ਸੜਕ ਹਾਦਸੇ ’ਚ ਦੋ ਨੌਜਵਾਨ ਹਲਾਕ; ਤਿੰਨ ਜ਼ਖ਼ਮੀ
ਦਿੱਲੀ-ਲੁਧਿਆਣਾ ਕੌਮੀ ਮਾਰਗ ’ਤੇ ਪਿੰਡ ਕਾਕੂਵਾਲਾ ਨੇੜੇ ਬੀਤੀ ਰਾਤ ਵਾਪਰੇ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਹੈ, ਜਦ ਕਿ ਤਿੰਨ ਹੋਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚੋਂ ਇੱਕ ਨੌਜਵਾਨ ਪਿੰਡ ਉਭਿਆ ਅਤੇ ਇੱਕ ਦਿੜ੍ਹਬਾ ਦਾ ਦੱਸਿਆ ਜਾ ਰਿਹਾ ਹੈ ਅਤੇ ਸਾਰੇ ਨੌਜਵਾਨਾਂ ਦੀ ਉਮਰ 20 ਤੋਂ 22 ਸਾਲਾਂ ਦੇ ਦਰਮਿਆਨ ਦੱਸੀ ਜਾ ਰਹੀ ਹੈ। ਹਾਦਸਾ ਤੋਂ ਤੁਰੰਤ ਬਾਅਦ ਗੱਡੀ ’ਚ ਧਮਾਕਾ ਹੋਇਆ।
ਮੌਕੇੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਨੌਜਵਾਨ ਦਿੜ੍ਹਬਾ ਤੋਂ ਪਾਤੜਾਂ ਜਾ ਰਹੇ ਸੀ ਕਿ ਪਿੰਡ ਕਾਕੂਵਾਲਾ ਨੇੜੇ ਬੀ ਐੱਮ ਡਬਲਿਊ ਗੱਡੀ ਕੈਂਟਰ ਨਾਲ ਟਕਰਾ ਗਈ। ਹਾਦਸੇ ’ਚ ਦੋ ਨੌਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ, ਜਦਕਿ ਤਿੰਨ ਨੌਜਵਾਨਾਂ ਨੂੰ ਪਾਤੜਾਂ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੋਂ ਉਨ੍ਹਾਂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫਰ ਕਰ ਦਿੱਤਾ ਗਿਆ।
ਮੌਕੇ ’ਤੇ ਮੌਜੂਦ ਮੁਤਾਬਕ ਬੀ ਐੱਮ ਡਬਲਿਊ ਗੱਡੀ ਦੀ ਰਫਤਾਰ ਇੰਨੀ ਤੇਜ਼ ਸੀ ਕਿ ਉਹ ਕੈਂਟਰ ਨਾਲ ਟਕਰਾਉਣ ਤੋਂ ਬਾਅਦ ਕਈ ਪਲਟੀਆਂ ਖਾ ਕੇ ਡਿਵਾਈਡਰ ਦੇ ਦੂਜੇ ਪਾਸੇ ਜਾ ਡਿੱਗੀ। ਲੋਕਾਂ ਨੇ ਬੜੀ ਮੁਸ਼ਕਲ ਨਾਲ ਨੌਜਵਾਨਾਂ ਨੂੰ ਗੱਡੀ ’ਚੋਂ ਬਾਹਰ ਕੱਢਿਆ। ਇਸ ਮਗਰੋਂ ਗੱਡੀ ਨੂੰ ਅੱਗ ਲੱਗ ਗਈ।
ਥਾਣਾ ਦਿੜ੍ਹਬਾ ਦੇ ਐੱਸ ਐੱਚ ਓ ਕਮਲਦੀਪ ਸਿੰਘ ਨੇ ਦੱਸਿਆ ਕਿ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ ’ਤੇ ਕੇਸ ਦਰਜ ਕਰਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਰਾਜਪੁਰਾ: ਹਾਦਸਿਆਂ ’ਚ ਦੋ ਦੀ ਮੌਤ
