ਹੜ੍ਹ ਪੀੜਤਾਂ ਦੀ ਮਦਦ ਲਈ ਹਜ਼ਾਰ ਟਰੈਕਟਰ ਭੇਜੇਗੀ ਉਗਰਾਹਾਂ ਜਥੇਬੰਦੀ
ਮੀਟਿੰਗ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਸਕੱਤਰ ਜਗਤਾਰ ਸਿੰਘ ਕਾਲਾਝਾੜ ਅਤੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਯੂਨੀਅਨ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਨੂੰ ਪੰਜ ਜ਼ੋਨਾਂ ਵਿੱਚ ਵੰਡ ਕੇ ਉਨ੍ਹਾਂ ਤੱਕ ਲੋੜੀਦੀਆਂ ਸਾਰੀਆਂ ਚੀਜ਼ਾਂ, ਨਕਦੀ, ਰਾਸ਼ਨ, ਹਰਾ ਚਾਰਾ, ਦਵਾਈਆਂ ਅਤੇ ਕੱਪੜੇ ਦੇਣ ਅਤੇ ਜ਼ਮੀਨ ਪੱਧਰ ਕਰਕੇ ਕਣਕ ਬੀਜਣ ਤੱਕ ਦੀ ਵਿਉਂਤਬੰਦੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀ ਡਿਊਟੀ ਅੰਮ੍ਰਿਤਸਰ ਜ਼ਿਲ੍ਹੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਿੱਚ ਲਗਾਈ ਗਈ ਹੈ। ਉਨ੍ਹਾਂ ਦੱਸਿਆ ਕਿ ਪਿੰਡਾਂ ’ਚੋਂ ਵੱਖ ਵੱਖ ਟੀਮਾਂ ਬਣਾ ਕੇ ਜ਼ਿਲ੍ਹੇ ਦੇ ਆਗੂਆਂ ਦੀ ਕਮਾਂਡ ਹੇਠ ਕਿਸਾਨਾਂ ਦੇ ਖੇਤ ਵਿੱਚੋਂ ਗਾਰ ਰੇਤ ਕੱਢਣ ਅਤੇ ਜ਼ਮੀਨ ਹਾੜੀ ਦੀ ਫ਼ਸਲ ਤੱਕ ਤਿਆਰ ਕਰਨ ਵਾਸਤੇ 1000 ਟਰੈਕਟਰ ਸੰਗਰੂਰ ਜ਼ਿਲ੍ਹੇ ਤੋਂ ਭੇਜੇ ਜਾਣਗੇ। ਇਸ ਤੋਂ ਇਲਾਵਾ ਹਜ਼ਾਰਾਂ ਕੁਇੰਟਲ ਕਣਕ, ਹਰਾ ਚਾਰਾ, ਮਜ਼ਦੂਰਾਂ, ਕਿਸਾਨਾਂ ਅਤੇ ਗਰੀਬਾਂ ਲਈ ਭੇਜਣ ਦੀ ਵਿਉਂਤਬੰਦੀ ਕੀਤੀ ਗਈ ਹੈ।
ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ‘ਆਪ’ ਸਰਕਾਰ ਵੱਲੋਂ ਪੀੜਤਾਂ ਲਈ ਨਿਗੂਣਾ ਮੁਆਵਜ਼ਾ ਐਲਾਨ ਕੇ ਜ਼ਖਮਾਂ ’ਤੇ ਲੂਣ ਭੁੱਕਿਆ ਹੈ।
ਮੀਟਿੰਗ ਵਿੱਚ ਬਲਾਕ ਆਗੂ ਜਸਬੀਰ ਸਿੰਘ ਗੱਗੜਪੁਰ, ਸਤਵਿੰਦਰ ਸਿੰਘ ਘਰਾਚੋਂ, ਬਲਵਿੰਦਰ ਸਿੰਘ ਘਨੌੜ, ਗੁਰਚੇਤ ਸਿੰਘ ਭੱਟੀਵਾਲ, ਕਰਮ ਚੰਦ ਪੰਨਵਾਂ, ਗੁਰਦੇਵ ਸਿੰਘ ਆਲੋਅਰਖ, ਕੁਲਦੀਪ ਸਿੰਘ ਬਖੋਪੀਰ, ਕਸ਼ਮੀਰ ਸਿੰਘ ਆਲੋਅਰਖ ਅਤੇ ਰਘਵੀਰ ਸਿੰਘ ਘਰਾਚੋਂ ਸਮੇਤ ਸਾਰੀਆਂ ਪਿੰਡ ਇਕਾਈਆਂ ਦੇ ਪ੍ਰਧਾਨ ਸਕੱਤਰ ਸ਼ਾਮਲ ਸਨ।