੇ਼
ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਖੁਦ ਉਪਰ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਕਿ ਇਹ ਇੱਕ ਵਿਅਕਤੀ ਅਤੇ ਇੱਕ ਗਲੀ ਦੇ ਵਸਨੀਕਾਂ ਦਾ ਆਪਸੀ ਮਾਮਲਾ ਹੈ। ਇਸ ਵਿਚ ਉਨ੍ਹਾਂ ਦਾ ਕੋਈ ਸਾਰੋਕਾਰ ਨਹੀਂ ਹੈ, ਮਾਮਲਾ ਅਦਾਲਤ ਵਿੱਚ ਹੈ।
