ਸਬਜ਼ੀਆਂ ਦੇ ਭਾਅ ਅਸਮਾਨੀ ਚੜ੍ਹੇ
ਇੰਨੀ ਦਿਨੀਂ ਲਗਾਤਾਰ ਮੀਂਹ ਪੈਣ ਕਾਰਨ ਮੰਡੀ ਵਿੱਚ ਸਬਜ਼ੀਆਂ ਦੀ ਆਮਦ ਘਟ ਗਈ ਹੈ, ਜਿਸ ਕਾਰਨ ਤਾਜ਼ਾ ਸਬਜ਼ੀਆਂ ਦੇ ਭਾਅ ਦੇ ਭਾਅ ਅਸਮਾਨੀ ਚੜ੍ਹ ਗਏ ਹਨ। ਲਸਣ, ਅਦਰਕ ਅਤੇ ਹਰੀ ਮਿਰਚ ਮਹਿੰਗੀ ਹੋਣ ਕਾਰਨ ਰਸੋਈ ਦਾ ਬਜਟ ਵੀ ਵਿਗੜ ਗਿਆ ਹੈ। ਸਬਜ਼ੀਆਂ ਦੇ ਭਾਅ ਵਧਣ ਕਾਰਨ ਮੱਧ ਅਤੇ ਗ਼ਰੀਬ ਵਰਗ ਦੀਆਂ ਸੁਆਣੀਆਂ ਪ੍ਰੇਸ਼ਾਨ ਹਨ। ਲਸਣ, ਅਦਰਕ, ਹਰੀ ਮਿਰਚ ਨੇ ਗ਼ਰੀਬ ਅਤੇ ਮੱਧ ਵਰਗ ਨੂੰ ਤੜਕੇ ਦਾ ਸੁਆਦ ਭੁਲਾ ਦਿੱਤਾ ਹੈ। ਆਲੂ ਤੇ ਪਿਆਜ਼ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਮੂਲੀ, ਖੀਰਾ, ਟਮਾਟਰ ਤੇ ਚੁਕੰਦਰ ਦਾ ਭਾਅ ਵਧਣ ਨਾਲ ਮੱਧ ਅਤੇ ਗ਼ਰੀਬ ਵਰਗ ਦੀ ਥਾਲ਼ੀ ’ਚੋਂ ਸਲਾਦ ਗ਼ਾਇਬ ਹੋ ਗਿਆ। ਗ਼ਰੀਬ ਅਤੇ ਮੱਧ ਵਰਗ ਦੇ ਲੋਕ ਹੱਥ ਘੁੱਟ ਕੇ ਸਬਜ਼ੀ ਖ਼ਰੀਦ ਰਹੇ ਹਨ। ਸਬਜ਼ੀਆਂ ਦੀ ਮਹਿੰਗਾਈ ਨੇ ਮੱਧ ਅਤੇ ਗ਼ਰੀਬ ਵਰਗ ਨੂੰ ਥੋੜੀ ਮਾਤਰਾ ‘ਚ ਸਬਜ਼ੀ ਖ਼ਰੀਦਣ ਲਈ ਮਜਬੂਰ ਕਰ ਦਿੱਤਾ ਹੈ। ਆਲੂ ਤੇ ਪਿਆਜ਼ ਦੇ ਕਾਰੋਬਾਰੀ ਮੁਹੰਮਦ ਸਦੀਕ ਨੇ ਦੱਸਿਆ ਕਿ ਬਰਸਾਤੀ ਮੌਸਮ ਹੋਣ ਕਾਰਨ ਦੂਜੇ ਰਾਜਾਂ ਤੋਂ ਆਲੂ-ਪਿਆਜ਼ ਦੀ ਆਮਦ ਘਟੀ ਹੈ। ਆੜ੍ਹਤੀਆ ਮੁਹੰਮਦ ਯਾਮੀਨ ਨੇ ਦੱਸਿਆ ਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਸਬਜ਼ੀ ਦੀ ਫ਼ਸਲ ਪ੍ਰਭਾਵਿਤ ਹੋਈ ਹੈ। ਸਬਜ਼ੀ ਮੰਡੀ ਵਿੱਚ ਸਬਜ਼ੀ ਦੀ ਆਮਦ ਬਹੁਤ ਘਟ ਗਈ ਹੈ। ਸਬਜ਼ੀ ਵਿਕਰੇਤਾ ਮੁਹੰਮਦ ਸ਼ਮਸ਼ਾਦ ਨੇ ਦੱਸਿਆ ਕਿ 15 ਦਿਨ ਪਹਿਲਾਂ ਧਨੀਆ 100 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਸੀ, ਜੋ ਇਸ ਸਮੇਂ 300 ਰੁਪਏ ਪ੍ਰਤੀ ਕਿੱਲੋ ਹੋ ਗਿਆ ਹੈ। ਇਸੇ ਤਰ੍ਹਾਂ ਮਟਰ 70 ਰੁਪਏ ਤੋਂ ਵਧ ਕੇ 120 ਰੁਪਏ ਪ੍ਰਤੀ ਕਿਲੋ, ਸ਼ਿਮਲਾ ਮਿਰਚ 50 ਰੁਪਏ ਤੋਂ ਵਧ ਕੇ 100 ਰੁਪਏ, ਭਿੰਡੀ 20 ਤੋਂ ਵਧ ਕੇ 60 ਰੁਪਏ, ਲੋਭੀਆ 40 ਰੁਪਏ ਤੋਂ ਵਧ ਕੇ 140 ਰੁਪਏ, ਕੱਦੂ 20 ਰੁਪਏ ਤੋਂ ਵਧ ਕੇ 80 ਰੁਪਏ, ਗੋਭੀ 50 ਤੋਂ ਵਧ ਕੇ 80 ਰੁਪਏ, ਕਰੇਲਾ 40 ਤੋਂ ਵਧ ਕੇ 80 ਰੁਪਏ, ਤੋਰੀ ਤੇ ਬੈਂਗਣ 20 ਤੋਂ ਵਧ ਕੇ 60 ਰੁਪਏ, ਪੇਠਾ 20 ਤੋਂ ਵਧ ਕੇ 30 ਰੁਪਏ, ਖੀਰਾ 20 ਤੋਂ ਵਧ ਕੇ 60 ਰੁਪਏ, ਮੂਲੀ 20 ਤੋਂ ਵਧ ਕੇ 50 ਰੁਪਏ, ਲਸਣ 90 ਤੋਂ ਵਧ ਕੇ 100 ਰੁਪਏ ਪ੍ਰਤੀ ਕਿੱਲੋ, ਅਦਰਕ 90 ਰੁਪਏ ਤੋਂ ਵਧ ਕੇ 100 ਰੁਪਏ, ਹਰੀ ਮਿਰਚ 60 ਤੋਂ ਵਧ ਕੇ 80 ਰੁਪਏ, ਗਾਜਰ 40 ਤੋਂ ਵਧ ਕੇ 50 ਰੁਪਏ, ਅਰਬੀ 20 ਰੁਪਏ ਤੋਂ ਵਧ ਕੇ 30 ਰੁਪਏ, ਟਮਾਟਰ 25 ਤੋਂ ਵਧ ਕੇ 40 ਰੁਪਏ, ਪਿਆਜ਼ 20 ਤੋਂ ਵਧ ਕੇ 25 ਰੁਪਏ, ਆਲੂ 10 ਤੋਂ ਵਧ ਕੇ 20 ਰੁਪਏ, ਚਕੰਦਰ 20 ਤੋਂ ਵਧ ਕੇ 50 ਰੁਪਏ ਪ੍ਰਤੀ ਕਿੱਲੋ ਵਿਕ ਰਿਹਾ ਹੈ। ਪਾਲਕ 10 ਰੁਪਏ ਪ੍ਰਤੀ ਗੁੱਟੀ ਤੋਂ ਵਧ ਕੇ 60 ਰੁਪਏ ਅਤੇ ਸਰ੍ਹੋਂ ਦਾ ਸਾਗ 20 ਰੁਪਏ ਤੋਂ ਵਧ ਕੇ 50 ਰੁਪਏ ਪ੍ਰਤੀ ਗੁੱਟੀ ਵਿਕ ਰਿਹਾ ਹੈ।