ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਹਾਂਸੀ-ਬੁਟਾਣਾ ਨਹਿਰ ਦੀ ਡਾਫ ਕਾਰਨ ਪਿੰਡਾਂ ਨੂੰ ਹੜ੍ਹਾਂ ਦਾ ਖਤਰਾ

ਲਗਪਗ ਸਵਾ ਦੋ ਮਹੀਨਿਆਂ ਮਗਰੋਂ ਪ੍ਰਸ਼ਾਸਨ ਨੇ ਗੱਲ ਸਵੀਕਾਰੀ; ਐੱਸ ਡੀ ਐੱਮ ਵੱਲੋਂ ਹਾਂਸੀ-ਬੁਟਾਣਾ ਨਹਿਰ ਦਾ ਜਾਇਜ਼ਾ
ਸਥਿਤੀ ਦਾ ਜਾਇਜ਼ਾ ਲੈਂਦੇ ਹੋਏ ਐੱਸਡੀਐੱਮ ਹਰਜੋਤ ਕੌਰ ਤੇ ਹੋਰ ਅਧਿਕਾਰੀ।
Advertisement

ਪਟਿਆਲਾ ਦੀ ਐੱਸ ਡੀ ਐੱਮ ਹਰਜੋਤ ਕੌਰ ਮਾਵੀ ਤੇ ਡਰੇਨੇਜ਼ ਵਿਭਾਗ ਕੇ ਕਾਰਜਕਾਰੀ ਇੰਜਨੀਅਰ ਪ੍ਰਥਮ ਗੰਭੀਰ ਨੇ ਘੱਗਰ ਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੁਦਰਤੀ ਵਹਾਅ ਲਈ ਰੁਕਾਵਟ ਪੈਦਾ ਕਰ ਰਹੀ ਪੰਜਾਬ ਦੀ ਬਿਨਾਂ ਲਾਜ਼ਮੀ ਪ੍ਰਵਾਨਗੀ ਦੇ ਪੰਜਾਬ-ਹਰਿਆਣਾ ਸਰਹੱਦ ’ਤੇ ਹਰਿਆਣਾ ਵੱਲੋਂ ਪਿੰਡ ਸਰੋਲਾ ਨੇੜੇ ਉਸਾਰੀ ਗਈ ਹਾਂਸੀ-ਬੁਟਾਣਾ ਨਹਿਰ ਦਾ ਜਾਇਜ਼ਾ ਲਿਆ। ਜ਼ਿਕਰਯੋਗ ਹੈ ਕਿ ‘ਪੰਜਾਬੀ ਟ੍ਰਿਬਿਊਨ’

ਨੇ 30 ਜੂਨ ਨੂੰ ਸਾਈਫਨਾਂ ਦੀ ਸਫ਼ਾਈ ਨਾ ਹੋਣ ਸਬੰਧੀ ਖਬਰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤੀ ਸੀ। ਸਾਈਫਨਾਂ ਦੀ 25 ਫੁੱਟ ਦੀ ਥਾਂ ਸਿਰਫ਼ 10 ਫੁੱਟ ਉਚਾਈ ਤਕ ਸਫ਼ਾਈ ਕੀਤੀ ਗਈ ਸੀ। ਇਸ ਸਬੰਧੀ ਹਰਿਆਣਾ ਦੇ ਸਬੰਧਤ ਅਧਿਕਾਰੀ ਐੱਸ ਡੀ ਓ ਜਮੇਰ ਸਿੰਘ ਨੇ ਮਿੱਟੀ ਘੱਟ ਕੱਢੇ ਜਾਣ ਦੀ ਗੱਲ ਸਵੀਕਾਰ ਕੀਤੀ ਸੀ ਪਰ ਪਟਿਆਲਾ ਪ੍ਰਸ਼ਾਸਨ ਲਗਪਗ ਸਵਾ ਦੋ ਮਹੀਨਿਆਂ ਮਗਰੋਂ ਜਾਗਿਆ ਹੈ।

Advertisement

ਐਸ ਡੀ ਐੱਮ ਹਰਜੋਤ ਕੌਰ ਨੇ ਕਿਹਾ ਕਿ ਹਾਂਸੀ-ਬੁਟਾਣਾ ਦੀ ਰੁਕਾਵਟ ਕਰਕੇ ਪਟਿਆਲਾ ਜ਼ਿਲ੍ਹੇ ਦੇ ਕਈ ਪਿੰਡਾਂ ਲਈ ਹੜ੍ਹਾਂ ਦੀ ਗੰਭੀਰ ਸਥਿਤੀ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ਇਹ ਨਹਿਰ ਘੱਗਰ ਅਤੇ ਇਸ ਦੀਆਂ ਸਹਾਇਕ ਨਦੀਆਂ ਦੇ ਕੁਦਰਤੀ ਹੜ੍ਹਾਂ ਦੇ ਵਹਾਅ ਵਿੱਚ ਰੁਕਾਵਟ ਪਾਉਣ ਕਰਕੇ ਪੰਜਾਬ ਦੇ ਸਰਹੱਦੀ ਖੇਤਰਾਂ ਵਿੱਚ ਡੁੱਬਣ ਦਾ ਜੋਖਮ ਪੈਦਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੇ ਗਏ ਮੁਲਾਂਕਣ ਦੌਰਾਨ ਇਹ ਸਾਹਮਣੇ ਆਇਆ ਕਿ ਪਿੰਡ ਸੱਸੀ ਬ੍ਰਾਹਮਣ, ਸੱਸੀ ਗੁੱਜਰਾਂ, ਧਰਮੇੜੀ, ਹਾਸ਼ਮਪੁਰ ਮਾਂਗਟਾਂ, ਭਵਨਪੁਰ ਅਤੇ ਸੱਸੀ ਥੇਹ ਡੁੱਬਦੇ ਹੋਣ ਕਰਕੇ ਸਭ ਤੋਂ ਵੱਧ ਪ੍ਰਭਾਵਿਤ ਪਿੰਡ ਹਨ।

ਐਸਡੀਐਮ ਪਟਿਆਲਾ ਹਰਜੋਤ ਕੌਰ ਨੇ ਕਿਹਾ, ‘‘ਨਹਿਰ ਕਾਰਨ ਪੈਦਾ ਹੋਈ ਰੁਕਾਵਟ ਨੇ ਇਨ੍ਹਾਂ ਪਿੰਡਾਂ ਵਿੱਚ ਹੜ੍ਹਾਂ ਦੀ ਸਥਿਤੀ ਨੂੰ ਹੋਰ ਵਿਗਾੜ ਦਿੱਤਾ ਹੈ।’’ ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਜ਼ਮੀਨੀ ਹਾਲਾਤ ’ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਰਾਹਤ ਮੁਹੱਈਆ ਕਰਵਾਉਣ ਲਈ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ।’’ ਡਰੇਨੇਜ਼ ਦੇ ਐਕਸੀਐਨ ਪ੍ਰਥਮ ਗੰਭੀਰ ਨੇ ਕਿਹਾ ਕਿ 2023 ਦੇ ਹੜ੍ਹਾਂ ਦੌਰਾਨ ਵੀ ਹਾਂਸੀ-ਬੁਟਾਣਾ ਸਾਈਫਨ ’ਤੇ ਰੁਕਾਵਟ ਨੇ ਪਟਿਆਲਾ ਜ਼ਿਲ੍ਹੇ ਦੇ ਸਮਾਣਾ ਅਤੇ ਨਾਲ ਲੱਗਦੇ ਪਿੰਡਾਂ ਵਿੱਚ ਸਥਿਤੀ ਨੂੰ ਗੰਭੀਰ ਬਣਾ ਦਿੱਤਾ ਸੀ, ਜਿਸ ਨਾਲ ਫਸਲਾਂ, ਜਾਇਦਾਦ ਅਤੇ ਜਨਤਕ ਬੁਨਿਆਦੀ ਢਾਂਚੇ ਨੂੰ ਨੁਕਸਾਨ ਪਹੁੰਚਿਆ ਸੀ। ਇਸ ਮੌਕੇ ਬੀਡੀਪੀਓ ਸੁਖਵਿੰਦਰ ਸਿੰਘ ਟਿਵਾਣਾ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ।

