ਨਦਾਮਪੁਰ ਵਿੱਚ ਵਣ ਮਹਾਂਉਤਸਵ ਮਨਾਇਆ
ਹਲਕਾ ਵਿਧਾਇਕਾ ਨਰਿੰਦਰ ਕੌਰ ਭਰਾਜ ਨੇ ਪਿੰਡ ਨਦਾਮਪੁਰ ਵਿੱਚ ਪ੍ਰਸ਼ਾਸਨ, ਸਮੁੱਚੀ ਪੰਚਾਇਤ ਅਤੇ ਪਾਰਟੀ ਦੀ ਟੀਮ ਨਾਲ ਰਲ ਕੇ 200 ਬੂਟੇ ਲਗਾ ਕੇ ਜ਼ਿਲ੍ਹਾ ਪੱਧਰੀ ਵਣ ਮਹਾਂਉਤਸਵ ਮਨਾਇਆ।
ਇਸ ਮੌਕੇ ਉਨ੍ਹਾਂ ਕਿਹਾ ਕਿ ਚੰਗੀ ਜ਼ਿੰਦਗੀ ਲਈ ਵਾਤਾਵਰਨ ਦੀ ਸੰਭਾਲ ਲਾਜ਼ਮੀ ਹੈ, ਜਿਸ ਲਈ ਵੱਧ ਤੋਂ ਵੱਧ ਬੂਟੇ ਲਾਉਣ ਤੇ ਉਨ੍ਹਾਂ ਦੀ ਸੰਭਾਲ ਕਰਨੀ ਚਾਹੀਦੀ ਹੈ। ਹਰ ਮਨੁੱਖ ਨੂੰ ਵੱਧ ਤੋਂ ਵੱਧ ਬੂਟੇ ਲਾਉਣੇ ਚਾਹੀਦੇ ਹਨ ਤਾਂ ਜੋ ਵਾਤਾਵਰਨ ਸਾਫ਼ ਰਹਿ ਸਕੇ ਤੇ ਬਿਮਾਰੀਆਂ ਤੋਂ ਵੀ ਬਚਾਅ ਹੋ ਸਕੇ। ਉਨ੍ਹਾਂ ਕਿਹਾ ਕਿ ਹਰ ਮਨੁੱਖ ਘੱਟੋ ਘਟ 5 ਬੂਟੇ ਤਾਂ ਲਾਜ਼ਮੀ ਹੀ ਲਗਾਵੇ। ਹਲਕਾ ਵਿਧਾਇਕ ਨੇ ਕਿਹਾ ਕਿ ਅੱਜ ਜਦੋਂ ਸਾਰੀ ਦੁਨੀਆਂ ਵਾਤਾਵਰਨ ਸਬੰਧੀ ਮੁਸ਼ਕਲਾਂ ਨਾਲ ਜੂਝ ਰਹੀ ਹੈ ਤਾਂ ਵਾਤਾਵਰਨ ਸੰਭਾਲ ਦੀ ਅਹਿਮੀਅਤ ਹੋਰ ਵੀ ਵੱਧ ਜਾਂਦੀ ਹੈ। ਜੇਕਰ ਵਾਤਾਵਰਨ ਸਾਫ਼ ਹੋਵੇਗਾ ਤਾਂ ਲੋਕ ਸਾਫ਼ ਹਵਾ ਵਿੱਚ ਸਾਹ ਲੈ ਸਕਣਗੇ ਤੇ ਬਿਮਾਰੀਆਂ ਤੋਂ ਬਚਾਅ ਰਹੇਗਾ। ਇਸ ਦੇ ਨਾਲ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਸਾਫ਼ ਸੁਥਰਾ ਵਾਤਾਵਰਨ ਮਿਲ ਸਕੇਗਾ।
ਇਸ ਮੌਕੇ ਜਗਸੀਰ ਸਿੰਘ ਝਨੇੜੀ ਚੇਅਰਮੈਨ, ਜਸਪਾਲ ਸਿੰਘ ਤੂਰ ਸਰਪੰਚ, ਵੱਖੋ-ਵੱਖ ਵਿਭਾਗਾਂ ਦੇ ਅਧਿਕਾਰੀ, ਪੰਚਾਇਤ ਤੇ ਪਿੰਡ ਵਾਸੀ ਹਾਜ਼ਰ ਸਨ।