ਸੰਗਰੂਰ ਨਗਰ ਕੌਂਸਲ ਦੀ ਮੀਟਿੰਗ ਵਿੱਚ ਹੰਗਾਮਾ
ਨਗਰ ਕੌਂਸਲ ਸੰਗਰੂਰ ਦੀ ਮੀਟਿੰਗ ਦੌਰਾਨ ਅੱਜ ਜ਼ੋਰਦਾਰ ਹੰਗਾਮਾ ਹੋਇਆ ਅਤੇ ਕੌਂਸਲਰ ਖੂਬ ਮਿਹਣੋ-ਮਿਹਣੀ ਹੋਏ। ਆਪਸੀ ਤਕਰਾਰਬਾਜ਼ੀ ਦੌਰਾਨ ਮਾਹੌਲ ਏਨਾ ਗਰਮਾ ਗਿਆ ਕਿ ਜੇ ਕੁਝ ਕੌਂਸਲਰ ਵਿਚਾਲੇ ਨਾ ਆਉਂਦੇ ਤਾਂ ਨੌਬਤ ਹੱਥੋਪਾਈ ਤੱਕ ਵੀ ਪੁੱਜ ਸਕਦੀ ਸੀ। ਮੀਟਿੰਗ ’ਚ ਜਿੱਥੇ ਹਾਕਮ ਧਿਰ ‘ਆਪ’ ਦੇ ਕੌਂਸਲਰਾਂ ਨੇ ਆਪੋ-ਆਪਣੇ ਵਾਰਡਾਂ ’ਚ ਸਮੱਸਿਆਵਾਂ ਦਾ ਹੱਲ ਨਾ ਹੋਣ ਦਾ ਰੋਣਾ ਰੋਂਦਿਆਂ ਭੜਾਸ ਕੱਢੀ ਉਥੇ ਇੱਕ ਆਜ਼ਾਦ ਕੌਂਸਲਰ ਅਤੇ ਕਾਂਗਰਸੀ ਕੌਂਸਲਰਾਂ ਵਿਚਕਾਰ ਬਹਿਸਬਾਜ਼ੀ ਹੋਈ ਅਤੇ ਇੱਕ-ਦੂਜੇ ਨੂੰ ਖਰੀਆਂ-ਖਰੀਆਂ ਸੁਣਾਈਆਂ। ਮਾਹੌਲ ਗਰਮ ਹੋਣ ਕਾਰਨ ਦੂਜੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਜੋ ਬਜਟ ’ਤੇ ਕੀਤੀ ਜਾਣੀ ਸੀ।
ਪ੍ਰਾਪਤ ਜਾਣਕਾੀ ਅਨੁਸਾਰ ਸੱਤ ਕੌਂਸਲਰਾਂ ਵੱਲੋਂ ਵੱਖ-ਵੱਖ ਮੁੱਦਿਆਂ ’ਤੇ ਰੀਕੋਜੇਸ਼ਨ ਮੀਟਿੰਗ ਬੁਲਾਉਣ ਦੀ ਮੰਗ ਕੀਤੀ ਗਈ ਸੀ ਜਿਸ ਤਹਿਤ ਅੱਜ ਪ੍ਰਧਾਨ ਭੁਪਿੰੰਦਰ ਸਿੰਘ ਦੀ ਅਗਵਾਈ ਹੇਠ ਮੀਟਿੰਗ ’ਚ ਕੌਂਸਲਰਾਂ ਨੇ ਸ਼ਹਿਰ ਵਿੱਚ ਸੀਵਰੇਜ ਸਮੱਸਿਆ, ਸਟਰੀਟ ਲਾਈਟਾਂ, ਸੜਕਾਂ ਦੀ ਹਾਲਤ ਤੇ ਸਫਾਈ ਪ੍ਰਬੰਧਾਂ ਦਾ ਮੁੱਦਾ ਚੁੱਕਿਆ। ਸੱਤਾਧਾਰੀ ਪਾਰਟੀ ਦੇ ਕੌਂਸਲਰਾਂ ਵੱਲੋਂ ਵਾਰਡਾਂ ਵਿੱਚ ਸਮੱਸਿਆਵਾਂ ਦੇ ਹੱਲ ਲਈ ਕੋਈ ਸੁਣਵਾਈ ਨਾ ਹੋਣ ’ਤੇ ਪਾਰਟੀ ਛੱਡਣ ਤੱਕ ਦੀ ਚਿਤਾਵਨੀ ਦਿੱਤੀ ਗਈ। ਇਸ ਦੌਰਾਨ ਹੀ ਇੱਕ ਆਜ਼ਾਦ ਕੌਂਸਲਰ ਅਤੇ ਕਾਂਗਰਸੀ ਕੌਂਸਲਰਾਂ ਵਿਚਕਾਰ ਤਕਰਾਰਬਾਜ਼ੀ ਸ਼ੁਰੂ ਹੋ ਗਈ ਅਤੇ ਕੌਂਸਲਰ ਮਿਹਣੋ-ਮਿਹਣੀ ਹੁੰਦਿਆਂ ਇੱਕ ਦੂਜੇ ਦੇ ਨੇੜੇ ਤੱਕ ਪੁੱਜ ਗਏ ਅਤੇ ਮੀਟਿੰਗ ਦੌਰਾਨ ਖੂਬ ਰੌਲਾ ਰੱਪਾ ਪਿਆ ਅਤੇ ਮਾਹੌਲ ਤਣਾਅਪੂਰਨ ਬਣ ਗਿਆ। ਮੀਟਿੰਗ ਦੌਰਾਨ ਹੀ ਕਾਂਗਰਸੀ ਕੌਂਸਲਰਾਂ ਵੱਲੋਂ ਖੂਬ ਨਾਅਰੇਬਾਜ਼ੀ ਕੀਤੀ ਗਈ। ਕੁਝ ਪਤਵੰਤੇ ਕੌਂਸਲਰਾਂ ਵੱਲੋਂ ਦਖ਼ਲ ਦਿੰਦਿਆਂ ਮਾਮਲਾ ਸ਼ਾਂਤ ਕੀਤਾ ਗਿਆ। ਵਾਰਡ ਨੰਬਰ-11 ਦੀ ਕੌਂਸਲਰ ਆਸ਼ਾ ਰਾਣੀ ਨੇ ਆਪਣੇ ਵਾਰਡ ’ਚ ਕੂੜੇ ਦਾ ਡੰਪ ਬਣਾਉਣ ਦਾ ਮੁੱਦਾ ਚੁੱਕਦੇ ਹੋਏ ਕਿਹਾ ਕਿ ਕੂੜੇ ਦੇ ਡੰਪ ਦਾ ਮਾਮਲਾ ਮਨੁੱਖੀ ਅਧਿਕਾਰ ਕਮਿਸ਼ਨ, ਐੱਸ.ਸੀ. ਕਮਿਸ਼ਨ ਅਤੇ ਅਦਾਲਤ ਵਿੱਚ ਹੋਣ ਦੇ ਬਾਵਜੂਦ ਸਬੰਧਤ ਸਥਾਨ ’ਤੇ ਸ਼ੈੱਡ ਪਾਉਣ ਦੀ ਤਜਵੀਜ਼ ਕਿਸ ਵੱਲੋਂ ਪੇਸ਼ ਕੀਤੀ ਗਈ ਅਤੇ ਐੱਨ ਜੀ ਟੀ ਦੇ ਨਿਯਮਾਂ ਦੀ ਅਣਦੇਖੀ ਕਰਨ ਵਾਲੇ ਅਧਿਕਾਰੀ ਦਾ ਨਾਮ ਸਪੱਸ਼ਟ ਕੀਤਾ ਜਾਵੇ। ਦੂਜੇ ਪਾਸੇ ਭਾਵੇਂ ਨਗਰ ਕੌਂਸਲ ਦੀ ਦੂਜੀ ਮੀਟਿੰਗ ਬਜਟ ’ਤੇ ਹੋਣੀ ਸੀ ਪਰ ਪਹਿਲੀ ਮੀਟਿੰਗ ਦੌਰਾਨ ਹੀ ਖੂਬ ਰੌਲੇ ਰੱਪੇ ਕਾਰਨ ਉਹ ਮੁਲਤਵੀ ਕਰ ਦਿੱਤੀ ਗਈ।
ਵਾਰਡਾਂ ਦੇ ਵਿਕਾਸ ਲਈ ਪੰਜ-ਪੰਜ ਲੱਖ ਦੇਣ ’ਤੇ ਸਹਿਮਤੀ
ਸ਼ਹਿਰ ਦੇ ਵਿਕਾਸ ਕਾਰਜਾਂ ’ਤੇ ਚਰਚਾ ਦੌਰਾਨ ਮੀਟਿੰਗ ਵਿੱਚ ਹਰ ਵਾਰਡ ਵਿੱਚ ਮੁਰੰਮਤ ਆਦਿ ਦੇ ਕੰਮਾਂ ਲਈ ਪੰਜ-ਪੰਜ ਲੱਖ ਰੁਪਏ ਦੇਣ ਦੀ ਸਹਿਮਤੀ ਬਣ ਗਈ। ਇਸ ਤੋਂ ਇਲਾਵਾ ਈ.ਓ. ਵੱਲੋਂ ਹਰ ਵਾਰਡ ਵਿੱਚ 20-20 ਸਟਰੀਟ ਲਾਈਟਾਂ ਲਗਾਉਣ ਦਾ ਭਰੋਸਾ ਦਿੱਤਾ ਗਿਆ। ਭਾਵੇਂ ਕਿ ਸੱਤ ਕੌਂਸਲਰਾਂ ਵੱਲੋਂ ਸ਼ਹਿਰ ’ਚ ਗੰਦੇ ਨਾਲੇ ਦੀ ਸਫ਼ਾਈ ’ਤੇ ਖਰਚ ਹੋਈ 9 ਲੱਖ ਰੁਪਏ ਦੀ ਗਰਾਂਟ ਦੀ ਜਾਂਚ ਕਰਾਉਣ ਦੀ ਵੀ ਮੰਗ ਕੀਤੀ ਸੀ ਪਰ ਮੀਟਿੰਗ ਦੌਰਾਨ ਸਿਰਫ਼ ਠੇਕੇਦਾਰ ਨੂੰ ਸਖਤ ਤਾੜਨਾ ਕਰਨ ਦੇ ਫੈਸਲੇ ਨਾਲ ਹੀ ਜਾਂਚ ਦੀ ਮੰਗ ਵੀ ਦਮ ਤੋੜ ਗਈ। ਸੀਵਰੇਜ ਸਮੱਸਿਆ ਲਈ 15 ਨਵੇਂ ਸੀਵਰਮੈਨ ਰੱਖਣ ਦੀ ਲੋੜ ’ਤੇ ਵੀ ਚਰਚਾ ਹੋਈ।