ਰਾਜਪੁਰਾ (ਦਰਸ਼ਨ ਸਿੰਘ ਮਿੱਠਾ): ਰਾਜਪੁਰਾ ਖੇਤਰ ਵਿੱਚ ਵਾਪਰੇ ਦੋ ਵੱਖ-ਵੱਖ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਜ਼ਖ਼ਮੀ ਹੋ ਗਏ। ਪਹਿਲੀ ਘਟਨਾ ਵਿੱਚ ਸ਼ੁਭਮ ਪੁੱਤਰ ਹਰਜੀਤ ਸਿੰਘ ਵਾਸੀ ਨਿਊ ਹਰਗੋਬਿੰਦ ਨਗਰ ਆਪਣੇ ਮਾਮੇ ਦੇ ਪੁੱਤ ਜਤਿਨ ਵਰਮਾ ਨਾਲ ਮੋਟਰਸਾਈਕਲ ’ਤੇ ਏਕਤਾ ਕਲੋਨੀ ਵੱਲ ਜਾ ਰਿਹਾ ਸੀ, ਕਿ ਟਰੱਕ ਡਰਾਈਵਰ ਨੇ ਲਾਪ੍ਰਵਾਹੀ ਨਾਲ ਕੱਟ ਮਾਰਦਿਆਂ ਮੋਟਰਸਾਈਕਲ ਨੂੰ ਫੇਟ ਮਾਰੀ। ਹਾਦਸੇ ਵਿੱਚ ਸ਼ੁਭਮ ਜ਼ਖ਼ਮੀ ਹੋ ਗਿਆ ਅਤੇ ਜਤਿਨ ਵਰਮਾ ਦੀ ਮੌਕੇ ’ਤੇ ਮੌਤ ਹੋ ਗਈ। ਸ਼ੁਭਮ ਦੇ ਬਿਆਨਾਂ ’ਤੇ ਪੁਲੀਸ ਨੇ ਟਰੱਕ ਡਰਾਈਵਰ ਅਜਮੇਰ ਸਿੰਘ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਸ਼ਾਮਦੂ ਖ਼ਿਲਾਫ਼ ਥਾਣਾ ਰਾਜਪੁਰਾ ਵਿੱਚ ਕੇਸ ਦਰਜ ਕਰ ਲਿਆ ਹੈ। ਦੂਜਾ ਹਾਦਸਾ ਥਾਣਾ ਸ਼ੰਭੂ ਦੇ ਇਲਾਕੇ ’ਚ ਵਾਪਰਿਆ, ਜਿੱਥੇ ਅਵਦੇਸ਼ ਕੁਮਾਰ ਪੁੱਤਰ ਸ਼ਿਵ ਕੁਮਾਰ ਵਾਸੀ ਬਹਿਰਾਈਜ (ਯੂ ਪੀ) ਆਪਣੇ ਸਾਥੀ ਅਸ਼ੋਕ ਕੁਮਾਰ ਨਾਲ ਨਾਮਧਾਰੀ ਪੈਟਰੋਲ ਪੰਪ ਨੇੜੇ ਪੈਦਲ ਜਾ ਰਿਹਾ ਸੀ। ਅਣਪਛਾਤੇ ਕਰੇਨ ਡਰਾਈਵਰ ਨੇ ਲਾਪ੍ਰਵਾਹੀ ਨਾਲ ਦੋਵਾਂ ਨੂੰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਅਵਦੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਅਸ਼ੋਕ ਕੁਮਾਰ ਗੰਭੀਰ ਜ਼ਖ਼ਮੀ ਹੋ ਗਿਆ। ਅਵਦੇਸ਼ ਦੇ ਮਾਮੇ ਚੰਦਰ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸ਼ੰਭੂ ਦੀ ਪੁਲੀਸ ਨੇ ਅਣਪਛਾਤੇ ਕਰੇਨ ਡਰਾਈਵਰ ਖ਼ਿਲਾਫ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
