ਕੇਂਦਰੀ ਮੰਤਰੀ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਅੱਜ ਕਰਨਗੇ ਦੌਰਾ: ਹਰਪਾਲਪੁਰ
ਪਿਛਲੇ ਦਿਨਾਂ ਦੌਰਾਨ ਪੰਜਾਬ ਦੇ ਕਈ ਇਲਾਕਿਆਂ ਵਿੱਚ ਆਏ ਹੜ੍ਹਾਂ ਕਾਰਨ ਵੱਡਾ ਜਾਨੀ ਤੇ ਮਾਲੀ ਨੁਕਸਾਨ ਹੋਇਆ ਹੈ। ਇਸੇ ਸੰਦਰਭ ਵਿੱਚ ਕੇਂਦਰ ਸਰਕਾਰ ਦੀਆਂ ਟੀਮਾਂ ਪ੍ਰਭਾਵਿਤ ਹਿੱਸਿਆਂ ਦਾ ਨਿਰੀਖਣ ਕਰ ਰਹੀਆਂ ਹਨ। ਇਸ ਲੜੀ ਅਧੀਨ ਕੇਂਦਰੀ ਰਾਜ ਮੰਤਰੀ ਦੁਰਗਾਦਾਸ ਯੁਕਈ 6 ਅਕਤੂਬਰ ਨੂੰ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ਤੇ ਘਨੌਰ ਵਿਧਾਨ ਸਭਾ ਹਲਕਿਆਂ ਦਾ ਦੌਰਾ ਕਰਨਗੇ। ਇਹ ਜਾਣਕਾਰੀ ਪੰਜਾਬ ਖਾਦੀ ਅਤੇ ਗ੍ਰਾਮ ਉਦਯੋਗ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਅਤੇ ਭਾਜਪਾ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਕੇਂਦਰੀ ਮੰਤਰੀ 1 ਵਜੇ ਰਾਜਪੁਰਾ ਹਲਕੇ ਦੇ ਪਿੰਡ ਝੰਜੋ, 2 ਵਜੇ ਬੁੱਢਣਪੁਰ ਅਤੇ 3:30 ਵਜੇ ਘਨੌਰ ਹਲਕੇ ਦੇ ਗੁਰਦੁਆਰਾ ਸ੍ਰੀ ਧੰਨਾ ਭਗਤ ਦੇ ਨੇੜੇ ਘੱਗਰ ਦਾ ਨਿਰੀਖਣ ਕਰਨਗੇ। ਇਸ ਤੋਂ ਬਾਅਦ ਉਹ ਲੋਕਾਂ ਨਾਲ ਮਿਲਣਗੇ ਤੇ ਲੋਕਾਂ ਦੇ ਦੁੱਖ-ਸੁਖ ਸਾਂਝੇ ਕਰਨਗੇ। ਹਰਪਾਲਪੁਰ ਨੇ ਕਿਹਾ ਕਿ ਭਾਜਪਾ ਦੀ ਮੋਦੀ ਸਰਕਾਰ ਪੰਜਾਬ ਦੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਯੋਗ ਮੁਆਵਜ਼ਾ ਦੇਣ ਲਈ ਵਚਨਬੱਧ ਹੈ ਅਤੇ ਇਹ ਸਹਾਇਤਾ ਸਿੱਧੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਉਣ ਲਈ ਕੇਂਦਰ ਸਰਕਾਰ ਗੰਭੀਰ ਯਤਨ ਕਰ ਰਹੀ ਹੈ। ਇਸ ਮੌਕੇ ਮੰਤਰੀ ਨਾਲ ਭਾਜਪਾ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਜਸਪਾਲ ਸਿੰਘ ਗਗਰੌਲੀ, ਰਾਜਪੁਰਾ ਹਲਕੇ ਦੇ ਇੰਚਾਰਜ ਜਗਦੀਸ਼ ਜੱਗਾ ਸਮੇਤ ਰਾਜਪੁਰਾ ਤੇ ਘਨੌਰ ਹਲਕੇ ਦੀ ਪੂਰੀ ਭਾਜਪਾ ਲੀਡਰਸ਼ਿਪ ਮੌਜੂਦ ਰਹੇਗੀ।