ਬੇਰੁਜ਼ਗਾਰ ਅਧਿਆਪਕਾਂ ਵੱਲੋਂ ਅਮਨ ਅਰੋੜਾ ਦੀ ਕੋਠੀ ਅੱਗੇ ਮੁਜ਼ਾਹਰਾ
ਬੇਰੁਜ਼ਗਾਰ ਬੀਐੱਡ ਟੈੱਟ ਪਾਸ ਅਧਿਆਪਕਾਂ ਵੱਲੋਂ ਅੱਜ ਸੁਨਾਮ ਊਧਮ ਸਿੰਘ ਵਾਲਾ ਵਿੱਚ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਦਾ ਘਿਰਾਓ ਕੀਤਾ ਗਿਆ। ਬੇਰੁਜ਼ਗਾਰ ਅਧਿਆਪਕ ਆਈਟੀਆਈ ਚੌਕ ਸੁਨਾਮ ਵਿੱਚ ਇਕੱਤਰ ਹੋਏ, ਜਿਥੋਂ ਉਹ ਰੋਸ ਮਾਰਚ ਕਰਦੇ ਹੋਏ ਅਮਨ ਅਰੋੜਾ ਦੀ ਕੋਠੀ ਵੱਲ ਵਧੇ ਅਤੇ ਮਹਾਰਾਜਾ ਅਗਰਸੈਨ ਚੌਕ ਹੁੰਦੇ ਹੋਏ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਪੁੱਜੇ ਤਾਂ ਪੁਲੀਸ ਵੱਲੋਂ ਉਨ੍ਹਾਂ ਨੂੰ ਬੈਰੀਕੇਡ ਲਗਾ ਕੇ ਰੋਕਿਆ ਗਿਆ। ਜਿੱਥੇ ਉਨ੍ਹਾਂ ਨੇ ਸੜਕ ’ਤੇ ਹੀ ਦਰੀਆਂ ਵਿਛਾ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਪੁਲੀਸ ਪ੍ਰਸ਼ਾਸਨ ਵੱਲੋਂ ਡੀਐੱਸਪੀ ਸੁਨਾਮ ਹਰਵਿੰਦਰ ਸਿੰਘ ਖਹਿਰਾ ਅਤੇ ਸਿਟੀ ਐੱਸਐੱਚਓ ਪ੍ਰਤੀਕ ਜਿੰਦਲ ਪੁਲੀਸ ਫੋਰਸ ਨਾਲ ਮੌਕੇ ’ਤੇ ਮੌਜੂਦ ਸਨ। ਜਥੇਬੰਦੀ ਦੇ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਜਿਵੇਂ ਜਿਵੇਂ ਸਰਕਾਰ ਦਾ ਕਾਰਜਕਾਲ ਪੂਰਾ ਹੋ ਰਿਹਾ ਹੈ, ਬੇਰੁਜ਼ਗਾਰਾਂ ਨਾਲ ਧੱਕਾ ਕੀਤਾ ਜਾ ਰਿਹਾ ਹੈ। ਸਰਕਾਰ ਬੇਰੁਜ਼ਗਾਰਾਂ ਦੀਆਂ ਮੰਗਾਂ ਹੱਲ ਕਰਨ ਦੇ ਬਜਾਏ ਬੇਰੁਜ਼ਗਾਰਾਂ ਦੇ ਉੱਪਰ ਨਵੇਂ ਨਿਯਮ ਥੋਪਣ ਜਾ ਰਹੀ ਹੈ। ਗਲਤ ਨੀਤੀਆਂ ਨੂੰ ਦੇਖਦੇ ਹੋਏ ਅੱਜ ਬੇਰੁਜ਼ਗਾਰ ਅਧਿਆਪਕਾਂ ਦੁਆਰਾ ਇਥੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਨ ਅਰੋੜਾ ਦੀ ਕੋਠੀ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਬੇਰੁਜ਼ਗਾਰ ਅਧਿਆਪਕਾਂ ਦੀਆਂ ਜਾਇਜ਼ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।