 

ਲੋਕਾਂ ਨੇ ਮਸਲੇ ਦੇ ਪੱਕੇ ਹੱਲ ਲਈ ਸੰਘਰਸ਼ ਦਾ ਬਿਗਲ ਵਜਾਇਆ

ਚਿੰਤਾ ਵਿੱਚ ਡੁੱਬੇ ਪਿੰਡ ਧਰਮਹੇੜੀ ਵਾਸੀ।

ਡਕਾਲਾ (ਮਾਨਵਜੋਤ ਭਿੰਡਰ): ਪੰਜਾਬ ਦੀ ਹੱਦ ਕੋਲ ਹਰਿਆਣਾ ਵੱਲੋਂ ਕੱਢੀ ਗਈ ਹਾਂਸੀ-ਬੁਟਾਣਾ ਦੀ ਨਹਿਰ ਦੀ ਲੱਗੀ ਡਾਫ ਕਾਰਨ ਵੱਡੇ ਪੱਧਰ ’ਤੇ ਹੜ੍ਹਾਂ ਦੀ ਦੁਗਣੀ ਮਾਰ ਝੱਲਦੇ ਲੋਕਾਂ ਨੇ ਇਸ ਦੇ ਹੱਲ ਲਈ ਸੰਘਰਸ਼ ਦਾ ਬਿਗਲ ਵਜਾ ਦਿੱਤਾ ਹੈ। ਅੱਜ ਧਰਮਹੇੜੀ ਵਿਖੇ ਇਕੱਠੇ ਹੋਏ ਕਿਸਾਨਾਂ ਨੇ ਇਹ ਫੈਸਲਾ ਕੀਤਾ ਕਿ ਇਸ ਡਾਫ ਕਾਰਨ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਨੂੰ ਲਾਮਬੰਦ ਕੀਤਾ ਜਾਵੇਗਾ। ਇਸ ਲਈ ਉਨ੍ਹਾਂ ਨੇ ਤੜਕੇ 9 ਸਤੰਬਰ ਨੂੰ ਸਵੇਰੇ 11 ਵਜੇ ਪਿੰਡ ਧਰਮਹੇੜੀ ਦੇ ਗੁਰਦੁਆਰਾ ਸਾਹਿਬ ਵਿਖੇ ਮੀਟਿੰਗ ਰੱਖੀ ਹੈ। ਇਸ ਮੀਟਿੰਗ ਵਿੱਚ ਕਿਸਾਨਾਂ ਨੇ ਨੇੜਲੇ ਅਤੇ ਪ੍ਰਭਾਵਿਤ ਪਿੰਡਾਂ ਦੇ ਲੋਕਾਂ ਨੂੰ ਸੁਨੇਹੇ ਲਗਾ ਦਿੱਤੇ ਹਨ। ਇਸ ਮੀਟਿੰਗ ਵਿੱਚ ਇਕੱਠੇ ਹੋਣ ਲਈ ਪਹੁੰਚਣ ਦੀ ਅਪੀਲ ਕਰਦੇ ਹੋਏ ਹਰਭਜਨ ਸਿੰਘ, ਮਹਿਲ ਸਿੰਘ, ਕਸ਼ਮੀਰ ਸਿੰਘ, ਨਿਸ਼ਾਨ ਸਿੰਘ ਅਤੇ ਮਲਕੀਤ ਸਿੰਘ ਨੇ ਆਖਿਆ ਕਿ ਘੱਗਰ ਦੇ ਪਾਣੀ ਨੂੰ ਹਰਿਆਣਾ ਵੱਲੋਂ 19 ਸਾਲ ਪਹਿਲਾਂ ਕੱਢੀ ਅਤੇ ਅਧੂਰੀ ਹਾਂਸੀ ਬੁਟਾਣਾ ਨਹਿਰ ਦੀ ਡਾਫ਼ ਲੱਗ ਰਹੀ ਹੈ, ਜਿਸ ਕਰਕੇ ਪਿੱਛੇ ਘੱਗਰ ਟਾਂਗਰੀ ਨਦੀ ਤੇ ਮਾਰਕੰਡੇ ਦਾ ਪਾਣੀ ਉਤਰਨ ਦੇ ਬਾਵਜੂਦ ਉਨ੍ਹਾਂ ਦੇ ਪਿਛਲੇ ਦਰਜਨਾਂ ਪਿੰਡਾਂ ’ਚ ਪਾਣੀ ਚੜ੍ਹ ਰਿਹਾ ਹੈ ਜਿਸ ਕਾਰਨ ਹਾਂਸੀ-ਬੁਟਾਣਾ ਦੀ ਮਾਰ ਹੇਠ ਆਉਂਦੇ ਪਿੰਡਾਂ ਚ ਸਹਿਮ ਦਾ ਮਾਹੌਲ ਹੈ। ਉਹਨਾਂ ਕਿਹਾ ਸੁਖਨਾ ਝੀਲ, ਟਾਂਗਰੀ ਅਤੇ ਮਾਰਕੰਡਾ ਦਾ ਜੋ ਪਾਣੀ ਹਰਿਆਣਾ ਪੰਜਾਬ ਤੋਂ ਇਕੱਠਾ ਹੋ ਕੇ ਆਉਂਦਾ ਹੈ ਉਹ ਸਾਰਾ ਪਾਣੀ 200 ਮੀਟਰ ਦੇ ਦਰਿਆ ’ਚੋਂ ਲੰਘਦਾ ਹੈ। ਉਨ੍ਹਾਂ ਪੰਜਾਬ ਤੇ ਹਰਿਆਣਾ ਸਰਕਾਰ ਨੂੰ ਅਪੀਲ ਕੀਤੀ ਸਾਈਫਨਾਂ ਨੂੰ ਤੋੜ ਕੇ ਘੱਗਰ ਹੇਠੋਂ ਨਹਿਰ ਨੂੰ ਕੱਢਿਆ ਜਾਵੇ ਜੇਕਰ ਅਜਿਹਾ ਨਹੀਂ ਕੀਤਾ ਜਾਂਦਾ ਤਾਂ ਉਹ ਸੰਘਰਸ਼ ਕਰਨਗੇ।

