ਮਾਝੀ ਪਿੰਡ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਜਣੇ ਥਾਰ ਸਣੇ ਕਾਬੂ
ਕੁੱਝ ਦਿਨ ਪਹਿਲਾਂ ਨੇੜਲੇ ਪਿੰਡ ਮਾਝੀ ਦੇ ਇੱਕ ਘਰ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਦੋ ਚੋਰਾਂ ਨੂੰ ਭਵਾਨੀਗੜ੍ਹ ਪੁਲੀਸ ਵੱਲੋਂ ਥਾਰ ਤੇ ਹੋਰ ਸਾਮਾਨ ਸਮੇਤ ਕਾਬੂ ਕੀਤਾ ਗਿਆ। ਮਾਮਲੇ ਦੀ ਜਾਂਚ ਕਰਨ ਵਾਲੇ ਪੁਲੀਸ ਅਧਿਕਾਰੀਆਂ ਸਬ ਇੰਸਪੈਕਟਰ ਦਮਨਦੀਪ ਸਿੰਘ ਅਤੇ ਹੈੱਡ ਕਾਂਸਟੇਬਲ ਗੁਰਜਿੰਦਰ ਸਿੰਘ ਨੇ ਦੱਸਿਆ ਕਿ 7 ਸਤੰਬਰ ਨੂੰ ਪਿੰਡ ਮਾਝੀ ਵਿਖੇ ਇਕ ਘਰ ਵਿੱਚੋਂ ਥਾਰ, ਗਹਿਣੇ ਅਤੇ ਹੋਰ ਸਮਾਨ ਚੋਰੀ ਹੋਣ ਦੀ ਘਟਨਾ ਵਾਪਰੀ ਸੀ। ਇਸ ਸਬੰਧੀ ਡੀ.ਐੱਸ.ਪੀ ਰਾਹੁਲ ਕੌਸ਼ਲ ਅਤੇ ਥਾਣਾ ਮੁਖੀ ਸਬ ਇੰਸਪੈਕਟਰ ਅਵਤਾਰ ਸਿੰਘ ਦੀ ਅਗਵਾਈ ਹੇਠ ਸਬ ਇੰਸਪੈਕਟਰ ਦਮਨਦੀਪ ਸਿੰਘ, ਹੈਡ ਕਾਂਸਟੇਬਲ ਗੁਰਜਿੰਦਰ ਸਿੰਘ, ਥਾਣੇ ਦੇ ਮੁੱਖ ਮੁਨਸ਼ੀ ਜਗਸੀਰ ਸਿੰਘ ਅਤੇ ਅਸ਼ਵਨੀ ਕੁਮਾਰ ਆਈ.ਟੀ ਸੈੱਲ ਅਧਾਰਿਤ ਇੱਕ ਟੀਮ ਦਾ ਗਠਨ ਕੀਤਾ ਗਿਆ ਸੀ।
ਟੀਮ ਵੱਲੋਂ ਚੋਰੀ ਦੀ ਇਸ ਘਟਨਾ ਨੂੰ ਜਾਣਕਾਰੀ ਲੈਣ ਲਈ ਪਿੰਡ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਨੂੰ ਖੰਘਾਲਿਆ ਗਿਆ ਤਾਂ ਚੋਰ ਗਰੋਹ ਦੇ ਦੋ ਮੈਂਬਰਾਂ ਨੂੰ ਕਾਬੂ ਕੀਤਾ ਗਿਆ। ਇਸ ਚੋਰੀ ਦੀ ਘਟਨਾ ਨੂੰ ਪਿੰਡ ਮਾਝੀ ਵਿਖੇ ਹੀ ਫੋਟੋਗ੍ਰਾਫੀ ਦੀ ਦੁਕਾਨ ਕਰਨ ਵਾਲੇ ਬਿੱਕਰ ਸਿੰਘ ਉਰਫ ਵਿੱਕੀ ਵੱਲੋਂ ਆਪਣੀ ਮਾਸੀ ਦੇ ਲੜਕੇ ਗੁਰਦੀਪ ਸਿੰਘ ਵਾਸੀ ਪਿੰਡ ਕੁਲਾਰਾਂ ਨਾਲ ਮਿਲ ਦੇ ਅੰਜਾਮ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਬਿੱਕਰ ਸਿੰਘ ਨੂੰ ਪਤਾ ਸੀ ਇਸ ਘਰ ਵਿਚ ਬਜ਼ੁਰਗ ਮਹਿਲਾ ਇਕੱਲੀ ਰਹਿੰਦੀ ਹੈ ਅਤੇ ਉਹ ਕਈ ਦਿਨਾਂ ਤੋਂ ਘਰੋਂ ਗਈ ਹੋਈ ਹੈ।