ਉੱਪਲੀ ਦੀ ਪੰਚਾਇਤ ਵੱਲੋਂ ਨਸ਼ਿਆਂ ਖ਼ਿਲਾਫ਼ ਮਤੇ ਪਾਸ
ਪਿੰਡ ਉੱਪਲੀ ਦੀ ਪੰਚਾਇਤ ਨੇ ਨਸ਼ਿਆਂ ਖ਼ਿਲਾਫ਼ ਸਖ਼ਤ ਫ਼ੈਸਲਾ ਲੈਂਦਿਆਂ ਪਿੰਡ ’ਚ ਸਟਿੰਗ ਜਾਂ ਐਨਰਜੀ ਡਰਿੰਕ ਦੀ ਵਿਕਰੀ ਉੱਪਰ ਪਾਬੰਦੀ ਲਗਾ ਦਿੱਤੀ ਹੈ। ਪੰਚਾਇਤ ਦਾ ਕਹਿਣਾ ਹੈ ਕਿ ਕੋਈ ਪਿੰਡ ਵਾਸੀ ਨਸ਼ੇ ਦਾ ਕਾਰੋਬਾਰ ਕਰਨ ਵਾਲਿਆਂ ਦੀ ਜ਼ਮਾਨਤ ਨਹੀਂ ਕਰਵਾਏਗਾ। ਇਸ ਤੋਂ ਇਲਾਵਾ ਪਰਵਾਸੀ ਵਿਅਕਤੀ ਦਾ ਪਿੰਡ ਵਿੱਚ ਆਧਾਰ ਕਾਰਡ ਜਾਂ ਵੋਟਰ ਕਾਰਡ ਨਾ ਬਣਾਉਣ ਦਾ ਵੀ ਫ਼ੈਸਲਾ ਕੀਤਾ ਹੈ। ਪੰਚਾਇਤ ਵੱਲੋਂ ਪਾਸ ਕੀਤੇ ਮਤਿਆਂ ਸਬੰਧੀ ਫਲੈਕਸ ਬੋਰਡ ਪਿੰਡ ਦੀਆਂ ਸਾਂਝੀਆਂ ਥਾਵਾਂ ’ਤੇ ਲਗਾ ਦਿੱਤੇ ਗਏ ਹਨ।
ਜਾਣਕਾਰੀ ਅਨੁਸਾਰ ਅੱਜ ਪਿੰਡ ਦੀ ਪੰਚਾਇਤ ਨੇ ਨਸ਼ਿਆਂ ਤੇ ਹੋਰ ਸਮਾਜਿਕ ਬੁਰਾਈਆਂ ਖ਼ਿਲਾਫ਼ ਕਈ ਮਤੇ ਪਾਸ ਕੀਤੇ ਹਨ ਜਿਨ੍ਹਾਂ ਦੀ ਪੁਸ਼ਟੀ ਸਰਪੰਚ ਜੰਗੀਰ ਸਿੰਘ ਨੇ ਕੀਤੀ ਹੈ। ਪਾਸ ਕੀਤੇ ਮਤਿਆਂ ਅਨੁਸਾਰ ਕੋਈ ਵੀ ਦੁਕਾਨਦਾਰ ਪਿੰਡ ਵਿੱਚ ਸਟਿੰਗ ਜਾਂ ਐਨਰਜੀ ਡਰਿੰਕ ਨਹੀਂ ਵੇਚੇਗਾ। ਪਿੰਡ ਵਿੱਚ ਜੇਕਰ ਕੋਈ ਨਸ਼ਾ ਵੇਚਦਾ ਜਾਂ ਨਸ਼ਾ ਕਰਦਾ ਫੜਿਆ ਗਿਆ ਤਾਂ ਪਿੰਡ ਵਿੱਚੋਂ ਕੋਈ ਵੀ ਵਿਅਕਤੀ, ਨੰਬਰਦਾਰ ਜਾਂ ਪੰਚਾਇਤ ਮੈਂਬਰ ਉਸ ਵਿਅਕਤੀ ਦੀ ਜ਼ਮਾਨਤ ਜਾਂ ਗਵਾਹੀ ਨਹੀਂ ਦੇਵੇਗਾ ਅਤੇ ਨਾ ਹੀ ਉਸ ਨੂੰ ਛੁਡਾਉਣ ਲਈ ਜਾਵੇਗਾ। ਪਿੰਡ ਦਾ ਵਸਨੀਕ ਜਾਂ ਕਿਸੇ ਹੋਰ ਪਿੰਡ ਦਾ ਕੋਈ ਮੁੰਡਾ, ਜੇਕਰ ਪਿੰਡ ਦੀ ਕਿਸੇ ਕੁੜੀ ਨਾਲ ਵਿਆਹ ਕਰਵਾ ਕੇ ਪਿੰਡ ਆਉਂਦਾ ਹੈ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਵੜਨ ਨਹੀਂ ਦਿੱਤਾ ਜਾਵੇਗਾ। ਜੇਕਰ ਪਿੰਡ ਵਿੱਚ ਕਿਸੇ ਦੇ ਘਰ ਕੋਈ ਪਰਵਾਸੀ ਵਿਅਕਤੀ ਰਹਿੰਦਾ ਹੈ ਤਾਂ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਸ ਪਰਵਾਸੀ ਦੀ ਪੁਲੀਸ ਪੜਤਾਲ ਕਰਵਾ ਕੇ ਇੱਕ ਕਾਪੀ ਪੰਚਾਇਤ ਨੂੰ ਦਿੱਤੀ ਜਾਵੇ। ਉਸ ਪਰਵਾਸੀ ਦਾ ਪੰਚਾਇਤ ਵਲੋਂ ਕੋਈ ਆਧਾਰ ਕਾਰਡ ਜਾਂ ਵੋਟਰ ਕਾਰਡ ਨਹੀਂ ਬਣਾਇਆ ਜਾਵੇਗਾ। ਜਾਇਦਾਦ ਦੀ ਵਿਕਰੀ/ਖਰੀਦ ਦੇ ਮਾਮਲੇ ਵਿੱਚ ਜੇਕਰ ਪੂਰੇ ਪਰਿਵਾਰ ਦੀ ਸਹਿਮਤੀ ਹੋਵੇਗੀ ਤਾਂ ਹੀ ਨੰਬਰਦਾਰ, ਪੰਚਾਇਤ ਮੈਂਬਰ ਜਾਂ ਹੋਰ ਵਿਅਕਤੀ ਗਵਾਹੀ ਦੇ ਸਕਦਾ ਹੈ, ਜੇਕਰ ਪਰਿਵਾਰ ਦੀ ਸਹਿਮਤੀ ਨਹੀਂ ਹੈ ਤਾਂ ਕੋਈ ਵੀ ਗਵਾਹੀ ਨਹੀਂ ਦੇਵੇਗਾ। ਪਿੰਡ ਵਿੱਚ ਖੁਸ਼ੀ ਆਦਿ ਮੌਕੇ ਡੀਜੇ ਲਾਉਣ ਦਾ ਸਮਾਂ ਪ੍ਰਸ਼ਾਸਨ ਵਲੋਂ ਰਾਤ ਦੇ 10 ਵਜੇ ਤੱਕ ਦਾ ਰੱਖਿਆ ਗਿਆ ਹੈ, ਜਿਹੜਾ ਇਸ ਦੀ ਉਲੰਘਣਾ ਕਰੇਗਾ, ਉਸ ਖ਼ਿਲਾਫ਼ ਪੰਚਾਇਤ ਵਲੋਂ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਪਿੰਡ ਵਿੱਚ ਟਰੈਕਟਰ ਉਪਰ ਡੈੱਕ ਵਜਾਉਣ ਵਾਲਿਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਪਿੰਡ ਦੀ ਹੱਦ ਜਾਂ ਫਿਰਨੀ ਆਦਿ ਦੇ ਅੰਦਰ ਡੈਕ ਨਾ ਵਜਾਉਣ। ਪਿੰਡ ਵਿੱਚ ਮੋਟਰਸਾਈਕਲ ਦੇ ਪਟਾਕੇ ਪਾਉਣ ਜਾਂ ਵੱਡੇ ਵੱਡੇ ਹਾਰਨ ਵਜਾਉਣ ’ਤੇ ਵੀ ਪਾਬੰਦੀ ਲਗਾਈ ਗਈ ਹੈ। ਪਿੰਡ ਵਿੱਚ ਕਿਸੇ ਵੀ ਮੈਡੀਕਲ ਹਾਲ ਵਲੋਂ ਕਿਸੇ ਵੀ ਵਿਅਕਤੀ ਨੂੰ ਕੋਈ ਵੀ ਟੀਕਾ ਸਰਿੰਜ ਨਹੀਂ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਿੰਡ ’ਚ ਵਧਾਈ ਲੈਣ ਆਉਂਦੇ ਮਹੰਤਾਂ ਦੇ ਵੀ ਵਧਾਈ ਰੇਟ ਤੈਅ ਕੀਤੇ ਗਏ ਹਨ। ਮਤਿਆਂ ਵਿੱਚ ਸਪੱਸ਼ਟ ਲਿਖਿਆ ਹੈ ਕਿ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।