 

ਹਰੀਪੁਰ ਦਾ ਪਟਿਆਲਾ ਜ਼ਿਲ੍ਹੇ ਨਾਲੋਂ ਸੰਪਰਕ ਟੁੱਟਿਆ

ਹਾਂਸੀ-ਬੁਟਾਣਾ ਨਹਿਰ ਦੀ ਲੱਗੀ ਡਾਫ਼ ਦੀ ਵਜ੍ਹਾ ਪੰਜਾਬ ਹਰਿਆਣਾ ਹੱਦ ’ਤੇ ਪੈਂਦੇ ਅੱਧੀ ਦਰਜਨ ਪਿੰਡਾਂ ’ਚ ਜਿਥੇ ਹੜ੍ਹ ਦਾ ਪਾਣੀ ਫੈਲ ਚੁੱਕਿਆ ਹੈ, ਉਥੇ ਪਿੰਡ ਹਰੀਪੁਰ ਦਾ ਪਟਿਆਲਾ ਜ਼ਿਲ੍ਹੇ ਨਾਲੋਂ ਸੰਪਰਕ ਪੂਰੀ ਟੁੱਟ ਚੁੱਕਿਆ ਹੈ| ਪਿੰਡ ਦੇ ਵਿਅਕਤੀਆਂ ਜੋਗਿੰਦਰ ਸਿੰਘ, ਸੁਖਦੇਵ ਸਿੰਘ ਤੇ ਫਤਿਹ ਸਿੰਘ ਨੇ ਦੱਸਿਆ ਕਿ ਪਿਛਲੇ ਕਰੀਬ ਇੱਕ ਹਫ਼ਤੋਂ ਤੋਂ ਪਿੰਡ ਦੇ ਖੇਤ ਹੜ ਦੇ ਪਾਣੀ ਨਾਲ ਡੁੱਬੇ ਹੋਏ ਸਨ ਤੇ ਹੁਣ ਪਾਣੀ ਪਿੰਡ ਅੰਦਰ ਦਾਖ਼ਲ ਹੋ ਗਿਆ ਹੈ| ਪਿੰਡ ਨੂੰ ਆਉਂਦੇ ਜਾਂਦੇ ਸਾਰੇ ਰਸਤੇ ਪਾਣੀ ਨਾਲ ਡੁੱਬ ਚੁੱਕੇ ਹਨ | ਪਿੰਡ ’ਚ ਪੀਣ ਵਾਲੇ ਪਾਣੀ ਦੀ ਵੱਡੀ ਦਿੱਕਤ ਹੈ, ਰਹਿਣ ਸਹਿਣ ਬੁਰੀ ਪ੍ਰਭਾਵਿਤ ਹੋਣ ਲੱਗਾ ਹੈ| ਇਸ ਪਿੰਡ ਦੇ ਨੇੜਲੇ ਕਈ ਹੋਰ ਪਿੰਡਾਂ ਦਾ ਵੀ ਇਹੋ ਹੀ ਹਾਲ ਦੱਸਿਆ ਜਾ ਰਿਹ ਹੈ | ਦੱਸਿਆ ਜਾ ਰਿਹਾ ਹੈ ਕਿ ਇਸ ਖੇਤਰ ’ਚ ਇਹ ਪਾਣੀ ਮੀਰਾਂਪੁਰ ਚੋਅ ਤੇ ਹੋਰ ਨਾਲਿਆਂ ਦੇ ਓਵਰਫਲੋਅ ਦੀ ਵਜ਼ਾ ਫੈਲ ਰਿਹਾ ਹੈ, ਹਾਲਾਂਕਿ ਘੱਗਰ ਹਾਲੇ ਤਾਈਂ ਕੰਢਿਆਂ ਦੇ ਅੰਦਰ ਵਗ ਰਿਹਾ ਹੈ| ਪਿੰਡ ਦੇ ਲੋਕਾਂ ਦੱਸਿਆ ਕਿ ਕੁਝ ਦਿਨ ਪਹਿਲਾਂ ਤੱਕ ਤਾਂ ਪ੍ਰਸ਼ਾਸਨ ਪਿੰਡ ਦੇ ਲੋਕਾਂ ਦੀ ਖਬਰ ਸਾਰ ਲੈ ਰਿਹਾ ਸੀ ਪਰ ਜਦੋਂ ਤੋਂ ਇਲਾਕੇ ’ਚ ਪਾਣੀ ਚੜ ਆਇਆ ਹੈ ਤਾਂ ਪ੍ਰਸ਼ਾਸਨ ਦੀ ਵੀ ਦੂਰੀ ਬਣੀ ਹੋਈ ਹੈ | ਪਸ਼ੂ ਪਾਲਣ ਦੀ ਵੱਡੀ ਦਿੱਕਤ ਬਣੀ ਹੋਈ ਹੈ | ਪਿੰਡ ਦੇ ਸਰਪੰਚ ਨੇ ਦੱਸਿਆ ਕਿ ਪੰਚਾਇਤ ਵਿਭਾਗ ਦੇ ਉੱਚ ਅਧਿਕਾਰੀਆ ਨੂੰ ਉਹ ਆਪਣੇ ਪਿੰਡ ਤੇ ਇਲਾਕੇ ਦੇ ਹਾਲਾਤ ਤੋਂ ਜਾਣੂ ਕਰਵਾ ਰਹੇ ਹਨ, ਪ੍ਰੰਤੂ ਹਾਲੇਤਾਈਾ ਪ੍ਰਸ਼ਾਸਕੀ ਲਿਹਾਜ਼ ’ਤੇ ਕੋਈ ਗੌਰ ਨਹੀ ਹੋ ਰਹੀ | ਇਸ ਖੇਤਰ ’ਚ ਸੈਂਕੜੇ ਏਕੜ ਫਸਲ ਡੁੱਬੀ ਹੋਈ ਹੈ।

Advertisement
Show comments